ਚੰਡੀਗੜ੍ਹ,15 ਜਨਵਰੀ, Gee98 news service
-ਇੱਕ ਗਰਭਵਤੀ ਔਰਤ ਜਿਸ ਦਾ ਆਪਣੇ ਪਤੀ ਤੋਂ ਤਲਾਕ ਨਾ ਹੋਇਆ ਹੋਵੇ ਅਤੇ ਉਹ ਪਤੀ ਤੋਂ ਵੱਖ ਰਹਿ ਰਹੀ ਹੋਵੇ, ਪਤੀ ਦੀ ਮਨਜ਼ੂਰੀ ਤੋਂ ਬਿਨਾਂ ਗਰਭਪਾਤ ਕਰਵਾ ਸਕਦੀ ਹੈ। ਮੰਗਲਵਾਰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅਜਿਹੀ ਇੱਕ ਪਟੀਸ਼ਨ ਦੀ ਸੁਣਵਾਈ ਦੌਰਾਨ ਇਹ ਅਹਿਮ ਫੈਸਲਾ ਦਿੱਤਾ। ਦੱਸ ਦੇਈਏ ਕਿ ਆਪਣੇ ਪਤੀ ਤੋਂ ਵੱਖ ਰਹਿ ਰਹੀ ਇੱਕ ਗਰਭਵਤੀ ਔਰਤ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਮੋਹਾਲੀ ਦੇ ਫੋਰਟਿਸ ਹਸਪਤਾਲ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ ਕਿ ਉਸਦਾ 18 ਹਫ਼ਤੇ ਦਾ ਗਰਭਪਾਤ ਕੀਤਾ ਜਾਵੇ। ਪਟੀਸ਼ਨਰ ਦੇ ਵਕੀਲ ਨੇ ਦੱਸਿਆ ਕਿ ਗਰਭਪਾਤ ਲਈ ਨਿਰਧਾਰਿਤ ਸਮੇਂ ਤੋਂ ਵੱਧ ਦਾ ਗਰਭ ਨਾ ਹੋਣ ਕਾਰਨ ਉਸ ਦਾ ਗਰਭਪਾਤ ਕੀਤਾ ਜਾ ਸਕਦਾ ਹੈ। ਪਟੀਸ਼ਨਰ ਦੇ ਵਕੀਲ ਨੇ ਤਰਕ ਦਿੱਤਾ ਕਿ ਔਰਤ ਨੂੰ ਘੱਟ ਦਾਜ ਲਿਆਉਣ ਕਾਰਨ ਉਸ ਦੇ ਸਹੁਰੇ ਪਰਿਵਾਰ ਵੱਲੋਂ ਤਸ਼ੱਸਦ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਦੇ ਪਤੀ ਨੇ ਵੀ ਉਸ ਨਾਲ ਦੁਰਵਿਹਾਰ ਕੀਤਾ। ਇਥੋਂ ਤੱਕ ਕਿ ਉਸ ਦੇ ਪਤੀ ਨੇ ਆਪਣੇ ਨਿੱਜੀ ਪਲ਼ਾਂ ਨੂੰ ਗੁਪਤ ਤੌਰ ‘ਤੇ ਰਿਕਾਰਡ ਕਰਨ ਲਈ ਦੋ ਵਾਰ ਆਪਣੇ ਬੈੱਡਰੂਮ ‘ਚ ਇਕ ਪੋਰਟੇਬਲ ਕੈਮਰਾ ਵੀ ਲਾਇਆ। ਜਿਸ ਤੋਂ ਬਾਅਦ ਔਰਤ ਆਪਣੇ ਪਤੀ ਤੋਂ ਵੱਖ ਰਹਿਣ ਲੱਗੀ ਪਰੰਤੂ ਇਸ ਦੌਰਾਨ ਉਸ ਨੂੰ ਪਤਾ ਲੱਗਿਆ ਕਿ ਉਹ ਗਰਭਵਤੀ ਹੈ ਅਤੇ ਉਸਨੇ ਅਦਾਲਤ ਤੱਕ ਪਹੁੰਚ ਕਰਕੇ ਕਿਹਾ ਕਿ ਉਸ ਦੇ ਬੇਲੋੜੇ ਗਰਭ ਨੂੰ ਜਾਰੀ ਰੱਖਣ ਨਾਲ ਉਸ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਗੰਭੀਰ ਨੁਕਸਾਨ ਹੋਵੇਗਾ। ਇਸ ਮਹੱਤਵਪੂਰਨ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਹਾਈਕੋਰਟ ਨੇ ਕਿਹਾ ਕਿ ਪਟੀਸ਼ਨਰ ਘਰੇਲੂ ਹਿੰਸਾ ਕਾਰਨ ਆਪਣੇ ਪਤੀ ਤੋਂ ਵੱਖ ਹੋ ਗਈ ਪਰ ਕਾਨੂੰਨੀ ਤੌਰ ‘ਤੇ ਤਲਾਕ ਨਹੀਂ ਹੋਇਆ ਹੈ, ਫਿਰ ਵੀ ਉਹ ਵਿਆਹੁਤਾ ਹਾਲਤ ‘ਚ ਤਬਦੀਲੀ ਦੇ ਆਧਾਰ ‘ਤੇ ਆਪਣੇ ਪਤੀ ਦੀ ਸਹਿਮਤੀ ਤੋਂ ਬਿਨਾਂ ਗਰਭਪਾਤ ਕਰਵਾਉਣ ਲਈ ਪਾਤਰ ਹੈ। ਹਾਈਕੋਰਟ ਨੇ ਕਿਹਾ ਕਿ ਬੇਲੋੜਾ ਗਰਭਧਾਰਨ ਲਈ ਮਜਬੂਰ ਹੋਣ ‘ਤੇ, ਇਕ ਔਰਤ ਨੂੰ ਮਹੱਤਵਪੂਰਨ ਸਰੀਰਕ ਅਤੇ ਭਾਵਨਾਤਮਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬੱਚੇ ਦੇ ਜਨਮ ਤੋਂ ਬਾਅਦ ਵੀ ਅਜਿਹੀ ਗਰਭ ਅਵਸਥਾ ਦੇ ਨਤੀਜਿਆਂ ਨਾਲ ਨਜਿੱਠਣਾ ਪਟੀਸ਼ਨਰ ‘ਤੇ ਬੇਲੋੜਾ ਬੋਝ ਪਾਉਂਦਾ ਹੈ।










