ਬਰਨਾਲਾ,8 ਮਾਰਚ (ਨਿਰਮਲ ਸਿੰਘ ਪੰਡੋਰੀ)-
-ਪੰਜਾਬ ‘ਚ ਕੁਝ ਸਰਕਾਰੀ ਹਸਪਤਾਲਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਦੇਣ ਦੇ ਐਲਾਨ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਦੱਸ ਦੇਈਏ ਕਿ ਸੂਬੇ ਦੇ ਸਿਹਤ ਮੰਤਰੀ ਪੰਜਾਬ ‘ਚ ਨਸ਼ਾ ਛਡਾਊ ਕੇਂਦਰਾਂ ਅਤੇ ਹਸਪਤਾਲਾਂ ਦੇ ਚੈਕਿੰਗ ਦੌਰੇ ‘ਤੇ ਹਨ, ਇਸ ਦੌਰਾਨ ਉਹਨਾਂ ਨੇ ਬੀਤੇ ਦਿਨੀਂ ਮੋਗਾ ਵਿਖੇ ਇੱਕ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਕੁਝ ਸਰਕਾਰੀ ਹਸਪਤਾਲਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤਾ ਜਾ ਰਿਹਾ ਅਤੇ ਇਸ ਤੋਂ ਬਾਅਦ ਬੀਤੇ ਕੱਲ੍ਹ ਸਿਹਤ ਮੰਤਰੀ ਨੇ ਬਰਨਾਲਾ ਵਿਖੇ ਵੀ ਇਹੀ ਬਿਆਨ ਦਿੱਤਾ, ਜਿਸ ਤੋਂ ਬਾਅਦ ਪੰਜਾਬ ਸਰਕਾਰ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ‘ਤੇ ਆ ਗਈ ਹੈ। ਇਸ ਤੋਂ ਇਲਾਵਾ ਜਨਤਕ ਜਥੇਬੰਦੀਆਂ ਨੇ ਵੀ ਸੂਬੇ ਦੇ ਸਿਹਤ ਮੰਤਰੀ ਦੇ ਇਸ ਬਿਆਨ ਨੂੰ ਗੰਭੀਰਤਾ ਨਾਲ ਲਿਆ ਹੈ। ਸਿਹਤ ਮੰਤਰੀ ਦੇ ਬਿਆਨ ਦੀ ਰੌਸ਼ਨੀ ਵਿੱਚ ਬਰਨਾਲਾ ਦੇ ਸਿਵਲ ਹਸਪਤਾਲ ਨੂੰ ਨਿੱਜੀ ਹੱਥਾਂ ਵਿੱਚ ਜਾਣ ਤੋਂ ਬਚਾਉਣ ਲਈ ਬਰਨਾਲਾ ਵਿਖੇ ਬਣੀ ਸਿਵਲ ਹਸਪਤਾਲ ਬਚਾਓ ਕਮੇਟੀ ਨੇ ਸਰਗਰਮੀ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਹਸਪਤਾਲ ਬਚਾਓ ਕਮੇਟੀ ਸਿਹਤ ਮੰਤਰੀ ਨੂੰ ਬਰਨਾਲਾ ਵਿਖੇ ਮਾੜੀਆਂ ਸਿਹਤ ਸਹੂਲਤਾਂ ਵਿੱਚ ਸੁਧਾਰ ਅਤੇ ਬਰਨਾਲਾ ਦੇ ਸਿਵਲ ਹਸਪਤਾਲ ਵਿੱਚ ਬੁਨਿਆਦੀ ਢਾਂਚੇ ਅਤੇ ਹੋਰ ਕਮੀਆਂ ਨੂੰ ਪੂਰਾ ਕਰਨ ਲਈ ਮਿਲਣ ਪਹੁੰਚੀ ਹੋਈ ਸੀ। ਕਮੇਟੀ ਆਗੂਆਂ ਦੇ ਪਹਿਲਾਂ ਹੀ ਇਹ ਧਿਆਨ ਵਿੱਚ ਸੀ ਕਿ ਸਿਹਤ ਮੰਤਰੀ ਨੇ ਮੋਗਾ ਵਿਖੇ ਬੀਤੇ ਦਿਨੀਂ ਉਕਤ ਬਿਆਨ ਦਿੱਤਾ ਪ੍ਰੰਤੂ ਬਰਨਾਲਾ ਵਿਖੇ ਇਹੀ ਬਿਆਨ ਦੁਹਰਾਉਣ ਤੋਂ ਬਾਅਦ ਕਮੇਟੀ ਆਗੂਆਂ ਨੇ ਮੌਕੇ ‘ਤੇ ਹੀ ਐਲਾਨ ਕਰ ਦਿੱਤਾ ਕਿ ਉਹ ਕਿਸੇ ਵੀ ਹਾਲਤ ਵਿੱਚ ਬਰਨਾਲਾ ਦੇ ਸਿਵਲ ਹਸਪਤਾਲ ਜਾਂ ਬਰਨਾਲਾ ਜ਼ਿਲ੍ਹੇ ਵਿੱਚ ਕਿਸੇ ਵੀ ਸਿਵਲ ਹਸਪਤਾਲ ਨੂੰ ਨਿੱਜੀ ਹੱਥਾਂ ਵਿੱਚ ਨਹੀਂ ਜਾਣ ਦੇਣਗੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ੍ਰੀ ਨਰਾਇਣ ਦੱਤ ਤੇ ਉਹਨਾਂ ਦੇ ਨਾਲ ਹੋਰ ਕਮੇਟੀ ਮੈਂਬਰਾਂ ਨੇ ਕਿਹਾ ਕਿ ਸਰਕਾਰ ਸੂਬੇ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਦੀਆਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ। ਉਹਨਾਂ ਕਿਹਾ ਕਿ ਸਿੱਖਿਆ ਤੇ ਸਿਹਤ ਦੇ ਖੇਤਰ ਵਿੱਚ ਵੱਡੇ ਸੁਧਾਰ ਕਰਨ ਦੇ ਵਾਅਦੇ ਕਰਕੇ ਸੱਤਾ ‘ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਦੋਵੇਂ ਖੇਤਰਾਂ ਦੇ ਵਿੱਚ ਹੱਥ ਖੜੇ ਕਰ ਗਈ ਹੈ। ਕਮੇਟੀ ਆਗੂਆਂ ਨੇ ਕਿਹਾ ਕਿ ਸਿਹਤ ਸਹੂਲਤਾਂ ਬਾਕੀ ਸਾਰੀਆਂ ਸਹੂਲਤਾਂ ਨਾਲੋਂ ਪਹਿਲ ਦੇ ਆਧਾਰ ‘ਤੇ ਹਨ ਜੇਕਰ ਇਹੀ ਸਹੂਲਤਾਂ ਨਿੱਜੀ ਹੱਥਾਂ ਵਿੱਚ ਚਲੀਆਂ ਗਈਆਂ ਤਾਂ ਸਿਹਤ ਸੇਵਾਵਾਂ ਦਾ ਹਾਲ ਲੋਕ ਬਾਖ਼ੂਬੀ ਜਾਣਦੇ ਹਨ ਪਰੰਤੂ ਇਹ ਹੋਣ ਨਹੀਂ ਦਿੱਤਾ ਜਾਵੇਗਾ। ਕਮੇਟੀ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀ ਸਰਕਾਰੀ ਹਸਪਤਾਲਾਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀ ਯੋਜਨਾ ਨੂੰ ਠੁੱਸ ਕਰਨ ਦੇ ਲਈ ਇੱਕਜੁੱਟ ਹੋਣ ਅਤੇ ਲੋੜ ਪੈਣ ‘ਤੇ ਜਨਤਕ ਜਥੇਬੰਦੀਆਂ ਵੱਲੋਂ ਵਿੱਢੇ ਸੰਘਰਸ਼ ਦਾ ਹਿੱਸਾ ਬਣਨ ਤਾਂ ਜੋ ਆਰਥਿਕ ਤੌਰ ‘ਤੇ ਕਮਜ਼ੋਰ ਲੋਕਾਂ ਨੂੰ ਸਸਤੀਆਂ ਸਿਹਤ ਸਹੂਲਤਾਂ ਮਿਲਦੀਆਂ ਰਹਿਣ।