ਚੰਡੀਗੜ੍ਹ,25 ਜਨਵਰੀ, Gee98 News service
-ਪੰਜਾਬ ਦੇ ਸਰਕਾਰੀ ਵਿਭਾਗਾਂ ‘ਚ ਗ਼ੈਰ ਕਾਨੂੰਨੀ ਤਰੀਕੇ ਨਾਲ ਉੱਚੇ ਅਹੁਦਿਆਂ ‘ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਖ਼ਿਲਾਫ਼ ਸਖ਼ਤ ਐਕਸ਼ਨ ਲੈਂਦੇ ਹੋਏ ਅਜਿਹੇ ਕਰਮਚਾਰੀਆਂ ਨੂੰ ਤੁਰੰਤ ਆਪਣਾ ਚਾਰਜ ਛੱਡ ਕੇ ਆਪਣੀਆਂ ਅਸਲ ਪੋਸਟਾਂ ‘ਤੇ ਵਾਪਸ ਪਰਤਣ ਲਈ ਵੀ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਸੂਬੇ ਦੇ ਸਰਕਾਰੀ ਵਿਭਾਗਾਂ ਵਿੱਚ ਕਰਮਚਾਰੀਆਂ ਨੂੰ ਗਲਤ ਤਰੀਕੇ ਨਾਲ ਉੱਚੇ ਅਹੁਦਿਆਂ ਦਾ ਚਾਰਜ ਦਿੱਤਾ ਗਿਆ ਹੈ। ਅਜਿਹੇ ਕਰਮਚਾਰੀ ਯੋਗਤਾ ਦੇ ਮਾਪਦੰਡ ਪੂਰੇ ਕੀਤੇ ਬਿਨਾਂ ਉੱਚ ਅਹੁਦਿਆਂ ‘ਤੇ ਕੰਮ ਕਰ ਰਹੇ ਹਨ, ਇਸ ਦੇ ਨਾਲ ਹੀ ਅਜਿਹੇ ਕਰਮਚਾਰੀ ਵਾਧੂ ਵਿੱਤੀ ਲਾਭ ਪ੍ਰਾਪਤ ਕਰਨ ਲਈ ਅਦਾਲਤਾਂ ਵਿੱਚ ਕੇਸ ਵੀ ਦਾਇਰ ਕਰ ਰਹੇ ਹਨ ਜਿਸ ਦਾ ਸਰਕਾਰ ਨੇ ਸਖ਼ਤ ਨੋਟਿਸ ਲਿਆ ਹੈ ਹਾਲਾਂਕਿ ਉਹਨਾਂ ਨੂੰ ਯੋਗਤਾ ਦੀ ਘਾਟ ਕਰਕੇ ਜਾਂ ਪ੍ਰੋਟੋਕੋਲ ਕਰਕੇ ਸਬੰਧਤ ਅਸਾਮੀਆਂ ਦਾ ਚਾਰਜ ਦਿੱਤਾ ਹੀ ਨਹੀਂ ਜਾ ਸਕਦਾ ਪ੍ਰੰਤੂ ਫਿਰ ਵੀ ਸੂਬੇ ਦੇ ਬਹੁਤੇ ਵਿਭਾਗਾਂ ਵਿੱਚ ਸਿਆਸੀ ਦਖਲ ਅੰਦਾਜੀ ਦੇ ਕਾਰਨ ਕੁਝ ਅਜਿਹੇ ਕਰਮਚਾਰੀਆਂ ਨੂੰ ਮਹੱਤਵਪੂਰਨ ਅਸਾਮੀਆਂ ਦਾ ਚਾਰਜ ਦਿੱਤਾ ਗਿਆ ਹੈ ਜਿਨਾਂ ਨੂੰ ਉਸ ਅਸਾਮੀ ਦਾ ਚਾਰਜ ਦਿੱਤਾ ਹੀ ਨਹੀਂ ਜਾ ਸਕਦਾ। ਸੂਬੇ ਦੇ ਪਰਸੋਨਲ ਵਿਭਾਗ ਵੱਲੋਂ ਇਸ ਸਬੰਧੀ ਇੱਕ ਸਰਕੁਲਰ ਵੀ ਜਾਰੀ ਕੀਤਾ ਗਿਆ ਹੈ ਜਿਸ ਤਹਿਤ ਕਿਸੇ ਵੀ ਕਰਮਚਾਰੀ ਨੂੰ ਦਿੱਤਾ ਗਿਆ ਸੀਡੀਸੀ ਰੱਦ ਕਰਨਾ ਹੋਵੇਗਾ ਅਤੇ ਭਵਿੱਖ ਵਿੱਚ ਕਿਸੇ ਵੀ ਕਰਮਚਾਰੀ ਗਲਤ ਤਰੀਕੇ ਨਾਲ ਉੱਚੇ ਅਹੁਦੇ ਦਾ ਚਾਰਜ ਨਾ ਦੇਣ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ। ਦੱਸ ਦੇਈਏ ਕਿ ਅਜਿਹਾ ਹੀ ਇੱਕ ਮਾਮਲਾ ਬਰਨਾਲਾ ਜ਼ਿਲ੍ਹੇ ਦੇ ਬਲਾਕ ਮਹਿਲ ਕਲਾਂ ਵਿੱਚ ਵੀ ਸਾਹਮਣੇ ਆਇਆ ਹੈ ਜਿੱਥੇ ਇੱਕ ਆਊਟਸੋਰਸ ਕਰਮਚਾਰੀ ਨੂੰ ਅਕਾਊਂਟੈਂਟ ਦੀ ਮਹੱਤਵਪੂਰਨ ਅਸਾਮੀ ‘ਤੇ ਲਗਾਇਆ ਗਿਆ ਹੈ, ਇਹ ਮਾਮਲਾ ਬਰਨਾਲਾ ਜ਼ਿਲ੍ਹੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਹੋਣ ਦੇ ਬਾਵਜੂਦ ਵੀ ਕਿਸੇ ਅਧਿਕਾਰੀ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਪ੍ਰੰਤੂ ਹੁਣ ਪਰਸੋਨਲ ਵਿਭਾਗ ਵੱਲੋਂ ਇਸ ਸਬੰਧੀ ਸਰਕੁਲਰ ਜਾਰੀ ਹੋਣ ਤੋਂ ਬਾਅਦ ਇਹ ਦੇਖਣਾ ਹੋਵੇਗਾ ਕਿ ਕੀ ਉਕਤ ਸਰਕੁਲਰ ਦੀ ਰੌਸ਼ਨੀ ਵਿੱਚ ਮਹਿਲ ਕਲਾਂ ਬਲਾਕ ਦਾ ਮਾਮਲਾ ਵੀ ਵਿਚਾਰਿਆ ਜਾਂਦਾ ਹੈ ਜਾਂ ਫਿਰ ਕਿਸੇ ਵੱਡੇ ਸਿਆਸੀ ਨੇਤਾ ਦੀ ਦਖਲ਼ਅੰਦਾਜੀ ਅਤੇ ਆਸ਼ੀਰਵਾਦ ਸਦਕਾ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਰਹਿਣਗੀਆਂ।