ਚੰਡੀਗੜ੍ਹ,3 ਅਪ੍ਰੈਲ, Gee98 news service
-ਪੰਜਾਬ ‘ਚ ਬੱਸਾਂ ਰਾਹੀਂ ਸਫ਼ਰ ਕਰਨ ਵਾਲੀਆਂ ਸਵਾਰੀਆਂ ਨੂੰ ਅੱਜ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਸੂਬੇ ਦੇ ਬੱਸ ਅੱਡੇ ਅੱਜ ਦੋ ਘੰਟੇ ਲਈ ਬੰਦ ਰਹਿਣਗੇ। ਪੀਆਰਟੀਸੀ ਅਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਦੇ ਹੱਕ ‘ਚ 10 ਤੋਂ 12 ਵਜੇ ਤੱਕ ਬੱਸ ਅੱਡੇ ਬੰਦ ਕਰਨ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਇਹ ਮੁਲਾਜ਼ਮ ਕਈ ਸਾਲਾਂ ਤੋਂ ਠੇਕੇ ਦੇ ਅਧਾਰ ‘ਤੇ ਨੌਕਰੀ ਕਰ ਰਹੇ ਹਨ ਜੋ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਕਰ ਰਹੇ ਹਨ। ਇਹਨਾਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਇਹਨਾਂ ਮੁਲਾਜ਼ਮਾਂ ਨੂੰ ਕਈ ਵਾਰ ਪੱਕੇ ਕਰਨ ਦਾ ਭਰੋਸਾ ਦਿੱਤਾ ਗਿਆ ਪ੍ਰੰਤੂ ਸਰਕਾਰ ਆਪਣੇ ਭਰੋਸੇ ‘ਤੇ ਖਰੀ ਨਹੀਂ ਉਤਰੀ। ਮੁਲਾਜ਼ਮ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾਉਣ ਦਾ ਵੀ ਵਿਰੋਧ ਕਰ ਰਹੇ ਹਨ ਪਰੰਤੂ ਸਰਕਾਰ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾ ਰਹੀ ਹੈ।ਇਸ ਦੇ ਇਲਾਵਾ ਇਨਾਂ ਮੁਲਾਜ਼ਮਾਂ ਦੀ ਯੂਨੀਅਨ ਨੇ ਐਲਾਨ ਕੀਤਾ ਹੈ ਕਿ 6, 7 ਅਤੇ 8 ਅਪ੍ਰੈਲ ਨੂੰ ਠੇਕਾ ਮੁਲਾਜ਼ਮਾਂ ਵੱਲੋਂ ਮੁਕੰਮਲ ਹੜ੍ਹਤਾਲ ਕੀਤੀ ਜਾਵੇਗੀ। ਇਨ੍ਹਾਂ ਕੱਚੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਬਜਟ ਪੇਸ਼ ਕਰ ਦਿੱਤਾ ਹੈ ਪਰ ਉਨ੍ਹਾਂ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਪੀਆਰਟੀਸੀ ਵਿੱਚ ਕੁੱਲ 90 ਫੀਸਦੀ ਸਟਾਫ਼ ਠੇਕੇ ‘ਤੇ ਰੱਖੇ ਮੁਲਾਜ਼ਮ ਹਨ,ਜਿਸ ਕਾਰਨ ਜੇਕਰ ਠੇਕਾ ਮੁਲਾਜ਼ਮ ਹੜ੍ਹਤਾਲ ‘ਤੇ ਚਲੇ ਜਾਂਦੇ ਹਨ ਤਾਂ ਵੱਡੀ ਗਿਣਤੀ ਵਿੱਚ ਬੱਸ ਸੇਵਾਵਾਂ ਪ੍ਰਭਾਵਿਤ ਹੋਣਗੀਆਂ। ਭਾਵੇਂ ਰੈਗੂਲਰ ਸਟਾਫ਼ ਹੀ ਬੱਸਾਂ ਚਲਾਏਗਾ, ਪਰ ਇਨ੍ਹਾਂ ਦੀ ਗਿਣਤੀ ਠੇਕੇ ਦੇ ਮੁਲਾਜ਼ਮਾਂ ਨਾਲੋਂ ਬਹੁਤ ਘੱਟ ਹੋਣ ਕਾਰਨ ਬੱਸ ਸੇਵਾਵਾਂ ਦਾ ਕੁਝ ਫੀਸਦ ਹੀ ਚੱਲ ਸਕੇਗਾ। ਇਸ ਦੌਰਾਨ 577 ਰੂਟਾਂ ‘ਤੇ ਬੱਸ ਸੇਵਾਵਾਂ ਪ੍ਰਭਾਵਿਤ ਹੋਣਗੀਆਂ।