ਬਰਨਾਲਾ ,6 ਅਪ੍ਰੈਲ, (ਨਿਰਮਲ ਸਿੰਘ ਪੰਡੋਰੀ)-
-ਪੰਜਾਬ ਪੁਲਿਸ ਦੀ ਇੱਕ ਹੈੱਡ ਕਾਂਸਟੇਬਲ ਦੀ ਚਿੱਟੇ ਸਮੇਤ ਕੀਤੀ ਗ੍ਰਿਫ਼ਤਾਰੀ ਦੇ ਮਾਮਲੇ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੋਸ਼ੀ ਪੁਲਿਸ ਅਫ਼ਸਰਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦਾ ਸੰਕੇਤ ਦਿੱਤਾ ਹੈ। ਬੀਤੇ ਕੱਲ੍ਹ ਮਹਿਲ ਕਲਾਂ ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਤਾਜਪੋਸ਼ੀ ਸਮਾਗਮ ਵਿੱਚ ਪੁੱਜੇ ਕੁਲਤਾਰ ਸਿੰਘ ਸੰਧਵਾਂ ਨੂੰ ਜਦ ਪੱਤਰਕਾਰਾਂ ਨੇ ਬਠਿੰਡਾ ਵਿਖੇ ਪੁਲਿਸ ਵੱਲੋਂ ਗ੍ਰਿਫਤਾਰ ਕੀਤੀ ਹੈੱਡ ਕਾਂਸਟੇਬਲ ਅਮਨਦੀਪ ਕੌਰ ਨਾਲ ਪੰਜਾਬ ਪੁਲਿਸ ਦੇ ਸੀਨੀਅਰ ਅਫਸਰਾਂ ਦੀ ਨੇੜਤਾ ਦੀ ਚਰਚਾ ਸੰਬੰਧੀ ਸਵਾਲ ਕੀਤਾ ਤਾਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਭਾਵੇਂ ਕੋਈ ਕਿੰਨਾ ਵੱਡਾ ਅਫਸਰ ਹੋਵੇ, ਸਖ਼ਤ ਕਾਰਵਾਈ ਕੀਤੀ ਜਾਵੇਗੀ। 2024 ‘ਚ ਵਿਧਾਨ ਸਭਾ ਦੇ ਸੈਸ਼ਨ ਵਿੱਚ ਪੰਜਾਬ ਪੁਲਿਸ ਵਿੱਚ ਕਾਲੀਆਂ ਭੇਡਾਂ ਦੀ ਸੂਚੀ ਮੰਗਣ ਦੇ ਸਬੰਧੀ ਸਪੀਕਰ ਸੰਧਵਾਂ ਨੂੰ ਜਦ ਪੱਤਰਕਾਰਾਂ ਨੇ ਸਵਾਲ ਕੀਤਾ ਤਾਂ ਸਪੀਕਰ ਇਸ ਸਬੰਧੀ ਸਵਾਲ ਨੂੰ ਗੋਲ ਮੋਲ ਕਰ ਗਏ ਅਤੇ ਕਿਹਾ ਕਿ “ਕਾਂਗਿਆਰੀ ਹਰ ਜਗ੍ਹਾ ਹੁੰਦੀ ਹੈ ਪਰ ਇਹ ਚੁਗ ਦਿੱਤੀ ਜਾਵੇਗੀ”। ਦੱਸ ਦੇਈਏ ਕਿ ਬਠਿੰਡਾ ਵਿਖੇ ਪੰਜਾਬ ਪੁਲਿਸ ਦੀ ਹੈੱਡ ਕਾਂਸਟੇਬਲ ਪੁਲਿਸ ਵੱਲੋਂ ਚਿੱਟੇ ਸਮੇਤ ਫੜੀ ਗਈ ਸੀ ਜਿਸ ਦੇ ਨਾਲ ਪੰਜਾਬ ਪੁਲਿਸ ਦੇ ਇੱਕ ਨਹੀਂ,ਸਗੋਂ ਦੋ ਸੀਨੀਅਰ ਅਫ਼ਸਰਾਂ ਦੀ ਨੇੜਤਾ ਦੀ ਚਰਚਾ ਪੰਜਾਬ ਦੀ ਆਪ ਸਰਕਾਰ ਦੀ ਸਿਆਸੀ ਕਿਰਕਰੀ ਕਰਵਾ ਰਹੀ ਹੈ। ਇੱਕ ਪਾਸੇ ਸਪੀਕਰ ਸੰਧਵਾਂ ਵੱਲੋਂ ਚਰਚਾ ਵਿੱਚ ਆ ਰਹੇ ਅਫ਼ਸਰਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਗੱਲ ਕੀਤੀ ਗਈ ਪ੍ਰੰਤੂ ਦੂਜੇ ਪਾਸੇ ਪੰਜਾਬ ਪੁਲਿਸ ਨੇ ਆਪਣੇ ਅਧਿਕਾਰੀਆਂ ਨੂੰ ਬਚਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਪੰਜਾਬ ‘ਚ ਪੁਲਿਸ ਰਾਜ ਦਾ ਮਾਹੌਲ ਹੋਣ ਦੇ ਕਾਰਨ ਪੰਜਾਬ ਦੀ ਭਗਵੰਤ ਮਾਨ ਸਰਕਾਰ ਚਰਚਾ ਵਿੱਚ ਆ ਰਹੇ ਪੁਲਿਸ ਅਫ਼ਸਰਾਂ ਦੇ ਖ਼ਿਲਾਫ਼ ਕੋਈ ਕਾਰਵਾਈ ਕਰਨ ਦੇ ਸਮਰੱਥ ਹੀ ਨਹੀਂ ਹੈ ਕਿਉਂਕਿ ਆਪਣੇ ਤਿੰਨ ਵਰ੍ਹਿਆਂ ਦੇ ਰਾਜ ਦੌਰਾਨ ਆਪ ਸਰਕਾਰ ਨੇ ਇਹਨਾਂ ਪੁਲਿਸ ਅਫ਼ਸਰਾਂ ਨੂੰ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਹਰ ਪੱਧਰ ‘ਤੇ ਪਰੇਸ਼ਾਨ ਕਰਨ ਲਈ ਰੱਜ ਕੇ ਵਰਤਿਆ ਹੈ।