Gee 98News

ਪਵਿੱਤਰ ਦਰਗਾਹ ‘ਤੇ ਚਾਦਰ ਚੜਾਉਣ ਦੀ ਰਸਮ ਨੂੰ ਸਿਆਸੀ ਰੰਗਤ ਦੇਣਾ ਨਿੰਦਣਯੋਗ..ਸੇਵਾਦਾਰ ਸੈਫ ਅਹਿਮਦ ਨੇ ਦਿੱਤਾ ਸਪੱਸ਼ਟੀਕਰਨ

ਮਹਿਲ ਕਲਾਂ 22 ਅਪ੍ਰੈਲ (ਜਸਵੰਤ ਸਿੰਘ ਲਾਲੀ) –

ਹਾਲ ਹੀ ਵਿੱਚ ਸਰਹੰਦ ਵਿਖੇ ਹਜ਼ਰਤ ਮੁਜੱਦਦ ਅਲਫਸਾਨੀ ਰਹਿਮਤੁੱਲਾਹ ਅਲੈਹੇ ਦੀ ਪਵਿੱਤਰ ਦਰਗਾਹ ਉੱਤੇ ਚਾਦਰ ਪੇਸ਼ੀ ਦੌਰਾਨ ਹੋਈ ਇਕ ਘਟਨਾ ਨੇ ਮੁਸਲਿਮ ਭਾਈਚਾਰੇ ਵਿੱਚ ਇਕ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ ਹੈ। ਪਸਮੰਦਾ ਸਮਾਜ ਦੇ ਆਲ ਇੰਡੀਆ ਪ੍ਰਧਾਨ ਸਮਸ਼ਾਦਮੀਰ, ਪੰਜਾਬ ਪ੍ਰਧਾਨ ਐਡਵੋਕੇਟ ਵਿਕਰਮ ਸਾਬਰੀ ਅਤੇ ਹੋਰ ਮੁਸਲਿਮ ਆਗੂਆਂ ਵੱਲੋਂ ਦਰਗਾਹ ‘ਤੇ ਚੱਦਰ ਚੜਾਈ ਗਈ, ਜਿਸ ਦੌਰਾਨ ਦਰਗਾਹ ਦੇ ਸੇਵਾਦਾਰ ਸੈਫ ਅਹਿਮਦ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।ਇਸ ਮਾਮਲੇ ਨੂੰ ਲੈ ਕੇ ਵੱਖ-ਵੱਖ ਢੰਗ ਨਾਲ ਖ਼ਬਰਾਂ ਚੱਲ ਰਹੀਆਂ ਹਨ, ਜਿਨ੍ਹਾਂ ਨੂੰ ਲੈ ਕੇ ਸੈਫ ਅਹਿਮਦ ਨੇ ਆਪਣੀ ਮਹਿਲਕਲਾਂ ਫੇਰੀ ਦੌਰਾਨ ਸਾਫ਼ ਅਤੇ ਠੋਸ ਸਪੱਸ਼ਟੀਕਰਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ, “ਉਹ ਲੋਕ ਮੇਰੇ ਕੋਲ ਆਏ ਅਤੇ ਬੇਨਤੀ ਕੀਤੀ ਕਿ ਅਸੀਂ ਚਾਦਰ ਚੜਾਉਣ ਲਈ ਆਏ ਹਾਂ। ਤੁਸੀਂ ਇਥੋਂ ਦੇ ਰਿਹਾਇਸ਼ੀ ਵੀ ਹੋ ਅਤੇ ਸੇਵਾਦਾਰ ਵੀ ਹੋ, ਸਾਡੀ ਅਗਵਾਈ ਕਰੋ। ਇਹ ਮੇਰਾ ਧਾਰਮਿਕ ਕਰਤੱਵ ਸੀ, ਜਿਸਨੂੰ ਨਿਭਾਉਂਦੇ ਹੋਏ ਮੈਂ ਉਨ੍ਹਾਂ ਨੂੰ ਦਰਗਾਹ ‘ਤੇ ਲੈ ਗਿਆ, ਚਾਦਰ ਪੇਸ਼ ਕਰਵਾਈ ਅਤੇ ਦੁਆ ਕੀਤੀ।” ਸੈਫ ਅਹਿਮਦ ਨੇ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਬਾਅਦ ਵਿੱਚ ਉਨ੍ਹਾਂ ਦੀ ਤਸਵੀਰ ਨੂੰ ਪ੍ਰੈੱਸ ਕਾਨਫਰੰਸ ‘ਚ ਉਨ੍ਹਾਂ ਦੇ ਨਾਲ ਖੜਾ ਕਰਕੇ ਪਸਾਰਿਆ ਗਿਆ ਅਤੇ ਵੀਡੀਓ ਵੀ ਵਾਇਰਲ ਕੀਤੀ ਗਈ, ਜਿਸ ਨਾਲ ਉਨ੍ਹਾਂ ਦੀ ਮਰਜ਼ੀ ਦਾ ਕੋਈ ਲੈਣਾ-ਦੇਣਾ ਨਹੀਂ ਸੀ ।” ਉਨ੍ਹਾਂ ਇਹ ਵੀ ਸਾਫ਼ ਕਰ ਦਿੱਤਾ ਕਿ, “ਮੈਂ ਮੁਸਲਿਮ ਮਹਾਂਸਭਾ ਪੰਜਾਬ ਦਾ ਸੂਬਾ ਆਗੂ ਹਾਂ । ਵਕਫ਼ ਸੋਧ ਬਿੱਲ ‘ਤੇ ਆਪਣੀ ਸਖ਼ਤ ਪੁਜ਼ੀਸ਼ਨ ਦਰਸਾਉਂਦਿਆਂ ਸੈਫ ਅਹਿਮਦ ਨੇ ਕਿਹਾ, “ਮੈਂ ਇਸ ਕਾਲੇ ਕਾਨੂੰਨ ਦਾ ਵਿਰੋਧੀ ਹਾਂ ਅਤੇ ਜਦ ਤੱਕ ਇਹ ਵਾਪਸ ਨਹੀਂ ਲਿਆ ਜਾਂਦਾ, ਮੈਂ ਭਾਈਚਾਰੇ ਦੇ ਹੱਕਾਂ ਲਈ ਆਵਾਜ਼ ਉਠਾਉਂਦਾ ਰਹਾਂਗਾ।” ਆਖ਼ਰ ‘ਚ ਉਨ੍ਹਾਂ ਮੁਸਲਿਮ ਭਾਈਚਾਰੇ ਨੂੰ ਸੰਦੇਸ਼ ਦਿੰਦਿਆਂ ਕਿਹਾ, “ਮੈਂ ਇੱਕ ਧਾਰਮਿਕ ਸੇਵਾਦਾਰ ਹਾਂ। ਜੋ ਵੀ ਇਥੇ ਆ ਕੇ ਚਾਦਰ ਚੜਾਉਣ ਦੀ ਇੱਛਾ ਰੱਖਦਾ ਹੈ, ਮੈਂ ਉਸਦਾ ਸਵਾਗਤ ਕਰਾਂਗਾ, ਕਿਉਂਕਿ ਇਹ ਮੇਰਾ ਮੂਲ ਕਰਤੱਵ ਹੈ ਪਰ ਇਸਨੂੰ ਸਿਆਸੀ ਜਾਂ ਹੋਰ ਏਜੰਡਿਆਂ ਨਾਲ ਜੋੜਣਾ, ਨਾ ਸਿਰਫ਼ ਗਲਤ ਹੈ, ਸਗੋਂ ਨਿੰਦਣਯੋਗ ਵੀ ਹੈ।”

error: Content is protected !!