Gee 98News

ਰਿਸ਼ਵਤ ਦੀ ਰਕਮ ਲੈ ਕੇ ਭੱਜਣ ਵਾਲੇ SHO ਦੇ ਰੀਡਰ ਨੂੰ ਵਿਜੀਲੈਂਸ ਨੇ 35 ਕਿਲੋਮੀਟਰ ਤੱਕ ਪਿੱਛਾ ਕਰਕੇ ਦਬੋਚਿਆ

ਚੰਡੀਗੜ੍ਹ, 3 ਜਨਵਰੀ, Gee98 news service

-ਵਿਜੀਲੈਂਸ ਦੀ ਟੀਮ ਦੀ ਭਿਣਕ ਲੱਗਣ ਤੋਂ ਬਾਅਦ ਰਿਸ਼ਵਤ ਲੈਣ ਵਾਲੇ ਐਸਐਚਓ ਦੇ ਰੀਡਰ ਨੂੰ ਵਿਜੀਲੈਂਸ ਦੀ ਟੀਮ ਨੇ 35 ਕਿਲੋਮੀਟਰ ਪਿੱਛਾ ਕਰਕੇ 70000 ਦੀ ਰਿਸ਼ਵਤ ਸਮੇਤ ਕਾਬੂ ਕੀਤਾ। ‌ ਇਸ ਮਾਮਲੇ ਦੇ ਵੇਰਵੇ ਅਨੁਸਾਰ ਥਾਣਾ ਸੰਗਤ ਮੰਡੀ ਦੇ ਐਸ ਐਚ ਓ ਦੇ ਰੀਡਰ ਕੁਲਦੀਪ ਸਿੰਘ ਹੌਲਦਾਰ ਨੇ ਕਿਸੇ ਕੇਸ ਦੇ ਸਬੰਧ ਵਿੱਚ ਜਗਵਿੰਦਰ ਸਿੰਘ ਵਾਸੀ ਪਥਰਾਲਾ ਤੋਂ 70,000 ਦੀ ਰਿਸ਼ਵਤ ਮੰਗੀ ਸੀ। ਇਸ ਦੀ ਸ਼ਿਕਾਇਤ ਪੀੜ੍ਹਤ ਨੇ ਵਿਜੀਲੈਂਸ ਵਿਭਾਗ ਕੋਲ ਕੀਤੀ। ਵਿਜੀਲੈਂਸ ਨੇ ਜਗਵਿੰਦਰ ਸਿੰਘ ਨੂੰ ਰੰਗ ਲੱਗੇ ਹੋਏ ਨੋਟ ਦੇ ਦਿੱਤੇ। ਵੀਰਵਾਰ ਨੂੰ ਜਗਵਿੰਦਰ ਸਿੰਘ ਹੌਲਦਾਰ ਨੂੰ ਰਿਸ਼ਵਤ ਦੇਣ ਲਈ ਸੰਗਤ ਥਾਣੇ ਪੁੱਜਾ ਸੀ। ਵਿਜੀਲੈਂਸ ਵਿਭਾਗ ਦੀ ਟੀਮ ਨੇ ਹੌਲਦਾਰ ਨੂੰ ਫੜਨ ਲਈ ਪਹਿਲਾਂ ਹੀ ਉੱਥੇ ਜਾਲ ਵਿਛਾਇਆ ਹੋਇਆ ਸੀ। ਜਦੋਂ ਹੌਲਦਾਰ ਕੁਲਦੀਪ ਸਿੰਘ ਨੇ 70 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਤਾਂ ਵਿਜੀਲੈਂਸ ਦੀ ਟੀਮ ਨੇ ਛਾਪੇਮਾਰੀ ਕਰ ਲਈ ਪਰ ਇਸ ਦੌਰਾਨ ਰੀਡਰ ਆਪਣੀ ਸਕਾਰਪੀਓ ਗੱਡੀ ‘ਤੇ ਫਰਾਰ ਹੋ ਗਿਆ। ਵਿਜੀਲੈਂਸ ਵਿਭਾਗ ਦੀ ਟੀਮ ਨੇ ਵੀ ਆਪਣੀਆਂ ਗੱਡੀਆਂ ਉਸ ਦੀ ਸਕਾਰਪੀਓ ਪਿੱਛੇ ਲਾ ਲਈਆਂ। ਸੰਗਤ ਮੰਡੀ ਤੋਂ ਫਰਾਰ ਹੋ ਕੇ ਰੀਡਰ ਕੁਲਦੀਪ ਸਿੰਘ ਰਾਮਪੁਰਾ ਵੱਲ ਜਾ ਰਿਹਾ ਸੀ ਕਿ ਇਸ ਦੌਰਾਨ ਹੀ ਕਾਹਲੀ ਵਿੱਚ ਉਸਦੀ ਸਕਾਰਪੀਓ ਗੱਡੀ ਨੇ ਇੱਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਵਿਜੀਲੈਂਸ ਵਿਭਾਗ ਦੀ ਟੀਮ ਦੀਆਂ ਗੱਡੀਆਂ ਵੀ ਮੌਕੇ ‘ਤੇ ਪੁੱਜ ਗਈਆਂ ਤੇ ਵਿਜੀਲੈਂਸ ਵਿਭਾਗ ਦੀ ਟੀਮ ਨੇ ਮੌਕੇ ‘ਤੇ ਹੀ ਰੀਡਰ ਨੂੰ ਕਾਬੂ ਕਰਕੇ ਉਸ ਕੋਲੋਂ 70 ਹਜ਼ਾਰ ਰੁਪਏ ਦੀ ਨਗਦੀ ਬਰਾਮਦ ਕੀਤੀ ਹੈ ਜਿਹੜੀ ਕਿ ਉਸਨੇ ਰਿਸ਼ਵਤ ਵਜੋਂ ਜਗਵਿੰਦਰ ਸਿੰਘ ਤੋਂ ਹਾਸਲ ਕੀਤੀ ਸੀ।

error: Content is protected !!