ਚੰਡੀਗੜ੍ਹ,8 ਦਸੰਬਰ, Gee98 news service
-ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਆਗੂਆਂ ਨੂੰ ਸੇਵਾ ਲਗਾਏ ਜਾਣ ਤੋਂ ਬਾਅਦ ਬਾਦਲ ਤੇ ਅਕਾਲੀ ਆਗੂ ਆਪੋ ਆਪਣੀ ਸੇਵਾ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਨਿਭਾ ਰਹੇ ਹਨ। ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਜਥੇਦਾਰ ਵੱਲੋਂ ਕੀਤੇ ਸਵਾਲਾਂ ਦਾ ਜਵਾਬ “ਹਾਂ” ਵਿੱਚ ਦਿੰਦੇ ਹੋਏ ਹੋਈਆਂ ਭੁੱਲਾਂ ਦੇ ਕਬੂਲਨਾਮੇ ਸਬੰਧੀ ਇੱਕ ਹੋਰ ਚਰਚਾ ਸ਼ੁਰੂ ਹੋ ਗਈ ਹੈ। ਚਰਚਾ ਹੈ ਕਿ ਸੁਖਬੀਰ ਬਾਦਲ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਕੀਤੇ ਕਬੂਲਨਾਮੇ ਤੋਂ ਬਾਅਦ ਕੀ ਹੁਣ ਬੇਅਦਬੀ ਸਬੰਧੀ ਅਦਾਲਤੀ ਕੇਸਾਂ ‘ਤੇ ਸੁਖਬੀਰ ਬਾਦਲ ਦੇ ਕਬੂਲਨਾਮੇ ਦਾ ਕੋਈ ਅਸਰ ਪਵੇਗਾ ? ਇਸ ਸਵਾਲ ਦਾ ਜਵਾਬ ਲੱਭਣ ਤੋਂ ਪਹਿਲਾਂ ਸਾਨੂੰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਖਬੀਰ ਬਾਦਲ ਨੂੰ ਕੀਤੇ ਗਏ ਸਵਾਲਾਂ ਦੇ ਵੱਲ ਇੱਕ ਨਜ਼ਰ ਮਾਰਨੀ ਪਵੇਗੀ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਹੇਠ ਲਿਖੇ ਸਵਾਲ ਕੀਤੇ ਗਏ….ਪਹਿਲਾ ਸਵਾਲ : ਅਕਾਲੀ ਸਰਕਾਰ ਵੇਲੇ ਜ਼ਾਲਮ ਅਫ਼ਸਰਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਸਨ, ਜਿਨ੍ਹਾਂ ਨੇ ਝੂਠੇ ਮੁਕਾਬਲਿਆਂ ਵਿਚ ਪੰਜਾਬ ਦੇ ਕਈ ਨੌਜਵਾਨਾਂ ਨੂੰ ਸ਼ਹੀਦ ਕੀਤਾ ? ਸੁਖਬੀਰ ਨੇ ਜਵਾਬ ਦਿੱਤਾ “ਹਾਂ ਜੀ”। ਦੂਜਾ ਸਵਾਲ : ਸੌਦਾ ਸਾਧ ਨੂੰ ਬਿਨਾਂ ਮੰਗੇ ਮੁਆਫ਼ੀ ਦੇਣ ਲਈ ਜਥੇਦਾਰਾਂ ਨੂੰ ਆਪਣੀ ਰਿਹਾਇਸ਼ ‘ਤੇ ਬੁਲਾ ਕੇ ਚਿੱਠੀ ਦੇਣਾ, ਕੀ ਇਹ ਗੁਨਾਹ ਤੁਸੀਂ ਕੀਤਾ ਹੈ ? ਜਵਾਬ ਵਿਚ ਸੁਖਬੀਰ ਬਾਦਲ ਨੇ ਕਿਹਾ “ਹਾਂਜੀ”। ਤੀਜਾ ਸਵਾਲ : ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ, ਕੰਧਾਂ ‘ਤੇ ਪੋਸਟਰ ਲਗਾਏ ਗਏ, ਚੋਰੀ ਕਰਨ ਵਾਲਿਆਂ ਨੇ ਸਰੂਪਾਂ ਦੇ ਅੰਗ ਪਾੜੇ, ਬਹਿਬਲ ਕਲਾਂ ਗੋਲੀਕਾਂਡ ਵਿਚ ਦੋ ਲੋਕਾਂ ਦੀ ਮੌਤ ਹੋਈ, ਕੀ ਇਹ ਗੁਨਾਹ ਹੋਏ ? ਸੁਖਬੀਰ ਨੇ ਜਵਾਬ ਦਿੱਤਾ ‘ਜੀ ਗੁਨਾਹ ਹੋਇਆ।’ ਇਸੇ ਤਰ੍ਹਾਂ ਚੌਥੇ ਸਵਾਲ ਵਿਚ ਜਥੇਦਾਰ ਨੇ ਪੁੱਛਿਆ : ਸ਼੍ਰੋਮਣੀ ਕਮੇਟੀ ਨੂੰ ਸੌਦਾ ਸਾਧ ਦੀ ਮੁਆਫ਼ੀ ਬਾਰੇ ਫ਼ੈਸਲੇ ਨੂੰ ਸਹੀ ਠਹਿਰਾਉਣ ਲਈ ਪੋਸਟਰ ਛਪਵਾਉਣ ਲਈ ਗੋਲਕ ਦੇ ਪੈਸੇ ਖ਼ਰਚ ਕੀਤੇ ਸੀ ? ਸੁਖਬੀਰ ਬਾਦਲ ਨੇ ਕਿਹਾ,, “ਹਾਂ ਜੀ” । ਉਪਰੋਕਤ ਸਵਾਲਾਂ ਦੀ ਇਬਾਰਤ ਅਤੇ ਸੁਖਬੀਰ ਬਾਦਲ ਤੇ “ਹਾਂ” ਵਾਲੇ ਜਵਾਬਾਂ ਤੋਂ ਸਪੱਸ਼ਟ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਦੋਸ਼ ਕਬੂਲ ਕੀਤੇ ਹਨ। ਹੁਣ ਸਵਾਲ ਉੱਠਦਾ ਹੈ ਕਿ ਸੁਖਬੀਰ ਬਾਦਲ ਦੇ ਕਬੂਲਨਾਮੇ ਦਾ ਅਦਾਲਤੀ ਕੇਸਾਂ ‘ਤੇ ਕੋਈ ਅਸਰ ਪਵੇਗਾ ਜਾਂ ਨਹੀਂ। ਕੀ ਸੁਖਬੀਰ ਬਾਦਲ ਦੇ ਅਕਾਲ ਤਖਤ ਸਾਹਿਬ ਅੱਗੇ ਕੀਤੇ ਕਬੂਲਨਾਮੇ ਨੂੰ ਅਦਾਲਤੀ ਕਾਰਵਾਈ ਦਾ ਹਿੱਸਾ ਬਣਾ ਕੇ ਸੁਖਬੀਰ ਬਾਦਲ ਨੂੰ ਸਜ਼ਾ ਸੁਣਾਈ ਜਾਵੇਗੀ ? ਇਹ ਸਵਾਲ ਅੱਜਕੱਲ੍ਹ ਹਰ ਦਿਮਾਗ ਵਿੱਚ ਘੁੰਮ ਰਿਹਾ ਹੈ। ਇਸ ਸਬੰਧੀ ਕੁੱਝ ਕਾਨੂੰਨੀ ਮਾਹਿਰਾਂ ਅਤੇ ਸਿੱਖ ਸਿਆਸਤ ਦੀ ਸਮਝ ਰੱਖਣ ਵਾਲੇ ਮਾਹਿਰਾਂ ਦੇ ਵਿਚਾਰ ਹਨ ਕਿ ਸੁਖਬੀਰ ਬਾਦਲ ਨੇ ਬੇਸ਼ੱਕ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਕਬੂਲ ਕਰ ਲਿਆ ਹੈ ਪਰ ਉਸ ਵਿਚ ਕੁੱਝ ਵੀ ਅਜਿਹਾ ਨਹੀਂ ਐ, ਜੋ ਉਨ੍ਹਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਦਾ ਆਧਾਰ ਬਣ ਸਕੇ। ਦੇਸ਼ ਦੇ ਪ੍ਰਸਿੱਧ ਕਨੂੰਨੀ ਮਾਹਿਰਾਂ ਦਾ ਵਿਚਾਰ ਹੈ ਕਿ ਕਿ ਸੁਖਬੀਰ ਬਾਦਲ ‘ਤੇ ਬਹਿਬਲ ਕਲਾਂ ਗੋਲੀ ਕਾਂਡ ਵਿਚ ਸ਼ਾਮਲ ਰਹੇ ਪੁਲਿਸ ਅਫ਼ਸਰਾਂ ਨੂੰ ਹੁਕਮ ਦੇਣ ਦਾ ਦੋਸ਼ ਹੈ ਪਰ ਜਥੇਦਾਰ ਸਾਹਿਬਾਨ ਵੱਲੋਂ ਇਸ ਸਬੰਧੀ ਪੁੱਛੇ ਗਏ ਸਵਾਲ ਦੀ ਇਬਾਰਤ ਨੂੰ ਵੇਖਿਆ ਜਾਵੇ ਤਾਂ ਸਿੱਧੇ ਤੌਰ ‘ਤੇ ਇਸ ਸਬੰਧੀ ਕੋਈ ਸਵਾਲ ਨਹੀਂ ਪੁੱਛਿਆ ਗਿਆ। ਇਸ ਕਰਕੇ ਸੁਖਬੀਰ ਦੇ ਕਬੂਲਨਾਮੇ ਦਾ ਕੋਈ ਵੀ ਕਾਨੂੰਨੀ ਆਧਾਰ ਨਹੀਂ ਹੈ। ਇਸੇ ਤਰ੍ਹਾਂ ਕੁੱਝ ਹੋਰ ਮਾਹਿਰਾਂ ਦਾ ਵਿਚਾਰ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਕਬੂਲਨਾਮੇ ਦਾ ਸਿਰਫ਼ ਧਾਰਮਿਕ ਆਧਾਰ ਐ, ਇਸ ਤੋਂ ਇਲਾਵਾ ਹੋਰ ਕੁੱਝ ਨਹੀਂ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸੁਖਬੀਰ ਬਾਦਲ ਵੱਲੋਂ ਕੀਤੇ ਗਏ ਕਬੂਲਨਾਮੇ ਦਾ ਅਦਾਲਤ ਵਿਚ ਚੱਲ ਰਹੇ ਕੇਸ ‘ਤੇ ਕੋਈ ਜ਼ਿਆਦਾ ਅਸਰ ਨਹੀਂ ਪਵੇਗਾ ਅਤੇ ਨਾ ਹੀ ਇਹ ਕਬੂਲਨਾਮਾ ਸੁਖਬੀਰ ਬਾਦਲ ਲਈ ਕਾਨੂੰਨੀ ਤੌਰ ‘ਤੇ ਕੋਈ ਮੁਸੀਬਤ ਬਣੇਗਾ ਪਰ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਕੀਤੇ ਕਬੂਲਨਾਮੇ ਤੋਂ ਬਾਅਦ ਸੁਖਬੀਰ ਬਾਦਲ ਦੇ ਸਿਆਸੀ ਜੀਵਨ ‘ਤੇ ਹਾਲਾਤਾਂ ਦਾ ਕਿੰਨਾ ਕੁ ਪ੍ਰਭਾਵ ਪਵੇਗਾ ਇਹ ਲੋਕਾਂ ਦੇ ਹੱਥ ਵਿੱਚ ਹੈ ਅਤੇ ਆਉਣ ਵਾਲਾ ਸਮਾਂ ਤੈਅ ਕਰੇਗਾ ਕਿ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਸਰਦਾਰੀ ਮੁੜ ਸੁਖਬੀਰ ਬਾਦਲ ਦੇ ਹੱਥਾਂ ਵਿੱਚ ਆਵੇਗੀ ਜਾਂ ਨਹੀਂ। ਅਸਲ ਵਿੱਚ ਸੁਖਬੀਰ ਬਾਦਲ ਲਈ ਸਭ ਤੋਂ ਔਖੀ ਘੜੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਸੇਵਾ ਪੂਰੀ ਹੋਣ ਤੋਂ ਬਾਅਦ ਸ਼ੁਰੂ ਹੋਵੇਗੀ। ਇਸ ਸਮੇਂ ਨੂੰ ਸੁਖਬੀਰ ਬਾਦਲ ਦੀ ਸਭ ਤੋਂ ਵੱਡੀ ਅਤੇ ਔਖੀ ਸਿਆਸੀ ਪ੍ਰੀਖਿਆ ਵੀ ਕਿਹਾ ਜਾ ਸਕਦਾ ਹੈ। ਪ੍ਰੀਖਿਆ ਦੇ ਨਤੀਜੇ ਪ੍ਰੀਖਿਆ ਦੇਣ ਤੋਂ ਬਾਅਦ ਹੀ ਸਾਹਮਣੇ ਆਉਂਦੇ ਹਨ ਇਸ ਲਈ ਅਜੇ ਇਹ ਕਹਿਣਾ ਕਿ ਸੁਖਬੀਰ ਬਾਦਲ ਦਾ ਸਿਆਸੀ ਕੈਰੀਅਰ ਖਤਮ ਹੋ ਗਿਆ ਹੈ ਜਾਂ ਹੁਣ ਲੋਕ ਸੁਖਬੀਰ ਬਾਦਲ ਨੂੰ ਪ੍ਰਵਾਨ ਨਹੀਂ ਕਰਨਗੇ…ਇਹ ਸਮੇਂ ਤੋਂ ਪਹਿਲਾਂ ਦੀਆਂ ਗੱਲਾਂ ਹਨ।










