ਚੰਡੀਗੜ੍ਹ,23 ਅਕਤੂਬਰ, Gee98 News service
–ਪੰਜਾਬ ਦੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਅਕਸਰ ਇਹ ਸ਼ਿਕਾਇਤ ਰਹਿੰਦੀ ਹੈ ਕਿ ਜਦ ਵੀ ਉਹ ਕਿਸੇ ਦਫ਼ਤਰ ਵਿੱਚ ਜਾਂਦੇ ਹਨ ਤਾਂ ਉਥੋਂ ਦੇ ਮੁਲਾਜ਼ਮ ਉਹਨਾਂ ਨੂੰ ਆਪਣਾ ਕੰਮ ਕਾਰ ਛੱਡ ਕੇ ਸਾਸਰੀ ਕਾਲ ਨਹੀਂ ਬੁਲਾਉਂਦੇ ਅਤੇ ਉਨਾਂ ਦਾ ਸਤਿਕਾਰ ਨਹੀਂ ਕਰਦੇ ਅਤੇ ਉਹਨਾਂ ਦੀ ਪੂਰੀ ਆਓ ਭਗਤ ਨਹੀਂ ਕਰਦੇ। ਸੱਤਾਧਾਰੀ ਵਿਧਾਇਕਾਂ ਵੱਲੋਂ ਅਜਿਹੇ ਮਾਮਲਿਆਂ ਵਿੱਚ ਕਈ ਮੁਲਾਜ਼ਮਾਂ ਦੀਆਂ ਪਹਿਲਾਂ ਵੀ ਸ਼ਿਕਾਇਤਾਂ ਕੀਤੀਆਂ ਗਈਆਂ ਹਨ ਅਤੇ ਹੁਣ ਇੱਕ ਤਾਜ਼ਾ ਮਾਮਲਾ ਫਰੀਦਕੋਟ ਜ਼ਿਲ੍ਹੇ ਨਾਲ ਸੰਬੰਧਿਤ ਸਾਹਮਣੇ ਆਇਆ ਹੈ। ਫਰੀਦਕੋਟ ਜ਼ਿਲ੍ਹੇ ਦੇ ਸਰਕਾਰੀ ਪ੍ਰਾਈਮਰੀ ਸਕੂਲ ਗੋਂਦਾਰਾ ਦੇ ਅਧਿਆਪਕਾਂ ਦੀ ਸੱਤਾਧਾਰੀ ਵਿਧਾਇਕ ਅਮੋਲਕ ਸਿੰਘ ਨੇ ਪੰਜਾਬ ਦੇ ਸਪੀਕਰ ਨੂੰ ਲਿਖਤੀ ਤੌਰ ‘ਤੇ ਸ਼ਿਕਾਇਤ ਕੀਤੀ ਹੈ ਕਿ ਜਦ ਉਹ ਮਿਤੀ 17-9-2024 ਨੂੰ ਸਕੂਲ ਦੀ ਚੈਕਿੰਗ ਲਈ ਗਏ ਤਾਂ ਮੁੱਖ ਅਧਿਆਪਕ ਹਰਵਿੰਦਰ ਸਿੰਘ ਗ਼ੈਰ ਹਾਜ਼ਰ ਪਾਏ ਗਏ ਅਤੇ ਅਧਿਆਪਕ ਸ੍ਰੀਮਤੀ ਪਰਮਜੀਤ ਕੌਰ, ਗੀਤਾ ਰਾਣੀ, ਕੁਲਵਿੰਦਰ ਕੌਰ ਤੇ ਸਟਾਫ਼ ਡਿਊਟੀ ‘ਤੇ ਹਾਜ਼ਰ ਸਨ। ਵਿਧਾਇਕ ਸਾਹਿਬ ਨੇ ਸਪੀਕਰ ਸਾਹਿਬ ਨੂੰ ਲਿਖਤੀ ਸ਼ਿਕਾਇਤ ਕੀਤੀ ਕਿ ਇਹਨਾਂ ਅਧਿਆਪਕਾਂ ਨੇ ਆਪਣੀਆਂ ਕਲਾਸਾਂ ਛੱਡ ਕੇ ਆਪਣੇ ਕਮਰਿਆਂ ਵਿੱਚੋਂ ਬਾਹਰ ਆ ਕੇ ਉਹਨਾਂ ਨੂੰ ਰਿਸੀਵ ਨਹੀਂ ਕੀਤਾ ਅਤੇ ਸਾਸਰੀ ਕਾਲ ਨਹੀਂ ਬੁਲਾਈ। ਵਿਧਾਇਕ ਦੀ ਸ਼ਿਕਾਇਤ ਤੋਂ ਬਾਅਦ ਸਪੀਕਰ ਨੇ ਸਿੱਖਿਆ ਵਿਭਾਗ ਦੇ ਰਾਹੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਫਰੀਦਕੋਟ ਨੂੰ ਲਿਖਤੀ ਹਿਦਾਇਤ ਕਰਕੇ ਬੀਤੇ ਕੱਲ੍ਹ ਵਿਧਾਨ ਸਭਾ ਸਪੀਕਰ ਦੇ ਚੈਂਬਰ ਵਿੱਚ ਤਲਬ ਕੀਤਾ, ਜਿਸ ਸਬੰਧੀ ਸਪੀਕਰ ਦਾ ਫੈਸਲਾ ਅਜੇ ਸਾਹਮਣੇ ਨਹੀਂ ਆਇਆ। ਇਹ ਮਾਮਲਾ ਕਾਫੀ ਸੁਰਖੀਆਂ ਵਿੱਚ ਬਣਿਆ ਹੋਇਆ ਹੈ। ਇਸ ਸਬੰਧੀ ਕੁਝ ਅਧਿਆਪਕ ਜਥੇਬੰਦੀਆਂ ਨੇ ਆਗੂਆਂ ਨੇ ਕਿਹਾ ਕਿ ਇਹ ਮਾਮਲਾ ਐਨਾ ਵੱਡਾ ਨਹੀਂ ਜਿੰਨਾ ਬਣਾ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਵਿਧਾਇਕ ਨੂੰ ਅਧਿਆਪਕਾਂ ਦੀ ਸ਼ਿਕਾਇਤ ਸਪੀਕਰ ਕੋਲ ਨਹੀਂ ਕਰਨੀ ਚਾਹੀਦੀ ਸੀ, ਸਗੋਂ ਜੇਕਰ ਵਿਧਾਇਕ ਸਾਹਿਬ ਦੇ ਸਤਿਕਾਰ ਵਿੱਚ ਕੋਈ ਕਮੀ ਰਹਿ ਵੀ ਗਈ ਹੋਵੇਗੀ ਤਾਂ ਇਹ ਮਾਮਲਾ ਜ਼ਿਲ੍ਹਾ ਸਿੱਖਿਆ ਅਫਸਰ ਜਾਂ ਡਿਪਟੀ ਕਮਿਸ਼ਨਰ ਤੱਕ ਹੀ ਸੀਮਤ ਰਹਿਣਾ ਚਾਹੀਦਾ ਸੀ। ਇੱਕ ਅਧਿਆਪਕ ਆਗੂ ਨੇ ਕਿਹਾ ਕਿ ਇਹ ਮੰਨਣ ਯੋਗ ਨਹੀਂ ਹੈ ਕਿ ਪੜ੍ਹੀ ਲਿਖੀ ਜਮਾਤ ਨੇ ਸਕੂਲ ਵਿੱਚ ਵਿਧਾਇਕ ਦੇ ਆਉਣ ‘ਤੇ ਉਹਨਾਂ ਦਾ ਸਤਿਕਾਰ ਨਹੀਂ ਕੀਤਾ ਹੋਵੇਗਾ। ਉਪਰੋਕਤ ਮਾਮਲੇ ਤੋਂ ਇਹ ਤਾਂ ਸਪੱਸ਼ਟ ਹੈ ਕਿ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਦੇ ਤੌਰ ਤਰੀਕਿਆਂ ਵਿੱਚ ਬਦਲਾਅ ਦਾ ਵਾਅਦਾ ਕਰਕੇ ਸੱਤਾ ਵਿੱਚ ਆਏ ਨਵੇਂ ਨੇਤਾ ਖੁਦ ਹੀ ਬਦਲਾਅ ਦਾ ਸ਼ਿਕਾਰ ਹੋ ਗਏ ਹਨ।










