Gee 98News

ਮਹਾਰਾਸ਼ਟਰ ਵਿੱਚ ਕੈਂਪ ‘ਤੇ ਗਈਆਂ ਪੰਜਾਬ ਦੀਆਂ ਵਿਦਿਆਰਥਣਾਂ ਨੂੰ ਮਹਿਲਾ ਪ੍ਰੋਫੈਸਰ ਨੇ ਬਰਾਂਡੀ ਪੀਣ ਲਈ ਕੀਤਾ ਮਜ਼ਬੂਰ

-ਪੰਜਾਬ ਦੀਆਂ ਕੁਝ ਵਿਦਿਆਰਥਣਾਂ ਨੂੰ ਮਹਾਰਾਸ਼ਟਰ ਵਿੱਚ ਪਿਛਲੇ ਦਿਨੀਂ ਇੱਕ ਕੈਂਪ ਦੌਰਾਨ ਵਿਦਿਆਰਥਣਾਂ ਦੇ ਨਾਲ ਗਏ ਸਟਾਫ਼ ਮੈਂਬਰ ਵੱਲੋਂ ਬਰਾਂਡੀ ਪੀਣ ਲਈ ਮਜਬੂਰ ਕੀਤੇ ਜਾਣ ਦਾ ਮਾਮਲਾ ਭਖਿਆ ਹੋਇਆ ਹੈ। ‌ ਇਹ ਮਾਮਲਾ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਮਾਨਸਾ ਨਾਲ ਸਬੰਧਿਤ ਹੈ ਜਿੱਥੋਂ ਦੀਆਂ ਵਿਦਿਆਰਥਣਾਂ ਨੂੰ ਮਹਾਰਾਸ਼ਟਰ ਵਿੱਚ ਨੈਸ਼ਨਲ ਇੰਟੀਗ੍ਰੇਸ਼ਨ ਕੈਂਪ ਦੌਰਾਨ ਬਰਾਂਡੀ ਪੀਣ ਲਈ ਮਜ਼ਬੂਰ ਕੀਤਾ ਗਿਆ। ਇਸ ਸਬੰਧੀ ਪੀੜ੍ਹਤ ਮਾਪਿਆਂ ਵੱਲੋਂ ਧਿਆਨ ਵਿੱਚ ਲਿਆਉਣ ਤੋਂ ਬਾਅਦ ਸੀਪੀਆਈ (ਐੱਮਐੱਲ) ਲਿਬਰੇਸ਼ਨ ਦੇ ਵਫ਼ਦ ਨੇ ਮਾਨਸਾ ਦੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਮਿਲ ਕੇ ‌ਸ਼ਿਕਾਇਤ ਦਰਜ ਕਰਵਾਈ। ਜਥੇਬੰਦੀ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇ 7 ਮਾਰਚ ਤੱਕ ਇਨਸਾਫ਼ ਨਾ ਮਿਲਿਆ ਤਾਂ ਉਹ 8 ਮਾਰਚ ਨੂੰ ਮਹਿਲਾ ਦਿਵਸ ‘ਤੇ ਇਸ ਮਾਮਲੇ ਨੂੰ ਲੈ ਕੇ ਸ਼ਹਿਰ ਵਿੱਚ ਰੋਸ ਮਾਰਚ ਕਰਕੇ ਧਰਨਾ ਲਾਉਣਗੇ।ਇਸ ਵਫ਼ਦ ਵਿੱਚ ਕੁੱਝ ਵਿਦਿਆਰਥਣਾਂ ਦੇ ਮਾਪੇ ਵੀ ਸਨ ਅਤੇ ਉਨ੍ਹਾਂ ਨੇ ਕਾਲਜ ਦੀ ਮਹਿਲਾ ਪ੍ਰੋਫੈਸਰ, ਜੋ ਮਹਾਂਰਾਸ਼ਟਰ ‘ਚ ਲੱਗੇ ਇੰਟੀਗ੍ਰੇਸ਼ਨ ਕੈਂਪ ਦੌਰਾਨ ਵਿਦਿਆਰਥਣਾਂ ਦੇ ਨਾਲ ਸੀ, ‘ਤੇ ਬਰਾਂਡੀ ਪੀਣ ਲਈ ਮਜ਼ਬੂਰ ਕਰਨ ਦੇ ਦੋਸ਼ ਲਗਾਏ। ਵਫ਼ਦ ਦੇ ਆਗੂਆਂ ਨੇ ਦੱਸਿਆ ਕਿ ਵਿਦਿਆਰਥਣਾਂ ਨੇ ਕਾਲਜ ਦੇ ਪ੍ਰਿੰਸੀਪਲ ਨੂੰ ਵੀ ਲਿਖਤੀ ਸ਼ਿਕਾਇਤ ਦੇ ਕੇ ਪ੍ਰੋਫੈਸਰ ਖ਼ਿਲਾਫ਼ ਬਣਦੀ ਵਿਭਾਗੀ ਅਤੇ ਪੁਲੀਸ ਕਾਰਵਾਈ ਕਰਨ ਦੀ ਪਹਿਲਾਂ ਹੀ ਮੰਗ ਕੀਤੀ ਹੈ। ਆਗੂਆਂ ਨੇ ਕਿਹਾ ਕਿ ਉਨ੍ਹਾਂ ਕੋਲ ਮਹਿਲਾ ਪ੍ਰੋਫੈਸਰ ਅਤੇ ਪੀੜ੍ਹਤ ਵਿਦਿਆਰਥਣਾਂ ਦੀ ਆਡੀਓ ਰਿਕਾਰਡਿੰਗਾਂ ਹਨ, ਜਿਨ੍ਹਾਂ ਵਿਚ ਪ੍ਰੋਫੈਸਰ ਪੀੜਤ ਵਿਦਿਆਰਥਣਾਂ ਨੂੰ ਧਮਕਾ ਰਹੀ ਹੈ। ਉਨ੍ਹਾਂ ਮਹਿਲਾ ਪ੍ਰੋਫੈਸਰ ਦਾ ਫੋਨ ਜ਼ਬਤ ਕਰਕੇ ਉਸ ਦੀ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਵਫ਼ਦ ਵਿੱਚ ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਵਿਜੈ ਕੁਮਾਰ ਭੀਖੀ, ਪ੍ਰਗਤੀਸ਼ੀਲ ਇਸਤਰੀ ਸਭਾ ਦੇ ਆਗੂ ਕਾਮਰੇਡ ਜਸਵੀਰ ਕੌਰ ਨੱਤ, ਬਲਵਿੰਦਰ ਕੌਰ ਖਾਰਾ ਅਤੇ ਹੋਰ ਆਗੂ ਵੀ ਸ਼ਾਮਲ ਸਨ।

Gee98 Ads
error: Content is protected !!