Gee 98News

ਪੰਜਾਬ ‘ਚ ਹਿਮਾਚਲ ਦੀ ਬੱਸ ‘ਤੇ ਹਮਲਾ…ਦੋਵੇਂ ਰਾਜਾਂ ਦੇ ਆਮ ਲੋਕਾਂ ‘ਚ ਸਹਿਮ ਦਾ ਮਾਹੌਲ

-ਪੰਜਾਬ ਅਤੇ ਹਿਮਾਚਲ ਦੇ ਵਿਚਕਾਰ ਇੱਕ ਨਵੇਂ ਚਿੰਤਾਜਨਕ ਵਿਵਾਦ ਦਾ ਮਾਹੌਲ ਬਣਦਾ ਜਾ ਰਿਹਾ ਹੈ। ਇਹ‌ ਵਿਵਾਦ ਹਿਮਾਚਲ ਵਿੱਚ ਗਏ ਸਿੱਖ ਨੌਜਵਾਨਾਂ ਦੇ ਮੋਟਰਸਾਈਕਲਾਂ ਤੋਂ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਵਾਲਾ ਝੰਡਾ ਉਤਾਰਨ ਅਤੇ ‌ਉਸਨੂੰ ਪੈਰਾਂ ਹੇਠ ਰੋਲਣ ਤੋਂ ਬਾਅਦ ਸ਼ੁਰੂ ਹੋਇਆ, ਜਿਸ ਦਾ ਰੀਐਕਸ਼ਨ ਪੰਜਾਬ ‘ਚ ਹੋਣਾ ਸੁਭਾਵਿਕ ਸੀ। ਬੀਤੇ ਕੱਲ੍ਹ ਪੰਜਾਬ ‘ਚ ਕੁਝ ਵਿਅਕਤੀਆਂ ਵੱਲੋਂ ਹਿਮਾਚਲ ਪ੍ਰਦੇਸ਼ ਦੀਆਂ ਸਰਕਾਰੀ ਬੱਸਾਂ ‘ਤੇ ਸੰਤ ਭਿੰਡਰਾਂਵਾਲਿਆਂ ਦੇ ਪੋਸਟਰ ਲਗਾਏ ਗਏ ਅਤੇ ਬੀਤੀ ਰਾਤ ਪੰਜਾਬ ਦੇ ਖਰੜ ਸ਼ਹਿਰ ਨੇੜੇ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ (HRTC) ਦੀ ਬੱਸ ‘ਤੇ ਹਮਲਾ ਹੋਇਆ ਹੈ। ਇਹ ਬੱਸ ਚੰਡੀਗੜ੍ਹ ਤੋਂ ਚੱਲ ਕੇ ਹਿਮਾਚਲ ਦੇ ਹਮੀਰਪੁਰ ਜਾ ਰਹੀ ਸੀ, ਜਿਸ ਨੂੰ ਖਰੜ ਨੇੜੇ ਕਾਰ ਵਿੱਚ ਆਏ ਅਣਪਛਾਤੇ ਵਿਅਕਤੀਆਂ ਨੇ ਘੇਰਿਆ ਅਤੇ ਬੱਸ ਦੇ ਸ਼ੀਸ਼ੇ ਭੰਨ ਦਿੱਤੇ, ਹਮਲਾਵਰਾਂ ਨੇ ਆਪਣੇ ਚਿਹਰੇ ਢਕੇ ਹੋਏ ਸਨ। ਇਸ ਘਟਨਾ ਨਾਲ ਬੱਸ ਵਿੱਚ ਸਵਾਰ ਯਾਤਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਬੱਸ ਦੇ ਡਰਾਈਵਰ, ਕੰਡਕਟਰ ਅਤੇ ਸਵਾਰੀਆਂ ਨੇ ਕਿਸੇ ਤਰ੍ਹਾਂ ਆਪਣਾ ਬਚਾਅ ਕੀਤਾ। ਖੁਸ਼ਕਿਸਮਤੀ ਰਹੀ ਕਿ ਬੱਸ ਵਿੱਚ ਸਵਾਰ ਯਾਤਰੀਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਿਆ। ਇਸ ਘਟਨਾ ਤੋਂ ਬਾਅਦ ਬੱਸ ਦੀਆਂ ਸਵਾਰੀਆਂ ਡਰ ਗਈਆਂ। ਬੱਸ ਦੇ ਸ਼ੀਸ਼ੇ ਬੁਰੀ ਤਰ੍ਹਾਂ ਨੁਕਸਾਨੇ ਗਏ। ਹਮਲਾਵਰਾਂ ਨੇ ਡੰਡਿਆਂ ਨਾਲ ਬੱਸ ‘ਤੇ ਹਮਲਾ ਕਰ ਦਿੱਤਾ ਅਤੇ ਸ਼ੀਸ਼ੇ ਤੋੜ ਦਿੱਤੇ। ਦੋਵਾਂ ਸੂਬਿਆਂ ਵਿੱਚ ਪੈਦਾ ਹੋਏ ਤਣਾਅ ‌ਦੌਰਾਨ ਪੰਜਾਬ ਤੋਂ ਹਿਮਾਚਲ ਅਤੇ ਹਿਮਾਚਲ ਤੋਂ ਪੰਜਾਬ ਆਉਣ ਜਾਣ ਵਾਲੇ ਕਾਰੋਬਾਰੀ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਇਸ ਮਾਮਲੇ ‘ਚ ਪੰਜਾਬ ਦੇ ਮੁੱਖ ਮੰਤਰੀ ਨੇ ‌ਅਜੇ ਤੱਕ ਆਪਣੀ ਕੋਈ ਪ੍ਰਤੀਕਿਰਿਆ ਪ੍ਰਗਟ ਨਹੀਂ ਕੀਤੀ ਸਗੋਂ ਉਹ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਚੋਣ ਪ੍ਰਚਾਰ ਵਿੱਚ ਰੁਝੇ ਹੋਏ ਹਨ ਜਦਕਿ ਪੰਜਾਬ ‘ਤੇ ਹਿਮਾਚਲ ਵਿਚਕਾਰ ਪੈਦਾ ਹੋਇਆ ਇਹ ਵਿਵਾਦ ਇੱਕ ਨਵਾਂ ਰੂਪ ਲੈ ਸਕਦਾ ਹੈ। ਭਾਵੇਂ ਕਿ ਇਹ ਸਾਰੀਆਂ ਘਟਨਾਵਾਂ ਇੱਕ ਧਰਮ ਨਾਲ ਜੁੜੀਆਂ ਹੋਈਆਂ ਹਨ ਪ੍ਰੰਤੂ ਸ਼ਰਾਰਤੀ ਅਨਸਰਾਂ ਵੱਲੋਂ ਇਸ ਨੂੰ ਇੱਕ ਅਜਿਹਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਸ ਨਾਲ ਦੋਵਾਂ ਸੂਬਿਆਂ ਵਿਚਕਾਰ ਵਪਾਰ ਅਤੇ ਕਾਰੋਬਾਰ ਪ੍ਰਭਾਵਿਤ ਹੋਵੇਗਾ ਅਤੇ ਇਸ ਦੇ ਦੂਰਅੰਦੇਸ਼ੀ ਸਿੱਟੇ ਵੀ ਨਿਕਲ ਸਕਦੇ ਹਨ। ਚਾਹੀਦਾ ਤਾਂ ਇਹ ਸੀ ਕਿ ਦੋਵਾਂ ਸੂਬਿਆਂ ਦੇ ਮੁੱਖ ਮੰਤਰੀ ਤੁਰੰਤ ਇਸ ਮਾਮਲੇ ਵਿੱਚ ਮੀਟਿੰਗ ਕਰਦੇ ਪ੍ਰੰਤੂ ‌ਇਸ ਮਾਮਲੇ ‘ਤੇ ਵੀ ਰਾਜਨੀਤੀ ਹੋਣੀ ਸ਼ੁਰੂ ਹੋ ਗਈ ਹੈ।‌ ਇਹ ਇੱਕ ਅਤਿ ਸੰਵੇਦਨਸ਼ੀਲ ਮਾਮਲਾ ਹੈ ਜਿਸ ਪ੍ਰਤੀ ਤੁਰੰਤ ਦੋਵੇਂ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਪੰਜਾਬ ‘ਚ ਹਿਮਾਚਲ ਦੀ ਬੱਸ ਭੰਨਣ ਤੋਂ ਬਾਅਦ ਪੰਜਾਬ ਤੋਂ ਹਿਮਾਚਲ ਜਾਣ ਵਾਲੀਆਂ ਸਰਕਾਰੀ ਬੱਸਾਂ ਦੀਆਂ ਸਵਾਰੀਆਂ ‘ਚ ਵੀ ਯਕੀਕਨ ਸਹਿਮ ਦਾ ਮਾਹੌਲ ਪੈਦਾ ਹੋਵੇਗਾ। ‌

Gee98 Ads
error: Content is protected !!