Gee 98News

Flash News…ਤਹਿਸੀਲਦਾਰ ਤੋਂ ਰਜਿਸਟਰੀਆਂ ਕਰਨ ਦੇ ਅਧਿਕਾਰ ਲਏ ਵਾਪਸ…!

-ਪੰਜਾਬ ਦੇ ਇੱਕ ਤਹਿਸੀਲਦਾਰ ਵੱਲੋਂ ਰਜਿਸਟਰੀਆਂ ਕਰਨ ਦੀ ਪ੍ਰਕਿਰਿਆ ਵਿੱਚ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਜੋਂ ਸਰਕਾਰ ਨੇ ਸੰਬੰਧਤ ਤਹਿਸੀਲਦਾਰ ਕੋਲੋਂ ਰਜਿਸਟਰੀ ਕਰਨ ਦੇ ਅਧਿਕਾਰ ਵਾਪਸ ਲੈ ਲਏ ਹਨ। ਇਹ ਮਾਮਲਾ ਜਗਰਾਉਂ ਤਹਿਸੀਲ ਨਾਲ ਸੰਬੰਧਿਤ ਹੈ ਜਿੱਥੋਂ ਦੇ ਤਹਿਸੀਲਦਾਰ ਰਣਜੀਤ ਸਿੰਘ ਵੱਲੋਂ ਲੁਧਿਆਣਾ ਦੀ ਤਹਿਸੀਲ ਪੂਰਬੀ ‘ਚ ਬੈਠ ਕੇ ਜਗਰਾਉਂ ਦੀਆਂ ਰਜਿਸਟਰੀਆਂ ਕੀਤੀਆਂ ਜਾਂਦੀਆਂ ਸਨ। ਐਡਵੋਕੇਟ ਰਕੇਸ਼ ਕੁਮਾਰ ਵੱਲੋਂ ਜਦੋਂ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਉਠਾਇਆ ਗਿਆ ਤਾਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਨੋਟਿਸ ਲੈਂਦੇ ਹੋਏ ਤਹਿਸੀਲਦਾਰ ਰਣਜੀਤ ਸਿੰਘ ਤੋ ਰਜਿਸਟਰੀ ਕਰਨ ਦੇ ਅਧਿਕਾਰ ਵਾਪਸ ਸਬੰਧੀ ਪੱਤਰ ਜਾਰੀ ਕੀਤਾ ਅਤੇ ਤਹਿਸੀਲਦਾਰ ਤੇ ਰਜਿਸਟਰੀ ਕਰਨ ਦੇ ਅਧਿਕਾਰ ਨੂੰ ਖਤਮ ਕਰ ਦਿੱਤਾ ਗਿਆ। ਹੁਣ ਲੁਧਿਆਣਾ ਪੂਰਬੀ ਪਰਮਪਾਲ ਸਿੰਘ ਨਾਇਬ ਤਹਿਸੀਲਦਾਰ ਨੂੰ ਲੁਧਿਆਣਾ ਪੂਰਬੀ ਦਾ ਸਬ ਰਜਿਸਟਰਾਰ ਅਤੇ ਸੁਰਿੰਦਰ ਕੁਮਾਰ ਪੱਬੀ ਨਾਇਬ ਤਹਿਸੀਲਦਾਰ ਜਗਰਾਉ ਨੂੰ ਤਹਿਸੀਲ ਜਗਰਾਓ ਵਿਖੇ ਰਜਿਸਟਰੇਸ਼ਨ ਦਾ ਕੰਮ ਕਰਨ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਰਣਜੀਤ ਸਿੰਘ ਨੂੰ ਭਾਵੇਂ ਜਗਰਾਉਂ ਦੇ ਤਹਿਸੀਲਦਾਰ ਵਜੋਂ ਜ਼ਿੰਮੇਵਾਰੀ ਦਿੱਤੀ ਗਈ ਸੀ। ਪਰ ਉਹ ਲੁਧਿਆਣਾ ਪੂਰਬੀ ਤਹਿਸੀਲ ਦੇ ਵਾਧੂ ਚਾਰਜ ਉੱਪਰ ਆਪਣਾ ਜ਼ਿਆਦਾ ਸਮਾਂ ਬਤੀਤ ਕਰਦੇ ਸਨ ਅਤੇ ਜਗਰਾਓ ਆਪਣੇ ਦਫਤਰ ਸ਼ਾਮ ਨੂੰ ਤਿੰਨ ਸਾਢੇ ਤਿੰਨ ਵਜੇ ਤੋਂ ਬਾਅਦ ਹੀ ਆਉਂਦੇ ਸਨ। ਜਿਸ ਕਾਰਨ ਜਗਰਾਉਂ ਦੀ ਜਨਤਾ ਨੂੰ ਰਜਿਸਟਰੇਸ਼ਨ ਕਰਵਾਉਣ ਲਈ ਖੱਜਲ ਖੁਆਰ ਹੋਣਾ ਪੈਂਦਾ ਸੀ। ਕਈ ਵਾਰ ਤਾਂ ਰਜਿਸਟਰੀ ਕਰਵਾਉਣ ਆਈ ਜਨਤਾ ਦੀ ਭਾਰੀ ਭੀੜ ਨੂੰ ਮਾਯੂਸ ਹੋ ਕੇ ਵਾਪਸ ਵੀ ਮੁੜਨਾ ਪੈਂਦਾ ਸੀ ਅਤੇ ਰਜਿਸਟਰੀਆਂ ਦੂਸਰੇ ਦਿਨ ਕੀਤੀਆਂ ਜਾਂਦੀਆਂ ਸਨ। ਇਸ ਤੋਂ ਇਲਾਵਾ ਕਈ ਵਾਰ ਰਜਿਸਟਰੀ ਕਰਨ ਲਈ ਦੇਰ ਸ਼ਾਮ 5 ਵਜੇ ਤੋਂ ਬਾਅਦ ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗ ਕੇ ਵੀ ਰਜਿਸਟਰੀਆਂ ਕੀਤੀਆਂ ਗਈਆਂ ਹਨ। ਇਹ ਵੀ ਸਾਹਮਣੇ ਆਇਆ ਕਿ ਤਹਿਸੀਲਦਾਰ ਰਣਜੀਤ ਸਿੰਘ ਵੱਲੋਂ ਜਗਰਾਉਂ ਦੀਆਂ ਰਜਿਸਟਰੀਆਂ ਲੁਧਿਆਣਾ ਪੂਰਬੀ ਤਹਿਸੀਲ ਚ ਬੈਠ ਕੇ ਕੀਤੀਆਂ ਜਾਂਦੀਆਂ ਸਨ। ਤਹਿਸੀਲਦਾਰ ਵੱਲੋਂ ਇਹਨਾਂ ਨਿਯਮਾਂ ਦੀ ਉਲੰਘਣਾ ਨੇ ਉਹਨਾਂ ਨੂੰ ਕਾਨੂੰਨੀ ਸ਼ਿਕੰਜੇ ਵਿੱਚ ਫਸਾ ਦਿੱਤਾ ਅਤੇ ਉਨਾਂ ਤੋਂ ਰਜਿਸਟਰੀ ਕਰਨ ਦੇ ਅਧਿਕਾਰ ਵਾਪਸ ਲਏ ਹਨ। ‌

error: Content is protected !!