ਚੰਡੀਗੜ੍ਹ,6 ਮਾਰਚ, Gee98 news service
-ਪੰਜਾਬ ਸਰਕਾਰ ਨੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨਾਲ ਸਿੱਧੀ ਟੱਕਰ ਵਾਲੀ ਸਥਿਤੀ ਬਣਾ ਲਈ ਹੈ। ਪੰਜਾਬ ‘ਚ ਆਪ ਦੀ ਸਰਕਾਰ ਦੇ ਗਠਨ ਤੋਂ ਬਾਅਦ ਕਿਸਾਨ ਕੁਝ ਕਿਸਾਨ ਜਥੇਬੰਦੀਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਸਾਨ ਹਿਤੈਸ਼ੀ ਮੰਨ ਕੇ ਚੱਲ ਰਹੀਆਂ ਸਨ ਪ੍ਰੰਤੂ ਮੁੱਖ ਮੰਤਰੀ ਭਗਵੰਤ ਮਾਨ ਦੇ ਕਿਸਾਨ ਜਥੇਬੰਦੀਆਂ ਪ੍ਰਤੀ ਅਚਾਨਕ ਬਦਲੇ ਰਵੱਈਏ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਹੀ ਨਹੀਂ ਸਗੋਂ ਆਮ ਲੋਕਾਂ ਨੂੰ ਵੀ ਹੈਰਾਨ ਕੀਤਾ ਹੈ। ਮੁੱਖ ਮੰਤਰੀ ਅਤੇ ਸੰਯੁਕਤ ਕਿਸਾਨ ਮੋਰਚਾ ਵਿਚਾਲੇ ਚੰਡੀਗੜ੍ਹ ਹੋਈ ਮੀਟਿੰਗ ਦੌਰਾਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਕੜਵਾਹਟ ਵਾਲਾ ਮਾਹੌਲ ਬਣਨ ਤੋਂ ਬਾਅਦ ਮੁੱਖ ਮੰਤਰੀ ਮੀਟਿੰਗ ਛੱਡ ਕੇ ਚਲੇ ਗਏ ਅਤੇ ਕਿਸਾਨਾਂ ਨੂੰ ਚੰਡੀਗੜ੍ਹ 5 ਮਾਰਚ ਦਾ ਮੋਰਚਾ ਲਗਾਉਣ ਲਈ ਵੀ ਚੈਲਿੰਜ ਕਰ ਦਿੱਤਾ। 4 ਅਤੇ 5 ਮਾਰਚ ਦੀ ਦਰਮਿਆਨੀ ਰਾਤ ਪੰਜਾਬ ਦੇ ਬਹੁਤੇ ਕਿਸਾਨ ਜਥੇਬੰਦੀਆਂ ਦੇ ਆਗੂ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤੇ ਅਤੇ 5 ਮਾਰਚ ਦੀ ਸਵੇਰ ਚੰਡੀਗੜ੍ਹ ਨੂੰ ਜਾਂਦੇ ਸਾਰੇ ਰਸਤਿਆਂ ‘ਤੇ ਵੱਡੀ ਗਿਣਤੀ ਵਿੱਚ ਪੰਜਾਬ ਪੁਲਿਸ ਤਾਇਨਾਤ ਕਰ ਦਿੱਤੀ ਗਈ। ਕਿਸੇ ਵੀ ਕਿਸਾਨ ਜਥੇਬੰਦੀ ਦੇ ਆਗੂ ਜਾਂ ਵਰਕਰ ਨੂੰ 5 ਮਾਰਚ ਚੰਡੀਗੜ੍ਹ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ। ਸੰਯੁਕਤ ਕਿਸਾਨ ਮੋਰਚਾ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੂੰ ਸੜਕਾਂ ਤੇ ਬੈਰੀਕੇਡ ਲਗਾ ਕੇ ਰੋਕਿਆ ਗਿਆ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਆਗੂ ਵਰਕਰ ਉਥੇ ਹੀ ਸੜਕ ਦੇ ਇੱਕ ਪਾਸੇ ਬੈਠ ਗਏ। ਪੰਜਾਬ ਸਰਕਾਰ ਦੇ ਇਸ ਐਕਸ਼ਨ ਤੋਂ ਸੰਯੁਕਤ ਕਿਸਾਨ ਮੋਰਚਾ ਦੀਆਂ ਕਿਸਾਨ ਜਥੇਬੰਦੀਆਂ ਵਿੱਚ ਡਾਹਢਾ ਰੋਸ ਵੀ ਵੇਖਿਆ ਜਾ ਰਿਹਾ ਹੈ, ਇਹ ਰੋਸ ਸ਼ਾਇਦ ਇਸੇ ਕਰਕੇ ਵੀ ਹੈ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੀਆਂ ਬਹੁਤੀਆਂ ਜਥੇਬੰਦੀਆਂ ਅਜਹੀਆਂ ਹਨ ਜਿਨਾਂ ਨੇ 2022 ‘ਚ ਆਪ ਦੀ ਸਰਕਾਰ ਬਣਾਉਣ ਵਿੱਚ ਅਹਿਮ ਭੂਮਿਕਾ ਅਦਾ ਕੀਤੀ।5 ਮਾਰਚ ਨੂੰ ਪੰਜਾਬ ਸਰਕਾਰ ਤੇ ਐਕਸ਼ਨ ਨੂੰ ਵੇਖਦੇ ਹੋਏ ਹੁਣ SKM ਦੀਆਂ ਜਥੇਬੰਦੀਆਂ ਨੇ ਵੀ ਆਪਣੀ ਰਾਜਨੀਤੀ ਬਦਲਣ ਦਾ ਵਿਚਾਰ ਕੀਤਾ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ SKM ਦੇ ਜਥੇਬੰਦੀਆਂ ਵੱਲੋਂ ਪੰਜਾਬ ਦੀਆਂ ਸੜਕਾਂ ‘ਤੇ ਪੰਜਾਬ ਪੁਲਿਸ ਨਾਲ ਸਿੱਧੇ ਮੱਥੇ ਬਹਿਸਣ ਤੋਂ ਇਲਾਵਾ ਇੱਕ ਅਜਿਹੀ ਰਣਨੀਤੀ ਬਣਾਉਣ ‘ਤੇ ਵਿਚਾਰ ਹੋ ਰਹੀ ਹੈ ਜਿਸ ਤਹਿਤ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਮੰਤਰੀਆਂ ਅਤੇ ਹੋਰ ਸੂਬਾ ਪੱਧਰੀ ਅਹੁਦੇਦਾਰਾਂ ਨੂੰ ਪਿੰਡਾਂ ਵਿੱਚ ਘੇਰਿਆ ਜਾਵੇਗਾ। ਇੱਕ ਵੱਡੀ ਕਿਸਾਨ ਜਥੇਬੰਦੀ ਦੇ ਬਰਨਾਲਾ ਦੇ ਜ਼ਿਲ੍ਹਾ ਪੱਧਰੀ ਆਗੂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਕਿਸਾਨਾਂ ਨੂੰ ਚੰਡੀਗੜ੍ਹ ਮੋਰਚਾ ਲਗਾਉਣ ਲਈ ਜਾਣ ਤੋਂ ਰੋਕੇਗੀ ਤਾਂ ਆਪ ਸਰਕਾਰ ਦੇ ਵਿਧਾਇਕਾਂ, ਮੰਤਰੀਆਂ ਤੇ ਆਪ ਦੇ ਆਗੂਆਂ ਦੀ ਪਿੰਡਾਂ ਵਿੱਚ ਐਂਟਰੀ ਬਿਲਕੁਲ ਬੰਦ ਕਰ ਦਿੱਤੀ ਜਾਵੇਗੀ। ਆਗੂ ਨੇ ਕਿਹਾ ਕਿ ਕਿਸਾਨ ਵੱਡੀਆਂ ਸੜਕਾਂ ‘ਤੇ ਟਰੈਫਿਕ ਜਾਮ ਨਹੀਂ ਕਰਨਗੇ ਸਗੋਂ ਸੜਕਾਂ ਦੇ ਕਿਨਾਰਿਆਂ ‘ਤੇ ਬੈਠਣਗੇ ਅਤੇ ਜਦ ਵੀ ਕਿਸੇ ਵਿਧਾਇਕ ਜਾਂ ਮੰਤਰੀ ਦਾ ਕਾਫਲਾ ਆਵੇਗਾ ਤਾਂ ਉਸਦਾ ਘਿਰਾਓ ਕੀਤਾ ਜਾਵੇਗਾ। ਮਹਿਲ ਕਲਾਂ ਨਾਲ ਸਬੰਧਿਤ ਇਕ ਵੱਡੇ ਆਗੂ ਨੇ ਕਿਹਾ ਕਿ “ਹੁਣ ਭਗਵੰਤ ਮਾਨ ਨੂੰ ਭਗਵੰਤ ਮਾਨ ਦੀ ਸ਼ੈਲੀ ਵਿੱਚ ਹੀ ਜਵਾਬ ਦਿੱਤਾ ਜਾਵੇਗਾ”। ਕਿਸਾਨ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਮੋਰਚਾ ਰੱਦ ਕੀਤੇ ਜਾਣ ਦਾ ਫੈਸਲਾ ਵੀ ਕੁਝ ਅਜਿਹਾ ਹੀ ਸੰਕੇਤ ਕਰ ਰਿਹਾ ਹੈ।