ਚੰਡੀਗੜ੍ਹ,27 ਦਸੰਬਰ, Gee98 news service
-ਭਾਰਤੀ ਚੋਣ ਕਮਿਸ਼ਨ ਨੇ ਦੇਸ਼ ਦੀਆਂ ਪ੍ਰਮੁੱਖ ਪਾਰਟੀਆਂ ਨੂੰ ਚੰਦੇ ਦੇ ਰੂਪ ਵਿੱਚ ਮਿਲਣ ਵਾਲੇ ਪੈਸਿਆਂ ਦੀ ਰਿਪੋਰਟ ਜਾਰੀ ਕੀਤੀ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਕੀਤੀ ਇਸ ਰਿਪੋਰਟ ‘ਚ ਸੂਚੀਬੱਧ ਸਿਆਸੀ ਪਾਰਟੀਆਂ ਨੂੰ ਇਹ ਚੰਦਾ ਲੋਕ ਸਭਾ ਚੋਣਾਂ ਤੋਂ ਪਹਿਲਾਂ 31 ਮਾਰਚ 2024 ਤੱਕ ਪ੍ਰਾਪਤ ਹੋਇਆ ਸੀ। ਰਿਪੋਰਟ ਅਨੁਸਾਰ ਸੱਤਾਧਾਰੀ ਭਾਜਪਾ ਨੂੰ ਵਿੱਤੀ ਸਾਲ 2023-24 ਦੌਰਾਨ 2,604.74 ਕਰੋੜ ਰੁਪਏ ਚੰਦਾ ਮਿਲਿਆ ਜਦਕਿ ਵਿਰੋਧੀ ਪਾਰਟੀ ਕਾਂਗਰਸ ਨੂੰ 281.38 ਕਰੋੜ ਰੁਪਏ ਪ੍ਰਾਪਤ ਹੋਏ। ਰਿਪੋਰਟ ਅਨੁਸਾਰ ਸਾਲ 2023-24 ਦੌਰਾਨ ਭਾਜਪਾ ਨੂੰ ਪਰੂਡੈਂਟ ਇਲੈੱਕਟੋਰਲ ਟਰੱਸਟ ਤੋਂ 723 ਕਰੋੜ ਰੁਪਏ ਤੋਂ ਵੱਧ, ਟ੍ਰਿਮਫ ਇਲੈੱਕਟੋਰਲ ਟਰੱਸਟ ਤੋਂ 127 ਕਰੋੜ ਰੁੁਪਏ ਤੋਂ ਵੱਧ ਜਦਕਿ ਐਇੰਜ਼ੀਗਾਰਟਿਗ ਇਲੈੱਕਟੋਰਲ ਟਰੱਸਟ ਤੋਂ 17 ਲੱਖ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ। ਰਿਪੋਰਟ ‘ਚ ਕਿਹਾ ਗਿਆ ਕਿ ਕਾਂਗਰਸ ਨੂੰ ਪਰੂਡੈਂਟ ਇਲੈੱਕਟੋਰਲ ਟਰੱਸਟ ਤੋਂ 150 ਕਰੋੜ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ। ਦਿਲਚਸਪ ਗੱਲ ਇਹ ਹੈ ਕਿ ਕਾਂਗਰਸ ਨੂੰ 1.38 ਲੱਖ ਰੁਪਏ ਦਾ ਅਜਿਹਾ ਚੰਦਾ ਮਿਲਿਆ, ਜੋ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ ਸਣੇ ਹੋਰ ਆਗੂਆਂ ਤੋਂ ਪ੍ਰਾਪਤ ਹੋਇਆ। ਆਮ ਆਦਮੀ ਪਾਰਟੀ ਨੂੰ ਵਿੱਤੀ ਸਾਲ 2023-24 ਦੌਰਾਨ 11.06 ਕਰੋੜ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ ਜਦਕਿ ਸੀਪੀਆਈ-ਐੱਮ ਨੂੰ 7.64 ਕਰੋੜ ਰੁਪਏ ਤੋਂ ਵੱਧ ਦਾ ਚੰਦਾ ਪ੍ਰਾਪਤ ਹੋਇਆ।










