ਚੰਡੀਗੜ੍ਹ,12 ਨਵੰਬਰ, Gee98 News service
-ਪੰਜਾਬ ‘ਚ ਆਮ ਆਦਮੀ ਕਲੀਨਿਕਾਂ ਦੇ ਨਾਮ ਬਦਲਣ ਦੇ ਰੇੜਕੇ ‘ਤੇ ਪੰਜਾਬ ਦੀ ਆਪ ਸਰਕਾਰ ਨੂੰ ਆਖਰ ਕੇਂਦਰ ਸਰਕਾਰ ਅੱਗੇ ਝੁਕਣਾ ਹੀ ਪਿਆ ਹੈ। ਪੰਜਾਬ ਸਰਕਾਰ ਸੂਬੇ ‘ਚ ਖੁੱਲੇ ਆਮ ਆਦਮੀ ਕਲੀਨਕਾਂ ਦਾ ਨਾਮ ਬਦਲਣ ਲਈ ਸਹਿਮਤ ਹੋ ਗਈ ਹੈ ਜਿਸ ਤੋਂ ਬਾਅਦ ਕਰੀਬ 870 ਕਲੀਨਕਾਂ ਵਿੱਚੋਂ 400 ਕਲੀਨਕਾਂ ਦਾ ਨਾਮ ਬਦਲਿਆ ਜਾਵੇਗਾ ਅਤੇ ਇਹਨਾਂ ਕਲੀਨਕਾਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਵੀ ਹਟਾ ਦਿੱਤੀ ਜਾਵੇਗੀ। ਹੁਣ ਇਹਨਾਂ ਕਲੀਨਿਕਾਂ ਦਾ ਨਾਮ ਬਦਲ ਕੇ ਆਯੂਸ਼ਮਾਨ ਆਰੋਗਿਆ ਕੇਂਦਰ ਰੱਖਿਆ ਜਾਵੇਗਾ। ਦੱਸ ਦੇਈਏ ਕਿ ਪੰਜਾਬ ‘ਚ ਆਪ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਕਲੀਨਕਾਂ ਦੀ ਸਥਾਪਨਾ ਕੀਤੀ ਗਈ ਸੀ। ਇਹਨਾਂ ਕਲੀਨਿਕਾਂ ਦੀਆਂ ਇਮਾਰਤਾਂ ਉੱਪਰ ਭਗਵੰਤ ਮਾਨ ਮੁੱਖ ਮੰਤਰੀ ਦੀ ਫੋਟੋ ਲਗਾਈ ਗਈ ਅਤੇ ਪੰਜਾਬ ਸਰਕਾਰ ਵੱਲੋਂ ਇਹਨਾਂ ਕਲੀਨਿਕਾਂ ਵਿੱਚ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਸਿਹਰਾ ਆਪਣੇ ਸਿਰ ‘ਤੇ ਲੈਣ ਦੇ ਦਾਅਵੇ ਕੀਤੇ ਗਏ ਸਨ ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਨੋਟਿਸ ਲੈਂਦੇ ਹੋਏ ਪੰਜਾਬ ਦੇ ਸਿਹਤ ਫੰਡ ਰੋਕ ਦਿੱਤੇ ਸਨ ਕਿਉਂਕਿ ਕੇਂਦਰ ਦਾ ਦਾਅਵਾ ਸੀ ਕਿ ਪੰਜਾਬ ਸਰਕਾਰ ਵੱਲੋਂ ਖੋਲੇ ਆਮ ਆਦਮੀ ਕਲੀਨਿਕਾਂ ਦਾ ਅਸਲ ਨਾਮ ਅਯੂਸਮਾਨ ਅਰੋਗਿਆ ਕੇਂਦਰ ਹੈ ਅਤੇ ਇਹਨਾਂ ਲਈ ਫੰਡ ਕੇਂਦਰ ਸਰਕਾਰ ਵੱਲੋਂ ਮੁਹੱਈਆ ਕਰਵਾਇਆ ਗਿਆ ਹੈ। ਕੇਂਦਰ ਦਾ ਇਹ ਵੀ ਦਾਅਵਾ ਹੈ ਕਿ ਇਹ ਸਕੀਮ ਸਿਰਫ ਪੰਜਾਬ ਵਿੱਚ ਹੀ ਨਹੀਂ ਬਲਕਿ ਮੁਲਕ ਦੇ ਸਾਰੇ ਰਾਜਾਂ ਵਿੱਚ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਲੋਕਾਂ ਨੂੰ ਘਰਾਂ ਦੇ ਨੇੜੇ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਕੇਂਦਰ ਵੱਲੋਂ ਫੰਡ ਰੋਕੇ ਜਾਣ ਤੋਂ ਬਾਅਦ ਜਦ ਪੰਜਾਬ ਨੇ ਫੰਡਾਂ ਦੀ ਮੰਗ ਕੀਤੀ ਤਾਂ ਕੇਂਦਰ ਨੇ ਦੋ ਟੁੱਕ ਸੁਣਾ ਦਿੱਤੀ ਕਿ ਪਹਿਲਾਂ ਨਿਯਮਾਂ ਅਨੁਸਾਰ ਆਮ ਆਦਮੀ ਕਲੀਨਿਕਾਂ ਦਾ ਨਾਮ ਬਦਲ ਕੇ ਆਯੂਸ਼ਮਾਨ ਆਰੋਗਿਆ ਕੇਂਦਰ ਰੱਖਿਆ ਜਾਵੇ ਪ੍ਰੰਤੂ ਪੰਜਾਬ ਨੇ ਨਾਮ ਬਦਲਣ ਸਬੰਧੀ ਕੋਰੀ ਨਾਂਹ ਕਰ ਦਿੱਤੀ ਸੀ । ਹੁਣ ਜਦੋਂ ਕਿ ਫੰਡਾਂ ਦੀ ਘਾਟ ਕਾਰਨ ਪੰਜਾਬ ‘ਚ ਸਿਹਤ ਸੇਵਾਵਾਂ ਵਿਗੜੀਆਂ ਹੋਈਆਂ ਹਨ ਤਾਂ ਪੰਜਾਬ ਸਰਕਾਰ ਨੂੰ ਆਮ ਆਦਮੀ ਕਲੀਨਕਾਂ ਦੇ ਕੇਂਦਰੀ ਨਿਯਮਾਂ ਨੂੰ ਮੰਨਣ ਲਈ ਮਜ਼ਬੂਰ ਹੋਣਾ ਪਿਆ ਹੈ ਜਿਸ ਤਹਿਤ ਹੁਣ ਇਹਨਾਂ ਕਲੀਨਿਕਾਂ ਦਾ ਨਾਮ ਬਦਲਿਆ ਜਾਵੇਗਾ ਤੇ ਇਹਨਾਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਵੀ ਹਟਾ ਦਿੱਤੀ ਜਾਵੇਗੀ। ਦੂਜੇ ਪਾਸੇ ਪੰਜਾਬ ਦੀ ਸਹਿਮਤੀ ਤੋਂ ਬਾਅਦ ਕੇਂਦਰ ਨੇ NHM ਦੇ ਫੰਡ ਜਾਰੀ ਕਰਨ ਦੀ ਸਹਿਮਤੀ ਪ੍ਰਗਟ ਦਿੱਤੀ ਹੈ ਪ੍ਰੰਤੂ ਕੇਂਦਰ ਵੱਲੋਂ ਪੁਰਾਣੇ ਫੰਡਾਂ ਦੀ ਬਜਾਏ ਨਵੇਂ ਫੰਡ ਜਾਰੀ ਕੀਤੇ ਜਾਣਗੇ।









