ਚੰਡੀਗੜ੍ਹ, 8 ਜਨਵਰੀ, Gee98 news service
-ਠੰਡ ਜ਼ਿਆਦਾ ਹੋਣ ਕਾਰਨ ਸਕੂਲਾਂ ਵਿੱਚ ਛੁੱਟੀਆਂ ਚੱਲ ਰਹੀਆਂ ਹਨ ਅਤੇ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਲੱਗ ਰਹੀਆਂ ਹਨ। ਬੱਚਿਆਂ ਦੀ ਆਨਲਾਈਨ ਕਲਾਸ ਦੌਰਾਨ ਮਾਪਿਆਂ ‘ਚ ਰੋਹ ਪੈਦਾ ਕਰਨ ਵਾਲੀ ਇੱਕ ਘਟਨਾ ਵਾਪਰੀ ਜਿਸ ਤਹਿਤ ਸਥਾਨਕ ਸੈਕਟਰ-46 ਸਥਿਤ ਸੇਂਟ ਮੈਰੀਜ਼ ਸਕੂਲ ਦੀ ਆਨਲਾਈਨ ਕਲਾਸ ਦੌਰਾਨ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਅਚਾਨਕ ਅਸ਼ਲੀਲ ਵੀਡੀਓ ਚੱਲਣ ਲੱਗ ਪਈ। ਇਹ ਘਟਨਾ ਮੰਗਲਵਾਰ ਨੂੰ ਛੇਵੀਂ ਜਮਾਤ ਦੀ ਗਣਿਤ ਦੀ ਕਲਾਸ ਦੌਰਾਨ ਵਾਪਰੀ। ਜਾਣਕਾਰੀ ਅਨੁਸਾਰ ਸਕੂਲ ਦੇ ਵਿਦਿਆਰਥੀ ਤੇ ਅਧਿਆਪਕ ਬਾਕਾਇਦਾ ਆਨਲਾਈਨ ਕਲਾਸ ਲਗਾ ਰਹੇ ਸਨ। ਅਚਾਨਕ ਸਕਰੀਨ ‘ਤੇ ਇਕ ਅਸ਼ਲੀਲ ਵੀਡੀਓ ਚੱਲਣ ਲੱਗੀ, ਜਿਸ ਨਾਲ ਸਾਰੇ ਵਿਦਿਆਰਥੀ ਤੇ ਅਧਿਆਪਕ ਹੈਰਾਨ ਰਹਿ ਗਏ। ਕਲਾਸ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ ਤੇ ਮਾਮਲੇ ਦੀ ਸੂਚਨਾ ਸਕੂਲ ਪ੍ਰਸ਼ਾਸਨ ਨੂੰ ਦਿੱਤੀ ਗਈ। ਇਸ ਘਟਨਾ ਤੋਂ ਬਾਅਦ ਵਿਦਿਆਰਥੀਆਂ ਦੇ ਮਾਪੇ ਕਾਫੀ ਨਾਰਾਜ਼ ਹਨ। ਉਨ੍ਹਾਂ ਸਕੂਲ ਪ੍ਰਸ਼ਾਸਨ ਤੋਂ ਇਸ ਮਾਮਲੇ ‘ਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਦਾ ਬੱਚਿਆਂ ਦੀ ਮਾਨਸਿਕ ਸਿਹਤ ‘ਤੇ ਮਾੜਾ ਅਸਰ ਪੈਂਦਾ ਹੈ। ਇਸ ਘਟਨਾ ਨੇ ਆਨਲਾਈਨ ਸਿੱਖਿਆ ਪ੍ਰਣਾਲੀ ਦੀ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਮਾਪਿਆਂ ਨੇ ਵੀ ਸਰਕਾਰ ਤੋਂ ਇਸ ਮੁੱਦੇ ‘ਤੇ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ।










