Gee 98News

ਬੱਸ ਸਟੈਂਡ ਬੰਦ ਕਰਕੇ ਵਿਧਾਨ ਸਭਾ ਦਾ ਕਰਾਂਗੇ ਘਿਰਾਓ…PRTC ਕਾਮਿਆਂ ਦੀ ਚਿਤਾਵਨੀ

ਬਰਨਾਲਾ,17 ਫਰਵਰੀ (ਨਿਰਮਲ ਸਿੰਘ ਪੰਡੋਰੀ)-

-ਗੇਟ ਰੈਲੀ ਕਰਕੇ ਸਰਕਾਰ ਅਤੇ ਮੈਨੇਜਮੈਂਟ ਦਾ ਪਿੱਟ ਸਿਆਪਾ ਕੀਤਾ
-ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ 25/11 ਵਲੋਂ ਬਰਨਾਲਾ ਡੀਪੂ ਦੇ ਗੇਟ ‘ਤੇ ਗੇਟ ਰੈਲੀ ਕਰਕੇ ਸਰਕਾਰ ਅਤੇ ਮੈਨੇਜਮੈਂਟ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।ਇਸ ਮੌਕੇ ਬੋਲਦਿਆਂ ਸੈਕਟਰੀ ਸੁਖਪਾਲ ਸਿੰਘ ਪਾਲਾ, ਗੁਰਪ੍ਰੀਤ ਦੀਵਾਨਾ, ਗੁਰਪ੍ਰੀਤ ਸੇਖਾ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਪੰਜਾਬ ਸਰਕਾਰ ਨਾਲ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਜਿਹਨਾਂ ਵਿਚ ਕੁਝ ਮੰਗਾਂ ‘ਤੇ ਸਰਕਾਰ ਨਾਲ ਸਹਿਮਤੀ ਬਣੀ ਅਤੇ ਦੋਵੇਂ ਵਿਭਾਗਾਂ ‘ਚ ਲਾਗੂ ਕਰਨ ਲਈ ਹਦਾਇਤਾਂ ਕੀਤੀਆਂ ਗਈਆਂ ਪਰ ਪੀ.ਆਰ.ਟੀ.ਸੀ ਦੇ ਮਨੇਜਮੈਂਟ ਵੱਲੋਂ ਮੰਗਾਂ ਨੂੰ ਲਾਗੂ ਕਰਨ ਤੋਂ ਲਗਾਤਾਰ ਟਾਲ ਮਟੋਲ ਕੀਤਾ ਜਾ ਰਿਹਾ ਹੈ ਜਿਸ ਕਰਕੇ ਵਾਰ-ਵਾਰ ਸੰਘਰਸ਼ ਕਰਨ ਦੇ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਕੁੱਝ ਮੰਗਾਂ ਦਾ ਹੱਲ ਮਨੇਜਮੈਂਟ ਕਰਨ ਦੇ ਲਈ ਸਮਰੱਥ ਹੈ ਪਰ ਜਾਣ ਬੁੱਝ ਕੇ ਕਰਨਾ ਨਹੀਂ ਚਹੁੰਦੀ ਜਿਸ ਕਾਰਣ ਸੰਘਰਸ਼ ਦੇ ਰਾਹ ਤੁਰਨਾ ਪੈਂਦਾ ਹੈ। ਉਨਾਂ ਕਿਹਾ ਕਿ ਸਰਕਾਰ ਵੱਲੋਂ ਹੁਕਮ ਕੀਤੇ ਗਏ ਕਿ ਜਿਹੜੀ ਤਨਖਾਹ ‘ਤੇ ਵਰਕਰਾਂ ਦੀ ਰਿਪੋਰਟ ਹੁੰਦੀ ਹੈ ਉਸ ਤਨਖਾਹ ‘ਤੇ ਬਹਾਲ ਕੀਤਾ ਜਾਵੇ ਇਸ ਮੰਗ ਨੂੰ ਸਰਕਾਰ ਵੱਲੋਂ ਪ੍ਰਵਾਨ ਵੀ ਕੀਤਾ ਗਿਆ ਹੈ ਅਤੇ ਲਾਗੂ ਕਰਨ ਦੇ ਲਈ ਪੱਤਰ ਜਾਰੀ ਕਰ ਦਿੱਤਾ ਗਿਆ ਸੀ ਪਰ ਪੀ.ਆਰ.ਟੀ.ਸੀ ਮਨੇਜਮੈਂਟ ਜਾਣ ਬੁੱਝ ਕੇ ਪੱਤਰ ਨੂੰ ਦੱਬ ਕੇ ਬੈਠੀ ਹੈ। ਆਗੂਆਂ ਨੇ ਕਿਹਾ ਕਿ ਘੱਟ ਤਨਖਾਹ ‘ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੇ ਵਿੱਚ ਵਾਧੇ ਦੇ ਪੱਤਰ ਵੀ ਸਰਕਾਰ ਵੱਲੋਂ ਜਾਰੀ ਹੋ ਚੁੱਕੇ ਹਨ ਪਰ ਮਨੇਜਮੈਂਟ ਜਾਰੀ ਨਹੀਂ ਕਰ ਰਹੀ। ਇਸ ਤੋਂ ਇਲਾਵਾ ਵਰਕਸ਼ਾਪ ਦੇ ਸਕਿੱਲਡ ਦਾ ਮਸਲਾ ਲੰਮੇ ਸਮੇਂ ਤੋਂ ਲਮਕਾਇਆ ਜਾ ਰਿਹਾ ਹੈ । ਹਰ ਵਾਰ ਮਨੇਜਮੈਂਟ ਇਸ ਮੰਗ ਨੂੰ ਹੱਲ ਕਰਨ ਦਾ ਭਰੋਸਾ ਦਿੰਦੀ ਹੈ ਪ੍ਰੰਤੂ ਟਾਲ ਮਟੋਲ ਕਰਦੀ ਹੈ ।ਇਸ ਤੋਂ ਇਲਾਵਾ ਛੁੱਟੀਆਂ/ਰੈਸਟਾਂ ਸਮੇਤ ਮਨਟੈਟਰੀ ਛੁੱਟੀ ਵੀ ਕਨੂੰਨ ਦੇ ਮੁਤਾਬਿਕ ਨਹੀਂ ਦਿੱਤੀਆਂ ਜਾ ਰਹੀਆਂ,ਕੁੱਝ ਮੁਲਾਜ਼ਮਾਂ ਨੂੰ ESI ਦੇ ਲਾਭ ਬੰਦ ਹੋ ਗਏ ਹਨ ਪ੍ਰੰਤੂ ਇਹਨਾਂ ਲਾਭ ਨੂੰ ਬਰਕਰਾਰ ਰੱਖਣ ਦੇ ਲਈ ਮਨੇਜਮੈਂਟ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ। ਸੋਸ਼ਲ ਵੈਲਫੇਅਰ ਫੰਡ ਦੀ ਕਟੌਤੀ ਕੀਤੀ ਜਾਂਦੀ ਹੈ ਪ੍ਰੰਤੂ ਲਾਭ ਕਿਸੇ ਵੀ ਮੁਲਾਜ਼ਮ ਨੂੰ ਨਹੀਂ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 2016 ਦੇ 55 ਨੰਬਰ ਐਕਟ ਮੁਤਾਬਿਕ ਕੁਝ ਮੁਲਾਜ਼ਮਾਂ ਨੂੰ ਇਸ ਲਾਭ ਤੋਂ ਬਿਨਾਂ ਰੱਖਿਆ ਗਿਆ। ਡੀਪੂ ਪ੍ਰਧਾਨ ਗੁਰਪ੍ਰੀਤ ਦੀਵਾਨਾ ਨੇ ਕਿਹਾ ਕਿ ਜੇਕਰ ਸਮਾਂ ਰਹਿੰਦੇ ਮੰਗਾਂ ਦਾ ਹੱਲ ਨਾ ਕੀਤਾ ਤਾਂ 24 ਫ਼ਰਵਰੀ ਨੂੰ ਪਟਿਆਲਾ ਬੱਸ ਸਟੈਂਡ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਮੇਨ ਚੌਂਕ ਬੰਦ ਕੀਤਾ ਜਾਵੇਗਾ, ਜੇਕਰ ਫ਼ੇਰ ਵੀ ਕੋਈ ਹੱਲ ਨਹੀਂ ਕੀਤਾ ਤਾਂ ਵਿਧਾਨ ਸਭਾ ਦੇ ਸੈਸ਼ਨ ਦਾ ਘਿਰਾਓ ਕੀਤਾ ਜਾਵੇਗਾ।

error: Content is protected !!