ਚੰਡੀਗੜ੍ਹ,10 ਨਵੰਬਰ, Gee98 news service
-ਕੁਝ ਦਿਨ ਪਹਿਲਾਂ ਲੁਧਿਆਣਾ ਵਿਖੇ ਹੋਏ ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਸੰਗਰੂਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਸਰਪੰਚ ਨੇ ਪੁਲਿਸ ਦੀ ਹੱਥਕੜੀ ਲਗਾ ਕੇ ਸਹੁੰ ਚੁੱਕੀ। ਇਹ ਮਾਮਲਾ ਸੁਣਨ ਵਿੱਚ ਅਜੀਬ ਜਿਹਾ ਲੱਗਦਾ ਹੈ ਪ੍ਰੰਤੂ ਇਹ ਸੱਚ ਹੈ ਕਿ ਜਦੋਂ ਕੁਝ ਪੁਲਿਸ ਮੁਲਾਜ਼ਮਾਂ ਦੀ ਹਿਰਾਸਤ ਵਿੱਚ ਇੱਕ ਵਿਅਕਤੀ ਹੱਥਕੜੀ ਸਮੇਤ ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਿਲ ਹੋਇਆ ਤਾਂ ਉਸਨੇ ਸਾਰੇ ਲੋਕਾਂ ਦਾ ਧਿਆਨ ਖਿੱਚਿਆ। ਸੰਗਰੂਰ ਦੇ ਲਹਿਰਾਗਾਗਾ ਬਲਾਕ ਦੇ ਪਿੰਡ ਰਾਏਧਰਾਣਾ ਦੇ ਸਰਪੰਚ ਚੁਣੇ ਗਏ ਗੁਰਜੀਤ ਸਿੰਘ ਫੌਜੀ ਨੇ ਪੁਲਿਸ ਹਿਰਾਸਤ ਵਿੱਚ ਆ ਕੇ ਸਮੇਤ ਹੱਥਕੜੀ ਸਹੁੰ ਚੁੱਕੀ। ਦਰਅਸਲ, ਗੁਰਜੀਤ ਸਿੰਘ ਐਨਡੀਪੀਐਸ ਦੇ ਇੱਕ ਮਾਮਲੇ ਵਿੱਚ ਸੰਗਰੂਰ ਜੇਲ੍ਹ ਵਿੱਚ ਬੰਦ ਹੈ ਅਤੇ ਉਸਨੇ ਜੇਲ੍ਹ ਵਿੱਚੋਂ ਸਰਪੰਚੀ ਦੀ ਚੋਣ ਲੜੀ ਅਤੇ 625 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਉਸਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਸਨੂੰ ਝੂਠੇ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਹ ਉਸਦੇ ਖਿਲਾਫ਼ ਦਰਜ ਐਫਆਈਆਰ ਨੂੰ ਜਲਦੀ ਹੀ ਅਦਾਲਤ ਵਿੱਚ ਚੁਣੌਤੀ ਦੇਣਗੇ। ਸਰਪੰਚ ਗੁਰਜੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਉਸ ਦੇ ਖਿਲਾਫ਼ ਝੂਠਾ ਮੁਕੱਦਮਾ ਦਰਜ ਕਰਨ ਤੋਂ ਬਾਅਦ ਸਮੁੱਚੇ ਪਿੰਡ ਵਿੱਚ ਰੋਸ ਦੀ ਲਹਿਰ ਸੀ ਅਤੇ ਪਿੰਡ ਵਾਲਿਆਂ ਨੇ ਉਸ ਨੂੰ ਜੇਲ੍ਹ ਵਿੱਚ ਬੈਠੇ ਹੀ ਸਰਪੰਚੀ ਦੀ ਚੋਣ ਜਿਤਾ ਦਿੱਤੀ।










