Skip to main content

Gee 98News

ਆਪਣੀ ਤੀਜੀ ਪੀੜ੍ਹੀ ਨੂੰ ਟਿਕਟ ਦੇਣ ਵਾਲੇ ਸਿਮਰਨਜੀਤ ਸਿੰਘ ਮਾਨ ਨੇ ਪਰਿਵਾਰਵਾਦ ਦੀ ਰਾਜਨੀਤੀ ਸਬੰਧੀ ਸਵਾਲ ਦਾ ਦਿੱਤਾ ਗੋਲਮੋਲ ਜਵਾਬ

  • ਮੁਗਲ ਬਾਦਸ਼ਾਹਾਂ ਦੇ ਵੰਸ਼ ਦੀ ਉਦਾਹਰਨ ਦੇ ਕੇ ਆਪਣੇ ਦੋਹਤੇ ਨੂੰ ਟਿਕਟ ਦੇਣ ਦਾ ਫੈਸਲਾ ਸਹੀ ਠਹਿਰਾਇਆ
    ਬਰਨਾਲਾ,11 ਨਵੰਬਰ (ਨਿਰਮਲ ਸਿੰਘ ਪੰਡੋਰੀ)-
    -ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਪਾਰਟੀ ਲਈ ਕਈ ਵਰ੍ਹਿਆਂ ਤੱਕ ਵਫ਼ਾਦਾਰੀ ਅਤੇ ਮਿਹਨਤ ਨਾਲ ਕੰਮ ਕਰਨ ਵਾਲੇ ਆਗੂਆਂ ਤੇ ਵਰਕਰਾਂ ਨੂੰ ਸਮਾਂ ਆਉਣ ‘ਤੇ ਬਣਦਾ ਮਾਣ ਸਤਿਕਾਰ ਦੇਣ ਦੀ ਰਾਜਨੀਤੀ ਨੂੰ ਮਾਨਤਾ ਦੇਣ ਦੀ ਬਜਾਏ ਪਰਿਵਾਰਵਾਦ ਦੀ ਰਾਜਨੀਤੀ ਨੂੰ ਸਵੀਕਾਰ ਕਰ ਲਿਆ ਹੈ। ‌ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਪਾਰਟੀ ਉਮੀਦਵਾਰ ਗੋਵਿੰਦ ਸਿੰਘ ਸੰਧੂ ਦੇ ਸਥਾਨਿਕ ਦਫਤਰ ਵਿੱਚ ਜਦੋਂ ਸਿਮਰਨਜੀਤ ਸਿੰਘ ਮਾਨ ਨੂੰ ਪੱਤਰਕਾਰਾਂ ਨੇ ਪਰਿਵਾਰਵਾਦ ਦੀ ਰਾਜਨੀਤੀ ਸੰਬੰਧੀ ਸਵਾਲ ਕੀਤਾ ਤਾਂ ਸਰਦਾਰ ਮਾਨ ਨੇ ਹੈਰਾਨੀਜਨਕ ਜਵਾਬ ਦਿੰਦੇ ਹੋਏ ਮੁਗਲ ਬਾਦਸ਼ਾਹਾਂ ਵੱਲੋਂ ‌ ਆਪਣੇ ਆਪਣੇ ਵੰਸ਼ ਨੂੰ ਅੱਗੇ ਵਧਾਉਣ ਦੀਆਂ ਉਦਾਹਰਨਾਂ ਦਿੱਤੀਆਂ। ‌ ਸਰਦਾਰ ਮਾਨ ਨੇ ਕਿਹਾ ਕਿ ਜਿਵੇਂ ਬਾਬਰ ਨੇ ਆਪਣੇ ਪੁੱਤਰ ਹਿਮਾਯੂੰ ਨੂੰ ਬਾਦਸ਼ਾਹ ਬਣਾਇਆ ਸੀ, ਫਿਰ ਉਸ ਤੋਂ ਬਾਅਦ ਹਿਮਾਯੂੰ ਨੇ ਅਕਬਰ ਨੂੰ ਬਣਾਇਆ ਸੀ, ਅਕਬਰ ਨੇ ਜਹਾਂਗੀਰ ਨੂੰ ਬਣਾਇਆ ਸੀ, ਜਹਾਂਗੀਰ ਨੇ ਸ਼ਾਹਜਹਾ ਬਣਾਇਆ ਸੀ ਅਤੇ ਫਿਰ ਸ਼ਾਹਜਹਾਂ ਨੇ ਔਰੰਗਜ਼ੇਬ ਨੂੰ ਬਣਾਇਆ ਸੀ, ਉਸੇ ਤਰ੍ਹਾਂ ਜੇ ਕਿਸੇ ਵਿੱਚ ਕੋਈ ਕਾਬਲੀਅਤ ਹੈ ਤਾਂ ਉਥੇ ਪਰਿਵਾਰਵਾਦ ਦਾ ਕੋਈ ਸਵਾਲ ਹੀ ਨਹੀਂ ਹੁੰਦਾ। ਦੱਸ ਦੇਈਏ ਕਿ ਵਿਧਾਨ ਸਭਾ ਦੀ ਜ਼ਿਮਨੀ ਚੋਣ ਲਈ ਸਿਮਰਨਜੀਤ ਸਿੰਘ ਮਾਨ ਨੇ ਆਪਣੀ ਤੀਜੀ ਪੀੜੀ ਆਪਣੇ ਦੋਹਤੇ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਜਦਕਿ ਬਰਨਾਲਾ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਗੁਰਬਾਣੀ, ਗੁਰਸਿੱਖੀ ਅਤੇ ਸਿੱਖੀ ਸਿਧਾਂਤਾਂ ਨੂੰ ਪ੍ਰਣਾਏ ਹੋਏ ਅਜਿਹੇ ਆਗੂ ਕਈ ਵਰ੍ਹਿਆਂ ਤੋਂ ਪਾਰਟੀ ਨਾਲ ਵਿਚਰ ਰਹੇ ਹਨ ਜਿਹੜੇ ਸਰਦਾਰ ਮਾਨ ਦੇ ਨਾਲ ਚੱਲ ਰਹੇ ਹਨ ਅਤੇ ਉਹਨਾਂ ਦੀ ਪਾਰਟੀ ਪ੍ਰਤੀ ਵਫਾਦਾਰੀ ਮੂੰਹੋਂ ਬੋਲ ਰਹੀ ਹੈ। ਜ਼ਿਕਰਯੋਗ ਹੈ ਕਿ ਆਪ ਦੇ ਬਾਗੀ ਉਮੀਦਵਾਰ ਗੁਰਦੀਪ ਸਿੰਘ ਬਾਠ ਵੱਲੋਂ ਜਦੋਂ ਆਪ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੂੰ ਮੈਂਬਰ ਪਾਰਲੀਮੈਂਟ ਮੀਤ ਹੇਅਰ ਦੀ ਮਾਸੀ ਦਾ ਮੁੰਡਾ ਕਹਿੰਦੇ ਹੋਏ ਪਰਿਵਾਰਵਾਦ ਦੀ ਰਾਜਨੀਤੀ ‘ਤੇ ਟਿੱਪਣੀ ਕੀਤੀ ਜਾ ਰਹੀ ਹੈ ਨਾਲ ਹੀ ਬਾਠ ਵੱਲੋਂ ਗਿੱਦੜਬਾਹਾ ਤੋਂ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਦੀ ਉਮੀਦਵਾਰੀ ਅਤੇ ਚੱਬੇਵਾਲ ਤੋਂ ਡਾਕਟਰ ਰਾਜ ਕੁਮਾਰ ਚੱਬੇਵਾਲ ਦੇ ਪੁੱਤਰ ਦੀ ਉਮੀਦਵਾਰੀ ਅਤੇ ਡੇਰਾ ਬਾਬਾ ਨਾਨਕ ਤੋਂ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਦੀ ਉਮੀਦਵਾਰੀ ਨੂੰ ਪਰਿਵਾਰਵਾਦ ਦੀ ਰਾਜਨੀਤੀ ਦੇ ਘੇਰੇ ‘ਚ ਲੈਂਦੇ ਹੋਏ ਯੋਗ ਆਗੂਆਂ ਤੇ ਵਰਕਰਾਂ ਦੇ ਹੱਕਾਂ ‘ਤੇ ਡਾਕਾ ਮਾਰਨ ਦੀ ਰਾਜਨੀਤੀ ਕਿਹਾ ਜਾ ਰਿਹਾ ਹੈ ਤਾਂ ਗੁਰਦੀਪ ਸਿੰਘ ਬਾਠ ਵੱਲੋਂ ਬਰਨਾਲਾ ਹਲਕੇ ‘ਚ ਗੋਵਿੰਦ ਸਿੰਘ ਸੰਧੂ ਨੂੰ ਵੀ ਸਿਮਰਨਜੀਤ ਸਿੰਘ ਮਾਨ ਦਾ ਦੋਹਤਾ ਹੋਣ ਦੇ ਨਾਤੇ ਟਿਕਟ ਮਿਲਣ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਸਰਦਾਰ ਮਾਨ ਵੱਲੋਂ ਪਰਿਵਾਰਵਾਦ ਦੀ ਰਾਜਨੀਤੀ ‘ਤੇ ਸਵਾਲ ਨੂੰ ਮੁਗਲ ਬਾਦਸ਼ਾਹਾਂ ਦੇ ਵੰਸ਼ ਦੀ ਰਾਜਨੀਤੀ ਨਾਲ ਜੋੜਨ ਦਾ ਤਰੀਕਾ ਵੀ ਸਮਝ ਤੋਂ ਪਰ੍ਹੇ ਹੈ। ਭਾਵੇਂ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਇੱਕੋ ਇੱਕ ਅਜਿਹੇ ਆਗੂ ਹਨ ਜਿਨਾਂ ਦੇ ਫੈਸਲੇ ‘ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਜਾਂਦਾ ਅਤੇ ਜੇਕਰ ਕੋਈ ਕਰਦਾ ਵੀ ਹੈ ਤਾਂ ਉਸ ਨੂੰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੇ ਸਥਾਨ ‘ਤੇ ਜਾਣਾ ਪੈਂਦਾ ਹੈ ਪ੍ਰੰਤੂ ਜੇਕਰ ਸਿਧਾਂਤਾਂ ਦੀ ਰਾਜਨੀਤੀ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਰਵਾਇਤੀ ਪਾਰਟੀਆਂ ਵਾਂਗ ਪੀੜੀਆਂ ਦੀ ਰਾਜਨੀਤੀ ਦੇ ਰਾਹ ‘ਤੇ ਪੈਣਾ ਹੈ ਤਾਂ ਰਾਜਨੀਤੀ ਵਿੱਚ “ਕਾਬਲੀਅਤ” ਦੇ ਕੋਈ ਮਾਇਨੇ ਨਹੀਂ ਰਹਿ ਜਾਂਦੇ ਕਿਉਂਕਿ ਜੇਕਰ ਰਵਾਇਤੀ ਪਾਰਟੀਆਂ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦੇ ਆਗੂਆਂ ਵੱਲੋਂ ਆਪਣੇ ਪੁੱਤਰਾਂ ਧੀਆਂ ਦੀ ਦੂਜੀ ਪੀੜੀ ਨੂੰ ਰਾਜਨੀਤੀ ‘ਚ ਉਤਾਰਨ ਵਾਂਗ ਸਰਦਾਰ ਮਾਨ ਆਪਣੇ ਪੁੱਤਰ ਇਮਾਨ ਸਿੰਘ ਮਾਨ ਦੀ ਦੂਜੀ ਪੀੜੀ ਤੱਕ ਹੀ ਸੀਮਤ ਰਹਿੰਦੇ ਤਾਂ ਵੱਖਰੀ ਗੱਲ ਸੀ ਪ੍ਰੰਤੂ ਸਰਦਾਰ ਮਾਨ ਨੇ ਆਪਣੀ ਤੀਜੀ ਪੀੜੀ ਨੂੰ ਰਾਜਨੀਤੀ ਦੇ ਅਖਾੜੇ ਵਿੱਚ ਉਤਾਰ ਕੇ ਪਰਿਵਾਰਵਾਦ ਦੀ ਰਾਜਨੀਤੀ ‘ਚ ਰਵਾਇਤੀ ਪਾਰਟੀਆਂ ਤੋਂ ਇੱਕ ਕਦਮ ਅੱਗੇ ਰੱਖ ਲਿਆ ਹੈ, ਜਿਸ ਦੀ ਚਰਚਾ ਹੋਣੀ ਸੁਭਾਵਿਕ ਹੈ ਕਿਉਂਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਸਿਧਾਂਤਾਂ ਦੇ ਪੱਕੇ ਅਤੇ ਸਟੈਂਡ ਵਾਲੇ ਆਗੂ ਮੰਨਿਆ ਜਾਂਦਾ ਹੈ ਪ੍ਰੰਤੂ ਪਰਿਵਾਰਵਾਦ ਦੀ ਰਾਜਨੀਤੀ ਅਤੇ ਸਿਧਾਂਤਾਂ ਦੀ ਰਾਜਨੀਤੀ ਦਾ ਕੋਈ ਆਪਸੀ ਮੇਲ ਨਹੀਂ ਹੈ।
error: Content is protected !!