Gee 98News

ਜੱਜਾਂ ਨੂੰ ਗੁੰਡੇ ਕਹਿਣ ਵਾਲੇ ਵਕੀਲ ਦੇ ਖ਼ਿਲਾਫ਼ ਹਾਈਕੋਰਟ ਦਾ ਸਖ਼ਤ ਐਕਸ਼ਨ

ਇਲਾਹਾਬਾਦ ਹਾਈ ਕੋਰਟ ਦੇ ਲਖਨਊ ਬੈਂਚ ਨੇ ਜੱਜਾਂ ਦੀ ਬੇਇੱਜ਼ਤੀ ਕਰਨ ਦੇ ਦੋਸ਼ ਵਿੱਚ ਵਕੀਲ ਅਸ਼ੋਕ ਪਾਂਡੇ ਨੂੰ ਛੇ ਮਹੀਨੇ ਜੇਲ੍ਹ ਤੇ ਦੋ ਹਜ਼ਾਰ ਰੁਪਏ ਜੁਰਮਾਨਾ ਲਾਇਆ ਹੈ। ਉਸ ਨੂੰ ਆਤਮਸਮਰਪਣ ਲਈ ਚਾਰ ਹਫਤਿਆਂ ਦਾ ਸਮਾਂ ਦਿੱਤਾ ਗਿਆ ਹੈ। ਬੈਂਚ ਨੇ ਵਕੀਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਇਹ ਵੀ ਪੁੱਛਿਆ ਹੈ ਕਿ ਕਿਉ ਨਾ ਉਸ ‘ਤੇ ਹਾਈ ਕੋਰਟ ਵਿੱਚ ਤਿੰਨ ਸਾਲ ਪ੍ਰੈਕਟਿਸ ਕਰਨ ‘ਤੇ ਰੋਕ ਲਾਈ ਜਾਵੇ ? ਇਹ ਮਾਮਲਾ 18 ਅਗਸਤ 2021 ਦਾ ਹੈ। ਇਲਾਹਾਬਾਦ ਹਾਈਕੋਰਟ ਦੇ ਜਸਟਿਸ ਵਿਵੇਕ ਚੌਧਰੀ ਤੇ ਜਸਟਿਸ ਬ੍ਰਿਜਰਾਜ ਸਿੰਘ ਦੀ ਡਵੀਜ਼ਨ ਬੈਂਚ ਅੱਗੇ ਇੱਕ ਲੋਕ ਹਿੱਤ ਪਟੀਸ਼ਨ ਦੀ ਸੁਣਵਾਈ ਚੱਲ ਰਹੀ ਸੀ। ਇਸ ਦੌਰਾਨ ਵਕੀਲ ਪਾਂਡੇ ਬਿਨਾਂ ਵਰਦੀ ਦੇ ਆਇਆ। ਜਦ ਜੱਜਾਂ ਨੇ ਉਸ ਨੂੰ ਟੀ-ਸ਼ਰਟ ਦਾ ਬਟਨ ਬੰਦ ਕਰਨ ਨੂੰ ਕਿਹਾ ਤਾਂ ਉਹ ਭੜਕ ਗਿਆ। ਕੋਰਟ ਵਿੱਚੋਂ ਬਾਹਰ ਜਾਣ ਦੀ ਚਿਤਾਵਨੀ ਮਿਲਣ ‘ਤੇ ਉਸ ਨੇ ਜੱਜਾਂ ਨੂੰ ਚੈਲੰਜ ਕਰ ਦਿੱਤਾ ਅਤੇ ਜੱਜਾਂ ‘ਤੇ ਗੁੰਡਿਆਂ ਵਰਗਾ ਸਲੂਕ ਕਰਨ ਦਾ ਦੋਸ਼ ਵੀ ਲਾ ਦਿੱਤਾ। ਇਸ ਮਾਮਲੇ ਦੀ ਸੁਣਵਾਈ ਮੁਕੰਮਲ ਕਰਦੇ ਹੋਏ ਹਾਈ ਕੋਰਟ ਨੇ ਦੋਸ਼ੀ ਵਕੀਲ ਨੂੰ ਉਕਤ ਸਜ਼ਾ ਸੁਣਾਈ।

error: Content is protected !!