Gee 98News

PM ਮੋਦੀ ਦਾ 2022 ਕਾਫ਼ਲਾ ਰੋਕਣ ਦੇ ਮਾਮਲੇ ‘ਚ 25 ਕਿਸਾਨ ਪੁਲਿਸ ਕਾਰਵਾਈ ਦੇ ਲਪੇਟੇ ‘ਚ…!

-ਪੰਜਾਬ ਸਰਕਾਰ ਨੇ 5 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਫਿਰੋਜ਼ਪੁਰ ਦੌਰੇ ਦੇ ਦੌਰਾਨ ਹੋਈ ਸੁਰੱਖਿਆ ਕੁਤਾਹੀ ਦੇ ਮਾਮਲੇ ਵਿੱਚ 25 ਦੇ ਕਰੀਬ ਕਿਸਾਨਾਂ ਨੂੰ ਪੁਲਿਸ ਕਾਰਵਾਈ ਦੇ ਘੇਰੇ ਵਿੱਚ ਲਿਆ ਹੈ। ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਕਰੀਬ ਤਿੰਨ ਸਾਲਾਂ ਬਾਅਦ ਇਰਾਦਾ ਕਤਲ ਵਰਗੀਆਂ ਸਖਤ ਧਾਰਾਵਾਂ ਵੀ ਜੋੜ ਦਿੱਤੀਆਂ ਹਨ ਅਤੇ 25 ਦੇ ਕਰੀਬ ਕਿਸਾਨਾਂ ਨੂੰ ਪੁਲਿਸ ਕਾਰਵਾਈ ਦੇ ਲਪੇਟੇ ਵਿੱਚ ਲਿਆ ਹੈ। ਕਿਸਾਨ ਆਗੂ ਪੰਧੇਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਕਾਰਵਾਈ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਹ ਜੱਗ ਜ਼ਾਹਿਰ ਹੈ ਕਿ ਪ੍ਰਧਾਨ ਮੰਤਰੀ 5 ਜਨਵਰੀ 2022 ਨੂੰ ਜਹਾਜ ਰਾਹੀਂ ਆ ਰਹੇ ਸਨ ਜਦਕਿ ਮੌਕੇ ‘ਤੇ ਉਹਨਾਂ ਦਾ ਰੂਟ ਪਲੈਨ ਬਦਲ ਦਿੱਤਾ ਗਿਆ ਸੀ ਅਤੇ ਪ੍ਰਧਾਨ ਮੰਤਰੀ ਸੜਕ ਰੂਟ ਰਾਹੀਂ ਫਿਰੋਜ਼ਪੁਰ ਜਾ ਰਹੇ ਸਨ, ਜਿਸ ਦੌਰਾਨ ਪ੍ਰਧਾਨ ਮੰਤਰੀ ਦਾ ਕਾਫਲਾ 15-20 ਮਿੰਟ ਲਈ ਰੁਕਿਆ ਰਿਹਾ। ਕਿਸਾਨ ਆਗੂ ਪੰਧੇਰ ਨੇ ਕਿਹਾ ਕਿ ਇਸ ਦੌਰਾਨ ਕਿਸੇ ਇੱਕ ਵੀ ਕਿਸਾਨ ਨੇ ਪ੍ਰਧਾਨ ਮੰਤਰੀ ਵੱਲ ਫੁੱਲ ਤੱਕ ਵੀ ਨਹੀਂ ਮਾਰਿਆ, ਫਿਰ ਵੀ ਪੰਜਾਬ ਸਰਕਾਰ ਨੇ ਸਖਤ ਧਾਰਾਵਾਂ ਤਹਿਤ 25 ਦੇ ਕਰੀਬ ਕਿਸਾਨਾਂ ‘ਤੇ ਕਾਰਵਾਈ ਕੀਤੀ ਹੈ। ਉਹਨਾਂ ਕਿਹਾ ਕਿ ਉਸ ਵੇਲੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ ਵੀ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਕਿਸਾਨਾਂ ਦਾ ਮਕਸਦ ਪ੍ਰਧਾਨ ਮੰਤਰੀ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਸੀ। ਜ਼ਿਕਰਯੋਗ ਹੈ ਕਿ 5 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਫਿਰੋਜ਼ਪੁਰ ਦੌਰੇ ‘ਤੇ ਆਏ ਸਨ। ਪ੍ਰਧਾਨ ਮੰਤਰੀ ਬਠਿੰਡਾ ਤੋਂ ਸੜਕ ਮਾਰਗ ਰਾਹੀਂ ਫਿਰੋਜ਼ਪੁਰ ਜਾ ਰਹੇ ਸਨ ਇਸ ਦੌਰਾਨ ਰਸਤੇ ਵਿੱਚ ਕਿਸਾਨਾਂ ਨੇ ਰੋਡ ਜਾਮ ਕਰ ਦਿੱਤਾ ਜਿਸ ਕਰਕੇ ਪ੍ਰਧਾਨ ਮੰਤਰੀ ਨੂੰ 15-20 ਮਿੰਟ ਸੜਕ ‘ਤੇ ਰੁਕਣਾ ਪਿਆ ਅਤੇ ਫਿਰ ਪ੍ਰਧਾਨ ਮੰਤਰੀ ਦਾ ਕਾਫਲਾ ਵਾਪਸ ਮੁੜ ਗਿਆ ਸੀ।

Gee98 Ads
error: Content is protected !!