ਚੰਡੀਗੜ੍ਹ, 30 ਦਸੰਬਰ, Gee98 news service
-ਅਗਲਾ ਸਾਲ 2025 ਭਾਜਪਾ ਲਈ ਪਾਰਟੀ ਦੇ ਸੰਗਠਨ ਢਾਂਚੇ ਵਿੱਚ ਅਹਿਮ ਤਬਦੀਲੀਆਂ ਦਾ ਹੋਵੇਗਾ। ਅਗਲੇ ਵਰ੍ਹੇ ਜਨਵਰੀ/ਫਰਵਰੀ ‘ਚ ਭਾਜਪਾ ਨੂੰ ਨਵਾਂ ਰਾਸ਼ਟਰੀ ਪ੍ਰਧਾਨ ਮਿਲ ਸਕਦਾ ਹੈ ਅਤੇ 10 ਦੇ ਕਰੀਬ ਸੂਬਿਆਂ ਦੇ ਪ੍ਰਧਾਨ ਵੀ ਬਦਲੇ ਰਹਿਣਗੇ। ਸੂਤਰਾਂ ਅਨੁਸਾਰ ਭਾਜਪਾ ਨਵੇਂ ਵਰ੍ਹੇ ‘ਚ ਮੱਧ ਪ੍ਰਦੇਸ਼, ਯੂਪੀ, ਝਾਰਖੰਡ,ਗੁਜਰਾਤ, ਪੱਛਮੀ ਬੰਗਾਲ, ਮਹਾਰਾਸ਼ਟਰ, ਜੰਮੂ ਕਸ਼ਮੀਰ ਅਤੇ ਪੰਜਾਬ ਦੇ ਸੂਬਾ ਪ੍ਰਧਾਨਾਂ ਦੀ ਤਬਦੀਲੀ ਕਰੇਗੀ। ਅਗਲੇ ਵਰ੍ਹੇ ਭਾਰਤ ਦੇ ਅੱਧਿਓਂ ਵੱਧ ਰਾਜਾਂ ਵਿੱਚ ਭਾਜਪਾ ਦੇ ਸੰਗਠਨ ਦੀਆਂ ਚੋਣਾਂ ਵੀ ਹੋਣਗੀਆਂ। ਭਾਜਪਾ ਨੇ ਆਪਣੇ ਸੰਗਠਨ ਵਿੱਚ ਜ਼ਿੰਮੇਵਾਰੀਆਂ ਦੇਣ ਲਈ ਮੰਡਲ ਪ੍ਰਧਾਨ ਲਈ ਉਮਰ ਸੀਮਾ 35 ਤੋਂ 45 ਸਾਲ ਰੱਖੀ ਹੈ। ਇਸੇ ਤਰ੍ਹਾਂ ਜ਼ਿਲ੍ਹਾ ਪ੍ਰਧਾਨ ਲਈ ਉਮਰ ਸੀਮਾ 45 ਤੋਂ 60 ਸਾਲ ਦੇ ਵਿਚਕਾਰ ਰੱਖੀ ਗਈ ਹੈ। ਭਾਜਪਾ ਦਾ ਜ਼ਿਲ੍ਹਾ ਪ੍ਰਧਾਨ ਬਣਨ ਲਈ ਹੁਣ 7 ਤੋਂ 8 ਸਾਲ ਦਾ ਸੰਗਠਨ ਵਿੱਚ ਕੰਮ ਕਰਨ ਦਾ ਤਜਰਬਾ ਜ਼ਰੂਰੀ ਹੋਵੇਗਾ। ਇਹ ਵੀ ਪਤਾ ਲੱਗਿਆ ਹੈ ਕਿ ਲਗਾਤਾਰ ਦੋ ਵਾਰ ਮੰਡਲ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨ ਰਹਿ ਚੁੱਕੇ ਵਿਅਕਤੀ ਨੂੰ ਤੀਜੀ ਵਾਰ ਮੌਕਾ ਨਹੀਂ ਦਿੱਤਾ ਜਾਵੇਗਾ। ਦੱਸ ਦੇਈਏ ਕਿ ਪੰਜਾਬ ਦੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੋਇਆ ਹੈ। ਭਾਜਪਾ ਨੇ ਇਹ ਅਸਤੀਫਾ ਪ੍ਰਵਾਨ ਨਹੀਂ ਕੀਤਾ ਪ੍ਰੰਤੂ ਹਾਈ ਕਮਾਂਡ ਵੱਲੋਂ ਸੁਨੀਲ ਜਾਖੜ ਨੂੰ ਸੰਗਠਨ ਚੋਣਾਂ ਦੀ ਪ੍ਰਕਿਰਿਆ ਤੱਕ ਪ੍ਰਧਾਨਗੀ ਦੇ ਅਹੁਦੇ ‘ਤੇ ਬਣੇ ਰਹਿਣ ਲਈ ਕਿਹਾ ਗਿਆ ਹੈ, ਜਿਸ ਤੋਂ ਸਪੱਸ਼ਟ ਹੈ ਕਿ ਅਗਲੇ ਵਰ੍ਹੇ ਫਰਵਰੀ ਤੱਕ ਪੰਜਾਬ ਦਾ ਨਵਾਂ ਪ੍ਰਧਾਨ ਨਿਯੁਕਤ ਕਰ ਦਿੱਤਾ ਜਾਵੇਗਾ। ਚਰਚਾ ਹੈ ਕਿ ਭਾਜਪਾ ਹਾਈ ਕਮਾਂਡ ਦੇ ਕੁਝ ਆਗੂ ਪੰਜਾਬ ‘ਚ ਕਿਸੇ ਵੱਡੇ ਸਿੱਖ ਚਿਹਰੇ ਨੂੰ ਪਾਰਟੀ ਦੀ ਜ਼ਿੰਮੇਵਾਰੀ ਦੇਣਾ ਚਾਹੁੰਦੇ ਹਨ ਪ੍ਰੰਤੂ ਭਾਜਪਾ ਦੇ ਕੁਝ ਵੱਡੇ ਆਗੂ ਆਰਐਸਐਸ ਪਿਛੋਕੜ ਦੇ ਕਿਸੇ ਵੱਡੇ ਆਗੂ ਨੂੰ ਭਾਜਪਾ ਪੰਜਾਬ ਦਾ ਪ੍ਰਧਾਨ ਨਿਯੁਕਤ ਕਰਨ ਦੇ ਹੱਕ ਵਿੱਚ ਹਨ। ਦੱਸ ਦੇਈਏ ਕਿ ਪੰਜਾਬ ‘ਚ ਭਾਜਪਾ ਕੋਲ ਆਪਣਾ ਕੋਈ ਟਕਸਾਲੀ ਸਿੱਖ ਚਿਹਰਾ ਨਹੀਂ ਹੈ ਜਿਹੜਾ ਪ੍ਰਧਾਨਗੀ ਲਈ ਸਾਰਿਆਂ ਨੂੰ ਪ੍ਰਵਾਨ ਹੋਵੇ। ਜਿਹੜੇ ਵੱਡੇ ਸਿੱਖ ਚਿਹਰੇ ਭਾਜਪਾ ਵਿੱਚ ਇਸ ਵੇਲੇ ਪੰਜਾਬ ‘ਚ ਹਨ ਉਹ ਸਾਰੇ ਦੂਜੀਆਂ ਪਾਰਟੀਆਂ ਵਿੱਚੋਂ ਆਏ ਹਨ। ਸੂਤਰਾਂ ਅਨੁਸਾਰ ਪੰਜਾਬ ਦੀ ਰਾਜਨੀਤੀ ਦੇ ਮਾਮਲੇ ‘ਚ ਭਾਜਪਾ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੀ ਰਣਨੀਤੀ ਬਣਾ ਕੇ ਚੱਲੇਗੀ। ਇਸੇ ਕਰਕੇ ਸੁਨੀਲ ਜਾਖੜ ਦੇ ਅਸਤੀਫੇ ਤੋਂ ਤੁਰੰਤ ਬਾਅਦ ਜਾਖੜ ਦੇ ਅਸਤੀਫੇ ਸੰਬੰਧੀ ਕੋਈ ਫੈਸਲਾ ਲੈਣ ਦੀ ਬਜਾਏ ਭਾਜਪਾ ਜਾਖੜ ਦੇ ਸਹੀ ਵਾਰਿਸ ਦੀ ਤਲਾਸ਼ ਵਿੱਚ ਹੈ। ਪੰਜਾਬ ਪ੍ਰਧਾਨ ਦੀ ਨਿਯੁਕਤੀ ਦੇ ਮਾਮਲੇ ਵਿੱਚ ਭਾਜਪਾ ਵੱਲੋਂ ਕੀਤੇ ਜਾ ਰਹੇ ਮੰਥਨ ਤੋਂ ਸਪੱਸ਼ਟ ਹੈ ਕਿ ਭਾਜਪਾ 2027 ਦੀਆਂ ਵਿਧਾਨ ਸਭਾ ਚੋਣਾਂ ਪ੍ਰਤੀ ਗੰਭੀਰ ਹੈ।










