Gee 98News

ਇੱਕ ਗੋਲੀ ਬਦਮਾਸ਼ ਦੀ ਲੱਤ ਤੇ ਇੱਕ ਪੁਲਿਸ ਦੀ ਗੱਡੀ ‘ਚ ਲੱਗੀ…ਬਰਨਾਲਾ ‘ਚ ਪੁਲਿਸ ਦੀ ਬਦਮਾਸ਼ਾਂ ਨਾਲ ਮੁੱਠਭੇੜ…!

ਬਰਨਾਲਾ,28 ਮਾਰਚ, Gee98 news service

ਮਾੜੇ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਬਰਨਾਲਾ ਪੁਲਿਸ ਦਾ ਅੱਜ ਸਵੇਰੇ ਦਿਨ ਚੜਦੇ ਹੀ ਦੋ ਬਦਮਾਸ਼ਾਂ (ਨਸ਼ਾ ਤਸਕਰਾਂ) ਨਾਲ ਮੁਕਾਬਲਾ ਹੋਇਆ। ਇਸ ਦੌਰਾਨ ਹੋਈ ਗੋਲੀਬਾਰੀ ‘ਚ ਇੱਕ ਗੋਲੀ ਇੱਕ ਬਦਮਾਸ਼ ਦੀ ਲੱਤ ਵਿੱਚ ਲੱਗੀ ਅਤੇ ਇੱਕ ਗੋਲੀ ਪੰਜਾਬ ਪੁਲਿਸ ਦੀ ਇੱਕ ਗੱਡੀ ਵਿੱਚ ਲੱਗੀ। ਪ੍ਰਾਪਤ ਜਾਣਕਾਰੀ ਅਨੁਸਾਰ ਸੀਆਈਏ ਟੀਮ ਨੇ ਬਰਨਾਲਾ ਮਾਨਸਾ ਰੋਡ ‘ਤੇ ਟਰਾਈਡੈਂਟ ਫੈਕਟਰੀ ਦੇ ਨੇੜੇ ਨਾਕੇਬੰਦੀ ਕੀਤੀ ਹੋਈ ਸੀ। ਮਾਨਸਾ ਵਾਲੇ ਪਾਸੇ ਤੋਂ ਇੱਕ ਕਾਲੇ ਰੰਗ ਦੀ ਕਾਰ ਆਈ ਜਿਸ ਨੂੰ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ ਪ੍ਰੰਤੂ ਕਾਰ ਸਵਾਰ ਨੇ ਗੱਡੀ ਰੋਕਣ ਦੀ ਬਜਾਏ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਦੀ ਚੌਕਸੀ ਕਾਰਨ ਉਹ ਗੱਡੀ ਭਜਾਉਣ ਵਿੱਚ ਕਾਮਯਾਬ ਨਾ ਹੋ ਸਕਿਆ ਤੇ ਇਸ ਦੌਰਾਨ ਗੱਡੀ ਵਿਚਲੇ ਦੋ ਨੌਜਵਾਨਾਂ ਨੇ ਪੁਲਿਸ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਿਨਾਂ ਵਿੱਚੋਂ ਇੱਕ ਗੋਲੀ ਪੁਲਿਸ ਦੀ ਗੱਡੀ ‘ਚ ਲੱਗੀ ਅਤੇ ਪੁਲਿਸ ਦੀ ਜਵਾਬੀ ਗੋਲੀਬਾਰੀ ਵਿੱਚ ਇੱਕ ਗੋਲੀ ਇੱਕ ਬਦਮਾਸ਼ ਦੀ ਲੱਤ ਵਿੱਚ ਲੱਗੀ, ਦੋਵੇਂ ਅਪਰਾਧੀਆਂ ਦੀ ਪਛਾਣ ਵੀਰਭੱਦਰ ਕਾਲੂ ਅਤੇ ਕੇਵਲ ਸਿੰਘ ਵਜੋਂ ਹੋਈ ਹੈ ਜੋ ਬਰਨਾਲਾ ਦੇ ਰਹਿਣ ਵਾਲੇ ਹਨ, ਜਿਹਨਾਂ ਵਿੱਚੋਂ ਵੀਰਭੱਦਰ ਦੀ ਲੱਤ ਵਿੱਚੋਂ ਪੁਲਿਸ ਦੀ ਗੋਲੀ ਲੱਗੀ ਹੈ। ਪੁਲਿਸ ਪਾਰਟੀ ਨੇ ਦੋਵੇਂ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਹਨਾਂ ਦੀ ਕਾਰ ਕਬਜ਼ੇ ਵਿੱਚ ਲਈ ਅਤੇ ਦੋ ਪਿਸਤੌਲ ਵੀ ਬਰਾਮਦ ਕੀਤੇ ਕਾਰ ਵਿੱਚੋਂ ਮਿਲੇ ਇੱਕ ਬੈਗ ਚੋਂ ਕੁਝ ਨਸ਼ੀਲੇ ਕੈਪਸੂਲ ਵੀ ਬਰਾਮਦ ਕੀਤੇ ਹਨ। ਐਸਐਸ ਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਦੋਵੇਂ ਅਪਰਾਧੀਆਂ ‘ਤੇ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ। ਪੁਲਿਸ ਦੋਵੇਂ ਅਪਰਾਧੀਆਂ ਤੋਂ ਅਗਲੇਰੀ ਪੁੱਛਗਿੱਛ ਕਰ ਰਹੀ ਹੈ, ਜਿਸ ਦੌਰਾਨ ਕਈ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

error: Content is protected !!