ਕਈ ਸਰਕਾਰਾਂ ਵੇਖੀਆਂ ਪਰ ਕਿਸੇ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਇਸ ਤਰ੍ਹਾਂ ਨਹੀਂ ਧਮਕਾਇਆ – ਉਗਰਾਹਾਂ, ਰਾਜੇਵਾਲ
ਚੰਡੀਗੜ੍ਹ,3 ਮਾਰਚ, Gee98 news service
-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਵਿਚਾਲੇ ਮੰਗਾਂ ਨੂੰ ਲੈ ਕੇ ਅੱਜ ਹੋਈ ਮੀਟਿੰਗ ਬੇਸਿੱਟਾ ਰਹੀ।ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ‘ਚ ਭਖਵਾਂ ਰੋਸ ਪਾਇਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ CM ਮਾਨ, ਮੀਟਿੰਗ ਵਿਚਾਲੇ ਛੱਡ ਕੇ ਹੀ ਚਲੇ ਗਏ।ਕਿਸਾਨ ਆਗੂਆਂ ਨੇ ਇਲਜ਼ਾਮ ਲਾਇਆ ਕਿ ਮੁੱਖ ਮੰਤਰੀ ਵੱਲੋਂ ਮੀਟਿੰਗ ਦੌਰਾਨ ਉਨ੍ਹਾਂ ਨੂੰ ਧਮਕਾਉਣ ਦੀ ਵੀ ਕੋਸ਼ਿਸ਼ ਕੀਤੀ ਗਈ। ਮੀਟਿੰਗ ਤੋਂ ਬਾਹਰ ਨਿਕਲਣ ਤੋਂ ਬਾਅਦ ਮੁੱਖ ਮੰਤਰੀ ਨੇ ਮੀਡੀਆ ਨਾਲ ਵੀ ਕੋਈ ਗੱਲ ਨਹੀਂ ਕੀਤੀ। ਮੁੱਖ ਮੰਤਰੀ ਦੇ ਜਾਣ ਤੋਂ ਬਾਅਦ ਕਿਸਾਨ ਆਗੂਆਂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ “ਅੱਧੀਆਂ ਮੰਗਾਂ ਬਾਬਤ ਚਰਚਾ ਹੋ ਗਈ ਸੀ ਤੇ ਇਸ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਧਰਨੇ ਨਾ ਲਾਇਆ ਕਰੋ ਤੇ ਆਪਣੇ 5 ਮਾਰਚ ਵਾਲੇ ਪ੍ਰੋਗਰਾਮ ਬਾਰੇ ਦੱਸੋ, ਜਿਸ ਤੋਂ ਬਾਅਦ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਪ੍ਰੋਗਰਾਮ ਉਲੀਕਿਆ ਹੋਇਆ ਹੈ ਤੇ ਮੰਗਾਂ ਉੱਤੇ ਚਰਚਾ ਹੋਣ ਬਾਅਦ ਹੀ ਇਸ ਬਾਰੇ ਕੋਈ ਫੈਸਲਾ ਲਿਆ ਜਾਵੇਗਾ ਇਸ ਤੋਂ ਬਾਅਦ ਮੁੱਖ ਮੰਤਰੀ ਮੀਟਿੰਗ ਛੱਡਕੇ ਚਲੇ ਗਏ। ਉਹ ਕਹਿ ਗਏ ਕਿ ਜੇ ਹੁਣ ਉਹ 5 ਮਾਰਚ ਵਾਲਾ ਮਾਰਚ ਕਰਨਗੇ ਤਾਂ ਮੰਗੀਆਂ ਹੋਈਆਂ ਮੰਗਾਂ ਵੀ ਰੱਦ ਕਰ ਦਿੱਤੀਆਂ ਜਾਣਗੀਆਂ”। ਇਸ ਮੌਕੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਉੱਚੇ ਅਹੁਦੇ ਉੱਤੇ ਬੈਠਾ ਬੰਦਾ ਇਹ ਕਹਿ ਦੇਵੇ ਕਿ 5 ਤਾਰੀਕ ਨੂੰ ਜੋ ਕਰਨਾ ਕਰ ਲਵੋ, ਜੋ ਮੰਗਾਂ ਪਹਿਲਾਂ ਮੰਗੀਆਂ ਨੇ ਉਹ ਵੀ ਰੱਦ ਕੀਤੀਆਂ ਜਾਂਦੀਆਂ ਹਨ ਇਹ ਕਹਿਣਾ ਸਹੀ ਨਹੀਂ ਹੈ। ਉਨ੍ਹਾਂ ਨੇ ਪਹਿਲਾਂ ਵੀ ਕਈ ਮੁੱਖ ਮੰਤਰੀਆਂ ਨਾਲ ਮੀਟਿੰਗਾਂ ਕੀਤੀਆਂ ਹਨ ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਮੁੱਖ ਮੰਤਰੀ ਨੂੰ ਗੁੱਸਾ ਆ ਜਾਵੇ। ਉਨ੍ਹਾਂ ਨੇ ਕਿਹਾ ਕਿ 5 ਮਾਰਚ ਵਾਲਾ ਉਨ੍ਹਾਂ ਦਾ ਪ੍ਰਦਰਸ਼ਨ ਪੱਕਾ ਹੈ ਉਹ ਪ੍ਰਦਰਸ਼ਨ ਜ਼ਰੂਰ ਕਰਨਗੇ। ਇਹ ਹੁਣ ਸਰਕਾਰ ਦੇ ਹੱਥ ਹੈ ਕਿ ਉਨ੍ਹਾਂ ਨੂੰ ਚੰਡੀਗੜ੍ਹ ਆਉਣ ਦਿੰਦੀ ਹੈ ਜਾਂ ਫਿਰ ਰਾਹ ਵਿੱਚ ਰੋਕਦੀ ਹੈ ਜਾਂ ਘਰਾਂ ਤੋਂ ਹੀ ਗ੍ਰਿਫ਼ਤਾਰ ਕਰੇਗੀ ਪਰ ਉਨ੍ਹਾਂ ਦੀ ਤਿਆਰੀ ਪੂਰੀ ਹੈ।