ਚੰਡੀਗੜ੍ਹ,22 ਨਵੰਬਰ, Gee98 news service
-ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਆਪਣਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। ਪਾਰਟੀ ਵੱਲੋਂ ਵਿਧਾਇਕ ਅਮਨ ਅਰੋੜਾ ਨੂੰ ਸੂਬਾ ਪ੍ਰਧਾਨ ਅਤੇ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਉਪ ਪ੍ਰਧਾਨ ਬਣਾਇਆ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੂਬਾ ਪ੍ਰਧਾਨਗੀ ਦੀ ਜਿੰਮੇਵਾਰੀ ਭਗਵੰਤ ਮਾਨ ਕੋਲ ਸੀ ਪਰ ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪ੍ਰਧਾਨਗੀ ਛੱਡਣ ਦੀ ਇੱਛਾ ਜ਼ਾਹਿਰ ਕੀਤੀ ਸੀ। ਪੰਜਾਬ ‘ਚ ਆਪ ਵੱਲੋਂ ਨਵਾਂ ਪ੍ਰਧਾਨ ਨਿਯੁਕਤ ਕਰਨ ਤੋਂ ਬਾਅਦ ਪਾਰਟੀ ਦੀਆ ਅੰਦਰੂਨੀ ਸਰਗਰਮੀਆਂ ਸਬੰਧੀ ਇੱਕ ਵਾਰ ਫੇਰ ਚਰਚਾ ਸ਼ੁਰੂ ਹੋ ਗਈ ਹੈ। ਪਿਛਲੇ ਕੁਝ ਸਮੇਂ ਤੋਂ ਇਹ ਚਰਚਾ ਜ਼ੋਰਾਂ ‘ਤੇ ਹੈ ਕਿ ਆਮ ਆਦਮੀ ਪਾਰਟੀ ਦੀ ਕੌਮੀ ਲੀਡਰਸ਼ਿਪ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਚਕਾਰ “ਸਭ ਅੱਛਾ ਨਹੀਂ” ਹੈ। ਪਾਰਟੀ ਦੇ ਅੰਦਰੂਨੀ ਸੂਤਰਾਂ ਅਨੁਸਾਰ ਪੰਜਾਬ ‘ਚ ਦਿੱਲੀ ਤੋਂ ਲਿਆ ਕੇ ਮਹੱਤਵਪੂਰਨ ਅਹੁਦਿਆਂ ‘ਤੇ ਕੀਤੀਆਂ ਨਿਯੁਕਤੀਆਂ ਦੇ ਕਾਰਨ ਭਗਵੰਤ ਮਾਨ ਖੁਸ਼ ਨਹੀਂ ਹਨ ਭਾਵੇਂ ਕਿ ਇਹਨਾਂ ਨਿਯੁਕਤੀਆਂ ਸਬੰਧੀ ਭਗਵੰਤ ਮਾਨ ਵੱਲੋਂ ਖੁੱਲ ਕੇ ਕੁਝ ਕਿਹਾ ਵੀ ਨਹੀਂ ਜਾ ਰਿਹਾ ਪ੍ਰੰਤੂ ਇਹਨਾਂ ਨਿਯੁਕਤੀਆਂ ‘ਤੇ ਕਾਬਜ਼ ਕੀਤੇ ਚਿਹਰੇ ਆਪਣੇ ਆਪ ਹੀ ਸਾਰੀ ਗਾਥਾ ਬਿਆਨ ਕਰਦੇ ਹਨ ਕਿ ਇਹਨਾਂ ਨਿਯੁਕਤੀਆਂ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੌਮੀ ਲੀਡਰਸ਼ਿਪ ਵੱਲੋਂ ਅੱਖੋਂ ਪਰੋਖੇ ਕੀਤਾ ਗਿਆ ਹੈ। ਚਰਚਾ ਤਾਂ ਇਹ ਵੀ ਹੋਈ ਸੀ ਕਿ ਜਦੋਂ ਭਗਵੰਤ ਮਾਨ ਨੇ ਪ੍ਰਧਾਨਗੀ ਦਾ ਅਹੁਦਾ ਖੁਦ ਛੱਡਣ ਲਈ ਪੋਸਟ ਪਾਈ ਸੀ ਤਾਂ ਉਸ ਤੋਂ ਪਹਿਲਾਂ ਭਗਵੰਤ ਮਾਨ ਨੂੰ ਇਸ ਗੱਲ ਦੀ ਭਿਣਕ ਲੱਗ ਚੁੱਕੀ ਸੀ ਕਿ ਕੌਮੀ ਲੀਡਰਸ਼ਿਪ ਸੂਬੇ ਦੀ ਪ੍ਰਧਾਨਗੀ ‘ਚ ਤਬਦੀਲੀ ਕਰੇਗੀ, ਜਿਸ ਕਰਕੇ ਭਗਵੰਤ ਮਾਨ ਨੇ ਖੁਦ ਹੀ ਪ੍ਰਧਾਨਗੀ ਛੱਡਣ ਦੀ ਇੱਛਾ ਜ਼ਾਹਿਰ ਕਰ ਦਿੱਤੀ ਸੀ। ਪ੍ਰਧਾਨਗੀ ਛੱਡਣ ਵੀ ਇੱਛਾ ਜ਼ਾਹਿਰ ਕਰਨ ਮੌਕੇ ਭਗਵੰਤ ਮਾਨ ਨੇ ਕਿਹਾ ਸੀ ਕਿ ਉਹ ਮੁੱਖ ਮੰਤਰੀ ਦੀਆਂ ਜ਼ਿੰਮੇਵਾਰੀਆਂ ਕਰਕੇ ਸੰਗਠਨ ਨੂੰ ਪੂਰਾ ਸਮਾਂ ਨਹੀਂ ਦੇ ਸਕਦੇ ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਦੁਬਾਰਾ ਫੇਰ ਕੌਮੀ ਲੀਡਰਸ਼ਿਪ ਨੇ ਇੱਕ ਕੈਬਨਿਟ ਮੰਤਰੀ ਨੂੰ ਹੀ ਪ੍ਰਧਾਨ ਬਣਾਇਆ ਹੈ ਜਦਕਿ ਕੈਬਨਿਟ ਮੰਤਰੀ ਦੀਆਂ ਜਿੰਮੇਵਾਰੀਆਂ ਵੀ ਘੱਟ ਨਹੀਂ ਹੁੰਦੀਆਂ। ਹੁਣ ਭਾਵੇਂ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇੱਕ ਪੋਸਟ ਪਾ ਕੇ ਅਮਨ ਅਰੋੜਾ ਅਤੇ ਸ਼ੈਰੀ ਕਲਸੀ ਨਾਲ ਆਪਣੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਨਵਾਂ ਸੂਬਾ ਪ੍ਰਧਾਨ ਅਤੇ ਉਪ ਪ੍ਰਧਾਨ ਨਿਯੁਕਤ ਕਰਨ ਦੀ ਗੱਲ ਸਾਂਝੀ ਕੀਤੀ ਹੈ ਪ੍ਰੰਤੂ ਸੂਤਰਾਂ ਅਨੁਸਾਰ ਕੌਮੀ ਲੀਡਰਸ਼ਿਪ ਨੇ ਪੰਜਾਬ ਦੇ ਨਵੇਂ ਪ੍ਰਧਾਨ ਦੀ ਨਿਯੁਕਤੀ ਲੋਕ ਸਭਾ ਤੋਂ ਤੁਰੰਤ ਬਾਅਦ ਕਰਨ ਦਾ ਮਨ ਬਣਾ ਲਿਆ ਸੀ ਤੇ ਪੰਜਾਬ ਦੀਆਂ ਜ਼ਿਮਨੀ ਚੋਣਾਂ ਦੇ ਕਾਰਨ ਐਲਾਨ ਰੋਕ ਦਿੱਤਾ ਗਿਆ ਸੀ।