ਬਰਨਾਲਾ,14 ਜਨਵਰੀ, Gee98 news service
-ਜ਼ਿਲ੍ਹੇ ਦੇ ਪਿੰਡ ਚੁਹਾਨਕੇ ਖੁਰਦ ਦੇ ਇੱਕ ਸਰਦੇ ਪੁੱਜਦੇ ਪਰਿਵਾਰ ਦੀ ਔਰਤ ਵੱਲੋਂ ਝੂਠੇ ਦਸਤਾਵੇਜ਼ ਪੇਸ਼ ਕਰਕੇ ਬੁਢਾਪਾ ਪੈਨਸ਼ਨ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਇੱਕ ਸ਼ਿਕਾਇਤ ਪਿੰਡ ਦੇ ਨੰਬਰਦਾਰ ਮਹਿੰਦਰ ਸਿੰਘ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਦਿੱਤੀ ਜਿਸ ਦੀ ਪੜ੍ਹਤਾਲ ਦੌਰਾਨ ਰਾਜਿੰਦਰ ਕੌਰ ਪਤਨੀ ਜਰਨੈਲ ਸਿੰਘ ਨੇ ਆਪਣੀ ਜ਼ਮੀਨ ਸਬੰਧੀ ਝੂਠੀ ਰਿਪੋਰਟ ਪੇਸ਼ ਕਰਕੇ ਸਰਕਾਰ ਨਾਲ ਧੋਖਾ ਕਰਕੇ ਬੁਢਾਪਾ ਪੈਨਸ਼ਨ ਲਗਵਾਈ ਹੋਈ ਹੈ। ਸ਼ਿਕਾਇਤ ਦੀ ਪੜ੍ਹਤਾਲ ਦੌਰਾਨ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਦੇ ਹੁਕਮਾਂ ‘ਤੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਮਹਿਲ ਕਲਾਂ ਨੇ ਰਿਪੋਰਟ ਪੇਸ਼ ਕੀਤੀ ਕਿ ਉਕਤ ਰਾਜਿੰਦਰ ਕੌਰ ਵੱਲੋਂ ਜ਼ਮੀਨ ਸਬੰਧੀ ਗਲਤ ਰਿਪੋਰਟ ਪੇਸ਼ ਕਰਕੇ ਆਪਣੀ ਪੈਨਸ਼ਨ ਲਗਵਾਈ ਹੈ ਜਦ ਕਿ ਉਸ ਕੋਲ ਬੁਢਾਪਾ ਪੈਨਸ਼ਨ ਲਗਵਾਉਣ ਲਈ ਲੋੜੀਂਦੇ ਮਾਪਦੰਡਾਂ ਤੋਂ ਜ਼ਿਆਦਾ ਜ਼ਮੀਨ ਹੈ। ਲਾਭਪਾਤਰੀ ਰਾਜਿੰਦਰ ਕੌਰ ਵੱਲੋਂ ਧੋਖੇ ਨਾਲ ਬੁਢਾਪਾ ਪੈਨਸ਼ਨ ਲਗਵਾਉਣ ਸਬੰਧੀ ਸਾਰਾ ਮਾਮਲਾ ਸਪੱਸ਼ਟ ਹੋਣ ਤੋਂ ਬਾਅਦ ਵਿਭਾਗੀ ਅਧਿਕਾਰੀਆਂ ਨੇ ਰਾਜਿੰਦਰ ਕੌਰ ਤੋਂ 1 ਮਾਰਚ 2022 ਤੋਂ ਲੈ ਕੇ 31 ਅਕਤੂਬਰ 2024 ਤੱਕ ਦੀ ਕੁੱਲ 49500 ਦੀ ਰਿਕਵਰੀ ਵਸੂਲ ਕੀਤੀ। ਹੈਰਾਨੀ ਦੀ ਗੱਲ ਹੈ ਕਿ ਜ਼ਿਲ੍ਹਾ ਪੱਧਰੀ ਵਿਭਾਗੀ ਅਧਿਕਾਰੀਆਂ ਨੇ ਗ਼ਲਤ ਦਸਤਾਵੇਜ਼ ਪੇਸ਼ ਕਰਕੇ ਧੋਖੇ ਨਾਲ ਬੁਢਾਪਾ ਪੈਨਸ਼ਨ ਵਸੂਲ ਕਰਨ ਵਾਲੇ ਲਾਭਪਾਤਰੀ ਤੋਂ ਸਿਰਫ਼ ਰਿਕਵਰੀ ਹੀ ਵਸੂਲ ਕੀਤੀ ਜਦਕਿ ਗਲਤ ਬਿਆਨ ਹਲਤੀਆ ਦੇਣ ਦੇ ਬਦਲੇ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਠੱਪ ਕਰ ਦਿੱਤੀ। ਇਸ ਸਬੰਧੀ ਇਹ ਵੀ ਸਾਹਮਣੇ ਆਇਆ ਹੈ ਕਿ ਉਕਤ ਲਾਭਪਾਤਰੀ ਰਾਜਿੰਦਰ ਕੌਰ ਸਿਆਸੀ ਪਿੱਠਵਰਤੀ ਪਰਿਵਾਰ ਨਾਲ ਸੰਬੰਧਿਤ ਹੈ ਅਤੇ ਸੱਤਾਧਾਰੀ ਪਾਰਟੀ ਦੀ ਮੌਜੂਦਾ ਸਰਪੰਚ ਵੀ ਹੈ। ਸੱਤਾਧਾਰੀ ਪਾਰਟੀ ਵਿੱਚ ਪਰਿਵਾਰ ਦਾ ਹੱਥ ਪੈਂਦਾ ਹੋਣ ਕਰਕੇ ਵਿਭਾਗੀ ਅਧਿਕਾਰੀਆਂ ਦੀ ਉਸ ਦੇ ਖਿਲਾਫ਼ ਕਨੂੰਨੀ ਕਾਰਵਾਈ ਕਰਨ ਦੀ ਹਿੰਮਤ ਨਹੀਂ ਹੋ ਰਹੀ, ਜਦ ਕਿ ਅਜਿਹੇ ਹੋਰ ਮਸਲੇ ਸਾਹਮਣੇ ਆਏ ਹਨ ਜਦੋਂ ਝੂਠੇ ਦਸਤਾਵੇਜ਼ ਪੇਸ਼ ਕਰਕੇ ਪੈਨਸ਼ਨ ਲੈਣ ਵਾਲੇ ਲਾਭਪਾਤਰੀਆਂ ਤੋਂ ਰਿਕਵਰੀ ਦੇ ਨਾਲ ਨਾਲ ਉਹਨਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਦਾ ਅਮਲ ਵੀ ਵਿੱਢਿਆ ਗਿਆ। ਇੱਥੇ ਇਹ ਵੀ ਦੱਸ ਦੇਈਏ ਕਿ ਵਿਭਾਗ ਨਾਲ ਧੋਖਾਧੜੀ ਕਰਕੇ ਗ਼ਲਤ ਪੈਨਸ਼ਨ ਲਗਵਾਉਣ ਵਾਲੇ ਵਿਅਕਤੀ ਦੇ ਖ਼ਿਲਾਫ਼ ਸਮਾਜਿਕ ਸੁਰੱਖਿਆ ਵਿਭਾਗ ਦੇ ਨਿਯਮਾਂ ਅਨੁਸਾਰ ਧੋਖਾਧੜੀ ਦਾ ਮੁਕੱਦਮਾ ਦਰਜ ਕਰਵਾਇਆ ਜਾਣਾ ਬਣਦਾ ਹੈ ਪ੍ਰੰਤੂ “ਤਕੜੇ ਦਾ ਸੱਤੀਂ ਵੀਹੀ ਸੌ” ਦੀ ਕਹਾਵਤ ਦੇ ਅਨੁਸਾਰ ਅਜਿਹੇ ਜਿਹੜੇ ਲਾਭਪਾਤਰੀਆਂ ਦੀ ਸਰਕਾਰ ਨਾਲ ਰਿਸ਼ਤੇਦਾਰੀ ਜੁੜਦੀ ਹੋਵੇ ਉਹਨਾਂ ਦੇ ਖ਼ਿਲਾਫ਼ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਜਿਵੇਂ ਕਿ ਉਕਤ ਮਾਮਲੇ ਵਿੱਚ ਰਾਜਿੰਦਰ ਕੌਰ ਦੇ ਖ਼ਿਲਾਫ਼ ਰਿਕਵਰੀ ਤੋਂ ਸਿਵਾਏ ਹੋਰ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਸਬੰਧੀ ਜਦ ਬਰਨਾਲਾ ਦੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾਕਟਰ ਤੇਆਵਾਸਪ੍ਰੀਤ ਕੌਰ ਨਾਲ ਸੰਪਰਕ ਕੀਤਾ ਤਾਂ ਉਹਨਾਂ ਉਕਤ ਰਾਜਿੰਦਰ ਕੌਰ ਤੋਂ ਗਲਤ ਪੈਨਸਲ ਲੈਣ ਦੇ ਬਦਲੇ ਰਿਕਵਰੀ ਦੀ ਪੁਸ਼ਟੀ ਤਾਂ ਕੀਤੀ ਪ੍ਰੰਤੂ ਵਿਭਾਗ ਨਾਲ ਧੋਖਾਧੜੀ ਕਰਨ ਬਦਲੇ ਬਣਦੀ ਕਾਰਵਾਈ ਕਰਨ ਸਬੰਧੀ ਗੋਲਮੋਲ ਜਵਾਬ ਦਿੱਤਾ।









