Skip to main content

Gee 98News

ਬਰਨਾਲਾ ਦੇ ਬਾਗ਼ੀ ਆਗੂ ਗੁਰਦੀਪ ਸਿੰਘ ਬਾਠ ਦੀ ਘਰ ਵਾਪਸੀ ‘ਤੇ ਨਵ ਨਿਯੁਕਤ ਪ੍ਰਧਾਨ ਅਮਨ ਅਰੋੜਾ ਦੀ ਵੱਡੀ ਟਿੱਪਣੀ

ਚੰਡੀਗੜ੍ਹ,25 ਨਵੰਬਰ, (ਨਿਰਮਲ ਸਿੰਘ ਪੰਡੋਰੀ)-
-ਆਮ ਆਦਮੀ ਪਾਰਟੀ ਦੇ ਨਵ ਨਿਯੁਕਤ ਸੂਬਾ ਪ੍ਰਧਾਨ ਸ੍ਰੀ ਅਮਨ ਅਰੋੜਾ ਨੇ ਬਰਨਾਲਾ ਉਪ ਚੋਣ ‘ਚ ਪਾਰਟੀ ਦੀ ਹਾਰ ਸੰਬੰਧੀ ਪਹਿਲੀ ਟਿੱਪਣੀ ਕੀਤੀ ਹੈ। ਪੰਜਾਬ ਦੀਆਂ ਚਾਰ ਉਪ ਚੋਣਾਂ ‘ਚ ਤਿੰਨ ਸੀਟਾਂ ‘ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਕੀਤੀ ਪ੍ਰੈਸ ਕਾਨਫਰੰਸ ਵਿੱਚ ਅਮਨ ਅਰੋੜਾ ਨੇ ਕਿਹਾ ਕਿ ਬਰਨਾਲਾ ਉਪ ਚੋਣ ‘ਚ ਆਮ ਆਦਮੀ ਪਾਰਟੀ ਦੀਆਂ ਵੋਟਾਂ ਵੰਡੇ ਜਾਣ ਕਰਕੇ ਹੀ ਹਾਰ ਹੋਈ ਹੈ। ਅਮਨ ਅਰੋੜਾ ਨੇ ਪਹਿਲੀ ਵਾਰ ਖੁੱਲ੍ਹ ਕੇ ਬਰਨਾਲਾ ਤੋਂ ਬਾਗੀ ਉਮੀਦਵਾਰ ਗੁਰਦੀਪ ਸਿੰਘ ਬਾਠ ਸੰਬੰਧੀ ਟਿੱਪਣੀ ਕੀਤੀ ਕਰਦੇ ਹੋਏ ਕਿਹਾ ਕਿ ਗੁਰਦੀਪ ਸਿੰਘ ਬਾਠ ਨੂੰ ਪਾਰਟੀ ਨੇ ਬਹੁਤ ਮਾਣ ਸਤਿਕਾਰ ਦਿੱਤਾ ਸੀ ਜਿਸ ਤਹਿਤ ਦੋ ਵਾਰ ਜ਼ਿਲ੍ਹਾ ਪ੍ਰਧਾਨ ਬਣਾਇਆ, ਜ਼ਿਲ੍ਹਾ ਯੋਜਨਾ ਕਮੇਟੀ ਦਾ ਚੇਅਰਮੈਨ ਬਣਾਇਆ। ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਬੰਦੇ ਨੂੰ ਕਿਤੇ ਨਾ ਕਿਤੇ ਸਬਰ ਕਰਨਾ ਚਾਹੀਦਾ ਹੈ ਅਤੇ ਪਾਰਟੀ ਦੇ ਫੈਸਲੇ ਨੂੰ ਮੰਨਣਾ ਚਾਹੀਦਾ ਹੈ। ਜਦੋਂ ਪੱਤਰਕਾਰਾਂ ਨੇ ਅਮਨ ਅਰੋੜਾ ਨੂੰ ਗੁਰਦੀਪ ਸਿੰਘ ਬਾਠ ਦੀ ਘਰ ਵਾਪਸੀ ਸਬੰਧੀ ਸਵਾਲ ਕੀਤਾ ਤਾਂ ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਿਧਾਂਤਕ ਪਾਰਟੀ ਹੈ,ਇੱਥੇ ਪਾਰਟੀ ਸਿਧਾਂਤਾਂ ਨੂੰ ਮੰਨਣ ਵਾਲਿਆਂ ਨੂੰ ਪਹਿਲ ਦਿੱਤੀ ਜਾਂਦੀ ਹੈ। ਭਾਵੇਂ ਕਿ ਨਵ ਨਿਯੁਕਤ ਪ੍ਰਧਾਨ ਅਮਨ ਅਰੋੜਾ ਨੇ ਗੁਰਦੀਪ ਸਿੰਘ ਬਾਠ ਦੀ ਪਾਰਟੀ ‘ਚ ਮੁੜ ਸ਼ਮੂਲੀਅਤ ‘ਤੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਪ੍ਰੰਤੂ ਗੁਰਦੀਪ ਸਿੰਘ ਬਾਠ ਦੀ ਬਗਾਵਤ ਤੋਂ ਬਾਅਦ ਬਰਨਾਲਾ ਉਪ ਚੋਣ ਨਤੀਜੇ ਤੋਂ ਹੋਰ ਪਾਰਟੀ ਆਗੂਆਂ ਵਾਂਗ ਪ੍ਰੇਸ਼ਾਨ ਅਮਨ ਅਰੋੜਾ ਨੇ ਕਿਹਾ ਕਿ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਪਾਰਟੀ ਪ੍ਰਤੀ ਵਫਾਦਾਰੀ ਅਤੇ ਸਮਰਪਣ ਦੀ ਭਾਵਨਾ ਦੇ ਮੱਦੇਨਜ਼ਰ ਹੀ ਟਿਕਟਾਂ ਦੀ ਵੰਡ ਕੀਤੀ ਜਾਵੇਗੀ। ਪੱਤਰਕਾਰਾਂ ਨੇ ਜਦੋਂ ਸ੍ਰੀ ਅਮਨ ਅਰੋੜਾ ਨੂੰ ਸਵਾਲ ਕੀਤਾ ਕਿ ਗੁਰਦੀਪ ਸਿੰਘ ਬਾਠ ਨੂੰ ਪਾਰਟੀ ਦੇ ਕਿਸੇ ਵੱਡੇ ਆਗੂ ਦੇ ਥਾਪੜੇ ਦੀ ਚਰਚਾ ਸਮੁੱਚੀ ਚੋਣ ਮੁਹਿੰਮ ਦੌਰਾਨ ਚਲਦੀ ਰਹੀ ਹੈ ਤਾਂ ਅਮਨ ਅਰੋੜਾ ਨੇ ਇਸ ਸਵਾਲ ਦਾ ਜਵਾਬ ਗੋਲ ਕਰ ਦਿੱਤਾ। ਪ੍ਰੈਸ ਕਾਨਫਰੰਸ ਦੌਰਾਨ ਬਰਨਾਲਾ ਉਪਚੋਣ ਨਤੀਜੇ ‘ਤੇ ਗੱਲ ਕਰਦੇ ਹੋਏ ਸ੍ਰੀ ਅਮਨ ਅਰੋੜਾ ਦੇ ਨਜ਼ਰੀਏ ਤੋਂ ਸਪੱਸ਼ਟ ਜਾਪਦਾ ਸੀ ਕਿ ਭਵਿੱਖ ‘ਚ ਆਮ ਆਦਮੀ ਪਾਰਟੀ ਬਾਗੀ ਆਗੂ ਗੁਰਦੀਪ ਸਿੰਘ ਬਾਠ ਨੂੰ ਪਾਰਟੀ ‘ਚ ਜਲਦੀ ਮੁੜ ਸ਼ਾਮਿਲ ਨਹੀਂ ਕਰੇਗੀ। ਦੂਜੇ ਪਾਸੇ ਇਹ ਵੀ ਸਪੱਸ਼ਟ ਹੈ ਕਿ ਜੇਕਰ ਗੁਰਦੀਪ ਸਿੰਘ ਬਾਠ ਦੀ ਘਰ ਵਾਪਸੀ ਦੀ ਗੱਲ ਚੱਲਦੀ ਵੀ ਹੈ ਤਾਂ ਇਹ ਮੈਂਬਰ ਪਾਰਲੀਮੈਂਟ ਮੀਤ ਹੇਅਰ ਦੇ ਹੁੰਗਾਰੇ ਤੋਂ ਬਾਅਦ ਹੀ ਸੰਭਵ ਹੋ ਸਕੇਗੀ ਭਾਵ ਜੇਕਰ ਮੀਤ ਹੇਅਰ ਨੇ ਸਿਰ ਹਿਲਾ ਦਿੱਤਾ ਤਾਂ ਬਾਠ ਦੀ ਘਰ ਵਾਪਸੀ ਕਦੇ ਵੀ ਸੰਭਵ ਨਹੀਂ ਹੋਵੇਗੀ ਕਿਉਂਕਿ ਪਾਰਟੀ ਦੇ ਨਵ ਨਿਯੁਕਤ ਸੂਬਾ ਪ੍ਰਧਾਨ ਸ੍ਰੀ ਅਮਨ ਅਰੋੜਾ ਅਤੇ ਮੀਤ ਹੇਅਰ ਦੀ ਨੇੜਤਾ ਜੱਗ ਜ਼ਾਹਿਰ ਹੈ ਅਤੇ ਦੋਵੇਂ ਵੱਡੇ ਆਗੂ ਪਾਰਟੀ ਦੇ ਕੌਮੀ ਹਾਈਕਮਾਂਡ ਦੇ ਚਹੇਤੇ ਹਨ।

error: Content is protected !!