Gee 98News

ਘਰੋਂ ਭੱਜ ਕੇ ਵਿਆਹ ਕਰਵਾਉਣ ਵਾਲੇ ਜੋੜਿਆਂ ਨੂੰ ਹੁਣ ਥਾਣੇ ਤੋਂ ਹੀ ਮਿਲ ਜਾਵੇਗੀ ਸੁਰੱਖਿਆ…ਅਦਾਲਤ ਜਾਣ ਦੀ ਲੋੜ ਨਹੀਂ

‌-ਆਪਣੇ ਮਾਪਿਆਂ ਦੀ ਮਰਜ਼ੀ ਤੋਂ ਬਿਨਾਂ ਘਰੋਂ ਭੱਜ ਕੇ ਵਿਆਹ ਕਰਵਾਉਣ ਵਾਲੇ ਪ੍ਰੇਮੀ ਜੋੜਿਆਂ ਨੂੰ ਸੁਰੱਖਿਆ ਦੇਣ ਸਬੰਧੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਤਰੀਕਾ ਹੋਰ ਸੌਖਾ ਕਰ ਦਿੱਤਾ ਹੈ। ‌ਪੰਜਾਬ ਸਰਕਾਰ ਨੇ ਇੱਕ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (SOP) ਨੋਟੀਫਾਈ ਕੀਤੀ ਹੈ, ਜਿਸ ਤਹਿਤ ਵਿਆਹ ਕਰਵਾਉਣ ਵਾਲੇ ਪ੍ਰੇਮੀ ਜੋੜਿਆਂ ਨੂੰ ਸੁਰੱਖਿਆ ਲਈ ਹੁਣ ਅਦਾਲਤ ਵਿੱਚ ਜਾਣ ਦੀ ਲੋੜ ਨਹੀਂ ਸਗੋਂ ਉਹ ਆਪਣੇ ਨੇੜੇ ਦੇ ਪੁਲਿਸ ਥਾਣੇ ਵਿੱਚ ਹੀ ਸੁਰੱਖਿਆ ਦੀ ਮੰਗ ਕਰ ਸਕਦੇ ਹਨ।‌ ਪ੍ਰੇਮ ਵਿਆਹ ਕਰਵਾਉਣ ਵਾਲੇ ਜੋੜਿਆਂ ਨੂੰ ਹੁਣ ਜੇਕਰ ਸਮਾਜਿਕ ਜਾਂ ਪਰਿਵਾਰਿਕ ਵਿਰੋਧ ਦੇ ਕਾਰਨ ਕੋਈ ਖਤਰਾ ਹੋਵੇਗਾ ਤਾਂ ਉਹ ਥਾਣੇ ਜਾ ਕੇ ਸੁਰੱਖਿਆ ਲਈ ਅਰਜ਼ੀ ਦੇ ਸਕਦੇ ਹਨ, ਸਬੰਧਤ ਥਾਣੇ ਨੂੰ ਇਹ ਅਰਜ਼ੀ ਪ੍ਰਾਪਤ ਹੋਣ ਦੇ ਤਿੰਨ ਦਿਨਾਂ ਦੇ ਅੰਦਰ ਪ੍ਰੇਮੀ ਜੋੜੇ ਨੂੰ ਸੁਰੱਖਿਆ ਦੇਣ ਸਬੰਧੀ ਫੈਸਲਾ ਲੈਣਾ ਹੋਵੇਗਾ। ਇਸ ਤੋਂ ਇਲਾਵਾ ਜ਼ਿਆਦਾ ਸੰਵੇਦਨਸ਼ੀਲ ਮਾਮਲਿਆਂ ਵਿੱਚ ਬੇਨਤੀਕਰਤਾ ਨੂੰ ਤੁਰੰਤ ਅੰਤਰਿਮ ਸੁਰੱਖਿਆ ਵੀ ਪ੍ਰਦਾਨ ਕੀਤੀ ਜਾ ਸਕਦੀ ਹੈ।‌‌ ਜੇਕਰ ਥਾਣੇ ਵੱਲੋਂ ਤਿੰਨ ਦਿਨਾਂ ਦੇ ਅੰਦਰ ਪ੍ਰੇਮੀ ਜੋੜੇ ਦੀ ਸੁਰੱਖਿਆ ਸੰਬੰਧੀ ਦਿੱਤੀ ਅਰਜ਼ੀ ਨੂੰ ਰੱਦ ਕਰ ਦਿੱਤਾ ਜਾਂਦਾ ਹੈ ਤਾਂ ਪ੍ਰੇਮੀ ਜੋੜਾ ਤਿੰਨ ਦਿਨਾਂ ਦੇ ਅੰਦਰ ਅਪੀਲੀ ਅਥਾਰਟੀ ਅੱਗੇ ਅਪੀਲ ਦਾਇਰ ਕਰ ਸਕਦੇ ਹਨ, ਜਿਸਦਾ ਫੈਸਲਾ ਸੱਤ ਦਿਨਾਂ ਦੇ ਅੰਦਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਹਾਇਤਾ ਲੈਣ ਦੇ ਇਛੁੱਕ ਜੋੜੇ ਪੰਜਾਬ ਪੁਲਿਸ ਦੀ 24×7 ਹੈਲਪਲਾਈਨ 181 ‘ਤੇ ਡਾਇਲ ਕਰਕੇ ਇਸ ਸਹੂਲਤ ਸਬੰਧੀ ਸੇਧ ਲੈ ਸਕਦੇ ਹਨ ਅਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।

Gee98 Ads
error: Content is protected !!