Gee 98News

ਪੂਰੇ ਬਲਾਕ ਦਾ ਕੰਟਰੋਲ ਇੱਕੋ ਵਿਧਾਇਕ ਕੋਲ ਰਹੇਗਾ…ਬਲਾਕਾਂ ਦੀ ਪੁਨਰਗਠਨ ਪ੍ਰਕਿਰਿਆ ਸ਼ੁਰੂ

-ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਬਲਾਕਾਂ ਦੇ ਪੁਨਰਗਠਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਦਈਏ ਕਿ 11 ਅਪ੍ਰੈਲ ਨੂੰ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਸੂਬੇ ਦੇ ਸਾਰੇ ਬਲਾਕਾਂ ਦੇ ਪੁਨਰਗਠਨ ਦੀ ਪ੍ਰਕਿਰਿਆ ਨੂੰ ਮਨਜ਼ੂਰੀ ਦਿੱਤੀ ਗਈ ਸੀ। ਪੰਚਾਇਤ ਵਿਭਾਗ ਵੱਲੋਂ ਬਲਾਕਾਂ ਦੇ ਪੁਨਰਗਠਨ ਸਬੰਧੀ ਜ਼ਿਲ੍ਹਾ ਅਧਿਕਾਰੀਆਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਬਲਾਕਾਂ ਦੇ ਪੁਨਰਗਠਨ ਦੀ ਇਹ ਪ੍ਰਕਿਰਿਆ 30 ਅਪ੍ਰੈਲ ਤੱਕ ਪੂਰੀ ਕੀਤੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਬਲਾਕ ਵਿੱਚ 80 ਤੋਂ ਲੈ ਕੇ 120 ਪਿੰਡ ਸ਼ਾਮਿਲ ਕੀਤੇ ਜਾਣਗੇ ਭਾਵ ਕਿ ਕਿਸੇ ਬਲਾਕ ਵਿੱਚ ਘੱਟੋ ਘੱਟ 80 ਪਿੰਡ ਹੋਣਗੇ ਅਤੇ ਵੱਧ ਤੋਂ ਵੱਧ 120 ਪਿੰਡ ਸ਼ਾਮਿਲ ਹੋ ਸਕਦੇ ਹਨ। ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੰਢੀ ਖੇਤਰ ਦੇ ਜ਼ਿਲਿਆਂ ਵਿੱਚ ਬਲਾਕਾਂ ‘ਚ ਪਿੰਡਾਂ ਦੀ ਗਿਣਤੀ ਘੱਟ ਵੀ ਸਕਦੀ ਹੈ। ਇਹ ਵੀ ਮਹੱਤਵਪੂਰਨ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਬਲਾਕਾਂ ਦੀ ਹੱਦਬੰਦੀ ਵਿਧਾਨ ਸਭਾ ਹਲਕਿਆਂ ਦੇ ਅਨੁਸਾਰ ਹੀ ਕੀਤੀ ਜਾਵੇਗੀ ਭਾਵ ਕਿ ਇੱਕ ਬਲਾਕ ਦੇ ਪੂਰੇ ਪਿੰਡਾਂ ਨੂੰ ਇੱਕ ਵਿਧਾਨ ਸਭਾ ਹਲਕੇ ਵਿੱਚ ਹੀ ਰੱਖਿਆ ਜਾਵੇਗਾ। ਦੱਸ ਦੇਈਏ ਕਿ ਬਲਾਕਾਂ ਦੀ ਮੌਜੂਦਾ ਹੱਦਬੰਦੀ ਅਨੁਸਾਰ ਇੱਕ ਵਿਧਾਨ ਸਭਾ ਹਲਕੇ ਵਿੱਚ ਤਿੰਨ-ਤਿੰਨ ਬਲਾਕਾਂ ਦੇ ਪਿੰਡ ਪੈਂਦੇ ਹਨ। ਮਿਸਾਲ ਵਜੋਂ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਵਿੱਚ ਬਲਾਕ ਸ਼ੇਰਪੁਰ, ਮਹਿਲਕਲਾਂ ਅਤੇ ਸ਼ਹਿਣਾ ਬਲਾਕ ਦੇ ਪਿੰਡ ਪੈਂਦੇ ਹਨ। ਹੁਣ ਬਲਾਕਾਂ ਦੀ ਨਵੀਂ ਪੁਨਰਗਠਨ ਪ੍ਰਕਿਰਿਆ ਤਹਿਤ ਇਹਨਾਂ ਸਾਰੇ ਪਿੰਡਾਂ ਦੀ ਭੰਨਤੋੜ ਕਰਕੇ ਇਹਨਾਂ ਨੂੰ ਇੱਕੋ ਵਿਧਾਨ ਸਭਾ ਹਲਕੇ ਅਧੀਨ ਲਿਆਂਦਾ ਜਾਵੇਗਾ। ਬਲਾਕਾਂ ਦੇ ਪੁਨਰਗਠਨ ਦੀ ਪ੍ਰਕਿਰਿਆ ਅਧੀਨ ਆਬਾਦੀ ਅਤੇ ਖੇਤਰਫਲ ਨੂੰ ਵੀ ਧਿਆਨ ਵਿੱਚ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਇਹ ਪ੍ਰਕਿਰਿਆ 2011 ਦੀ ਜਨਗਣਨਾ ਦੇ ਅਧਾਰਿਤ ਕੀਤੀ ਜਾਵੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਿਛਲੀ ਸਰਕਾਰ ਨੇ ਇੱਕ ਵਿਧਾਨ ਸਭਾ ਹਲਕੇ ਵਿੱਚ ਇੱਕੋ ਡੀਐਸਪੀ ਦੀ ਨਿਯੁਕਤੀ ਕੀਤੀ ਸੀ, ਜਿਸ ਤਹਿਤ ਇੱਕ ਵਿਧਾਨ ਸਭਾ ਹਲਕਾ ਇੱਕੋ ਡੀਐਸਪੀ ਦੇ ਘੇਰੇ ਥੱਲੇ ਕੀਤਾ ਗਿਆ ਹੈ। ਬਲਾਕਾਂ ਦੀ ਪੁਨਰਗਠਨ ਪ੍ਰਕਿਰਿਆ ਤੋਂ ਬਾਅਦ ਹੁਣ ਪੂਰਾ ਬਲਾਕ ਇੱਕੋ ਵਿਧਾਇਕ ਦੇ ਕੰਟਰੋਲ ਥੱਲੇ ਹੋਵੇਗਾ।

Gee98 Ads
error: Content is protected !!