Skip to main content

Gee 98News

ਪੰਜਾਬ ਦੇ ਵੱਡੇ ਦਫਤਰਾਂ ‘ਚ ‘ਲਾਲਾ ਜੀ’ ਫਿੱਟ ਕਰ ਰਹੇ ਨੇ ਆਪਣੀਆਂ ਗੋਟੀਆਂ…ਭਗਵੰਤ ਮਾਨ ਦੀ ਚੁੱਪ ਸਵਾਲੀਆ…!

ਪੰਜਾਬ ਦੇ ਐਡਵੋਕੇਟ ਜਨਰਲ ਦੀ ਬਦਲੀ ਨੂੰ ਉਂਝ ਭਾਵੇਂ ਰੂਟੀਨ ਦੀ ਪ੍ਰਕਿਰਿਆ ਕਿਹਾ ਜਾ ਰਿਹਾ ਪ੍ਰੰਤੂ ਇਸ ਦੇ ਪਿਛਲੇ ਕਾਰਨ ਇਹ ਸਪੱਸ਼ਟ ਕਰ ਰਹੇ ਹਨ ਕਿ ਆਮ ਆਦਮੀ ਪਾਰਟੀ ਦੀ ਕੌਮੀ ਹਾਈ ਕਮਾਂਡ ਨੇ ਪੰਜਾਬ ਨੂੰ ਕਾਨੂੰਨੀ ਮੁਹਾਜ਼ ‘ਤੇ ਵੀ ਆਪਣੇ ਸ਼ਿਕੰਜੇ ਵਿੱਚ ਕਰ ਲਿਆ ਹੈ। ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਨੂੰ “ਆਪ” ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਦੇ ਅਤਿ ਨਜ਼ਦੀਕੀ ਮੰਨਿਆ ਜਾ ਰਿਹਾ ਹੈ। ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ 2017 ਤੋਂ ਸਿੱਧੇ ਤੌਰ ‘ਤੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ। ਪੰਜਾਬ ਦੇ ਵੱਡੇ ਕਾਨੂੰਨੀ ਦਫ਼ਤਰ ਵਿੱਚ ਤਾਇਨਾਤ ਕੀਤੇ ਦੋ ਸੀਨੀਅਰ ਐਡੀਸ਼ਨਲ ਐਡਵੋਕੇਟ ਜਨਰਲ ਜਗਦੇਵ ਸਿੰਘ ਭੰਦੋਹਲ ਅਤੇ ਐਡਵੋਕੇਟ ਅਨੂ ਚਤਰਥ ਵੀ “ਆਪ” ਦੀ ਕੌਮੀ ਹਾਈ ਕਮਾਂਡ ਦੇ ਚਹੇਤੇ ਦੱਸੇ ਜਾ ਰਹੇ ਹਨ। ਇਸ ਦੇ ਨਾਲ ਹੀ ਸਰਕਾਰ ਨੇ ਪਹਿਲਾਂ ਨਿਯੁਕਤ 215 ਲਾਅ ਅਫ਼ਸਰਾਂ ਦੀ ਮਿਆਦ ਵੀ 30 ਅਪ੍ਰੈਲ ਤੱਕ ਵਧਾ ਦਿੱਤੀ ਹੈ। ਵੱਡੀ ਚਿੰਤਾਜਨਕ ਗੱਲ ਇਹ ਹੈ ਕਿ ਜੇਕਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਦਾਅਵਿਆਂ ਨੂੰ ਸੱਚ ਮੰਨ ਲਿਆ ਜਾਵੇ ਤਾਂ ਆਮ ਆਦਮੀ ਪਾਰਟੀ ਨਾਲ ਸਿੱਧੇ ਤੌਰ ‘ਤੇ ਜੁੜੇ 50 ਕਾਨੂੰਨੀ ਮਾਹਿਰਾਂ ਨੂੰ ਦਿੱਲੀ ਤੋਂ ਲਿਆ ਕੇ ਪੰਜਾਬ ਦੇ ਐਡਵੋਕੇਟ ਜਨਰਲ ਦਫ਼ਤਰ ਵਿੱਚ ਐਡਜਸਟ ਕੀਤਾ ਜਾ ਰਿਹਾ ਹੈ। ਮਜੀਠੀਆ ਦਾ ਇਹ ਸਵਾਲ ਵੀ ਧਿਆਨ ਮੰਗਦਾ ਹੈ ਕਿ ਕੀ ਗ਼ੈਰ ਪੰਜਾਬੀ ਵਕੀਲ ਪੰਜਾਬ ਦੇ ਪਾਣੀਆਂ ਦੇ ਮੁੱਦੇ, ਪੰਜਾਬ ਦਾ ਚੰਡੀਗੜ੍ਹ ਤੇ ਹੱਕ, ਪੰਜਾਬ ਦੀ ਭਾਖੜਾ ਮੈਨੇਜਮੈਂਟ ਬੋਰਡ ਵਿੱਚ ਸੀਟ ਅਤੇ ਹੋਰ ਪੰਜਾਬ ਦੇ ਮੁੱਦਿਆਂ ਬਾਰੇ ਪੰਜਾਬ ਦੇ ਹੱਕਾਂ ਲਈ ਕਾਨੂੰਨੀ ਲੜਾਈ ਸਹੀ ਤਰੀਕੇ ਨਾਲ ਲੜ ਸਕਣਗੇ ? ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਮਹੱਤਵਪੂਰਨ ਅਹੁਦਿਆਂ ‘ਤੇ ਗ਼ੈਰ ਪੰਜਾਬੀਆਂ ਦੀ ਨਿਯੁਕਤੀ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੁੱਪ ਵੀ ਅਨੇਕਾਂ ਸਵਾਲ ਖੜੇ ਕਰਦੀ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੇ ਪਹਿਲੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਗੈਰੀ ਮੁੱਖ ਮੰਤਰੀ ਭਗਵੰਤ ਮਾਨ ਦੇ ਨੇੜੇ ਸਨ ਜਿਨਾਂ ਨੇ ਕੁਝ ਦਿਨ ਪਹਿਲਾਂ ਅਸਤੀਫ਼ਾ ਦੇ ਦਿੱਤਾ ਸੀ। ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਦੇ ਸਿਵਲ ਪ੍ਰਸ਼ਾਸਨ, ਕਾਨੂੰਨੀ ਪ੍ਰਸ਼ਾਸਨ ਵਿੱਚ ਹੌਲੀ ਹੌਲੀ ਭਗਵੰਤ ਮਾਨ ਦੀ ਪਸੰਦ ਨੂੰ ਲਾਂਭੇ ਕੀਤਾ ਜਾ ਰਿਹਾ ਹੈ ਅਤੇ ‌ ਆਪ ਦੀ ਦਿੱਲੀ ਟੀਮ ਪੰਜਾਬ ਦੇ ਮਹੱਤਵਪੂਰਨ ਦਫ਼ਤਰਾਂ ਵਿੱਚ ਆਪਣੀਆਂ “ਗੋਟੀਆਂ” ਫਿੱਟ ਕਰ ਰਹੀ ਹੈ। ਪੰਜਾਬ ਦੇ ਮਹੱਤਵਪੂਰਨ ਅਹੁਦਿਆਂ ‘ਤੇ ਹੋ ਰਹੀਆਂ ਇਹਨਾਂ ਨਿਯੁਕਤੀਆਂ ਦੇ ਸੰਦਰਭ ਵਿੱਚ ਰਾਜਨੀਤਿਕ ਮਾਹਿਰ ਸਪੱਸ਼ਟ ਟਿੱਪਣੀਆਂ ਕਰ ਰਹੇ ਹਨ ਕਿ ਇਹ ਨਿਯੁਕਤੀਆਂ ਪੰਜਾਬ ਦੇ ਹਿੱਤ ਵਿੱਚ ਨਹੀਂ ਹਨ ਸਗੋਂ ਇਹ ਨਿਯੁਕਤੀਆਂ ਭਗਵੰਤ ਮਾਨ ਦੇ ਭਵਿੱਖ ਲਈ ਵੀ ਠੀਕ ਨਹੀਂ ਹਨ। ਕੁੱਲ ਮਿਲਾ ਕੇ ਇਹ ਮੰਨਿਆ ਜਾ ਸਕਦਾ ਹੈ ਕਿ ਦਿੱਲੀ ਚੋਣਾਂ ‘ਚ ਹਾਰ ਤੋਂ ਬਾਅਦ ਆਪ ਦੀ ਕੌਮੀ ਹਾਈ ਕਮਾਂਡ ਫਿਲਹਾਲ ਅਜਿਹੀ ਸਥਿਤੀ ਵਿੱਚ ਨਹੀਂ ਹੈ ਕਿ ਉਹ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਹ ਸਕੇ ਪ੍ਰੰਤੂ “ਲਾਲਾ ਜੀ” ਦੀ ਦਿੱਲੀ ਟੀਮ ਪੰਜਾਬ ‘ਚ ਅਜਿਹੇ ਫੈਸਲੇ ਲੈ ਰਹੀ ਹੈ ਅਤੇ ਅਜਿਹੇ ਹਾਲਾਤ ਪੈਦਾ ਕਰ ਰਹੀ ਹੈ ਕਿ ਸੂਬੇ ਦੇ ਲੋਕਾਂ ਦੇ ਮਨਾਂ ‘ਚ ਭਗਵੰਤ ਮਾਨ ਦੇ ਪ੍ਰਤੀ ਇੱਕ ਨਰਾਜ਼ਗੀ ਦੀ ਵੱਡੀ ਲਹਿਰ ਖੜੀ ਹੋ ਜਾਵੇ ਅਤੇ ਫਿਰ ਜਦੋਂ ਅਜਿਹੇ ਹਾਲਾਤਾਂ ‘ਚ ਭਗਵੰਤ ਮਾਨ ਨੂੰ ਬਦਲਿਆ ਜਾਵੇ ਤਾਂ ਖੁਦ ਭਗਵੰਤ ਮਾਨ ਵੀ ਕੁਝ ਕਰ ਸਕਣ ਦੀ ਸਥਿਤੀ ਵਿੱਚ ਨਹੀਂ ਹੋਣਗੇ। ਇਸ ਸਥਿਤੀ ਨੂੰ ਦੂਜੇ ਸ਼ਬਦਾਂ ਵਿੱਚ ਇਉਂ ਲਿਖਿਆ ਜਾ ਸਕਦਾ ਹੈ ਕਿ ਆਪ ਦੀ ਕੌਮੀ ਹਾਈ ਕਮਾਂਡ ਪੰਜਾਬ ‘ਚ ਭਗਵੰਤ ਮਾਨ ਦੀ ਅਗਵਾਈ ਹੇਠ ਅਜਿਹੇ ਫੈਸਲੇ ਕਰ ਰਹੀ ਹੈ ਜੋ ਸਿੱਧੇ ਤੌਰ ‘ਤੇ ਵੇਖਣ ਨੂੰ ਹੀ ਪੰਜਾਬ ਵਿਰੋਧੀ ਲੱਗਦੇ ਹਨ ਅਤੇ ਇਹ ਫੈਸਲੇ ਭਗਵੰਤ ਮਾਨ ਨੂੰ ਅਜਿਹੇ ਰਾਜਨੀਤਿਕ ਪਲੇਟਫਾਰਮ ‘ਤੇ ਲਿਆ ਕੇ ਖੜਾ ਕਰ ਦੇਣਗੇ ਜਿੱਥੇ ਪੰਜਾਬ ਦੇ ਲੋਕ ਭਗਵੰਤ ਮਾਨ ਦੇ ਸਾਹਮਣੇ ਦੂਜੇ ਪਾਸੇ ਵਿਰੋਧੀ ਬਣ ਕੇ ਖੜੇ ਹੋਣਗੇ ਅਤੇ ਆਪ ਦੀ ਕੌਮੀ ਹਾਈ ਕਮਾਂਡ ਨੂੰ ਭਗਵੰਤ ਮਾਨ ਨੂੰ ਬਦਲਣ ਸਬੰਧੀ ਕੋਈ ਮੁਸ਼ਕਿਲ ਪੇਸ਼ ਨਹੀਂ ਆਵੇਗੀ।

error: Content is protected !!