Skip to main content

Gee 98News

MLA ਚੇਤਨ ਸਿਉਂ ਦੀ ਅਕਲ ਨੂੰ ਚੇਤੰਨ ਕਰਨ ਲਈ ਅਧਿਆਪਕਾਂ ਨੇ ਦਿੱਤਾ ਅਲਟੀਮੇਟਮ

ਪੰਜਾਬ ਦੇ ਸਾਬਕਾ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਦੇ ਖ਼ਿਲਾਫ਼ ਅਧਿਆਪਕ ਜਥੇਬੰਦੀਆਂ ਨੇ ਤੇਵਰ ਤਿੱਖੇ ਕਰ ਲਏ ਹਨ। ਅਧਿਆਪਕ ਜਥੇਬੰਦੀਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ 11 ਅਪ੍ਰੈਲ ਤੱਕ ਮੀਡੀਆ ਦੀ ਹਾਜ਼ਰੀ ਵਿੱਚ ਲਿਖ਼ਤੀ ਤੌਰ ‘ਤੇ ਮਾਫ਼ੀ ਨਹੀਂ ਮੰਗੀ ਜਾਂਦੀ ਤਾਂ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਦਾ ਮੁਕੰਮਲ ਤੌਰ ‘ਤੇ ਅਧਿਆਪਕ ਜਥੇਬੰਦੀਆਂ ਵੱਲੋਂ ਸਾਰੇ ਪੰਜਾਬ ‘ਚ ਬਾਈਕਾਟ ਕਰ ਦਿੱਤਾ ਜਾਵੇਗਾ। ਦੱਸ ਦੇਈਏ ਕਿ ਬੀਤੇ ਦਿਨ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਦੇ ਆਗਾਜ਼ ਮੌਕੇ ਚੇਤਨ ਸਿੰਘ ਜੌੜਾਮਾਜਰਾ ਨੇ ਇੱਕ ਸਕੂਲ ‘ਚ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ ਅਤੇ ਇਸ ਮੌਕੇ ਉਹਨਾਂ ਨੇ ਮਾਪਿਆਂ ਦਾ ਘੱਟ ਇਕੱਠ ਹੋਣ ਕਾਰਨ ਤੈਸ਼ ਵਿੱਚ ਆ ਕੇ ਅਧਿਆਪਕਾਂ ਪ੍ਰਤੀ ਨਿੰਦਣਯੋਗ ਸ਼ਬਦਾਂ ਦੀ ਵਰਤੋਂ ਕੀਤੀ। ਉਸੇ ਦਿਨ ਤੋਂ ਲੈ ਕੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਦੇ ਅਧਿਆਪਕਾਂ ਪ੍ਰਤੀ ਵਤੀਰੇ ਦੀ ਸਾਰੇ ਪਾਸੇ ਨਿੰਦਾ ਹੋ ਰਹੀ ਹੈ। ਭਾਵੇਂ ਕਿ ਅਧਿਆਪਕਾਂ ਦੇ ਤੇਵਰਾਂ ਨੂੰ ਵੇਖਦੇ ਹੋਏ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਅਧਿਆਪਕਾਂ ਪ੍ਰਤੀ ਵਰਤੇ ਸ਼ਬਦਾਂ ਦੀ ਨਿੰਦਾ ਕੀਤੀ ਪ੍ਰੰਤੂ ਅਧਿਆਪਕ ਜਥੇਬੰਦੀਆਂ ਸਿੱਖਿਆ ਮੰਤਰੀ ਦੀ ਇਸ ਮੱਲਮ ਪੱਟੀ ਤੋਂ ਖੁਸ਼ ਨਹੀਂ ਹਨ ਸਗੋਂ ਸਮੁੱਚੀਆਂ ਅਧਿਆਪਕ ਜਥੇਬੰਦੀਆਂ ਨੇ ਸਰਕਾਰ ਨੂੰ ਅਲਟੀਮੇਟਮ ਦੇ ਦਿੱਤਾ ਹੈ ਕਿ ਜੇਕਰ 11 ਅਪ੍ਰੈਲ ਤੱਕ ਵਿਧਾਇਕ ਜੌੜਾਮਾਜਰਾ ਵੱਲੋਂ ਲਿਖ਼ਤੀ ਤੌਰ ‘ਤੇ ਮੀਡੀਆ ਦੀ ਹਾਜ਼ਰੀ ਵਿੱਚ ਮਾਫ਼ੀ ਨਹੀਂ ਮੰਗੀ ਜਾਂਦੀ ਤਾਂ ਪੰਜਾਬ ਸਿੱਖਿਆ ਕ੍ਰਾਂਤੀ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ।‌‌

error: Content is protected !!