Gee 98News

ਚੁੰਘੀ ਬੱਕਰੀ ਬਣਾਤਾ ਡਾਕਾ…ਮਾੜੀ ਹੋਈ ਅਮਲੀ ਨਾਲ…ਭੁੱਕੀ ਵਾਲੇ ਖਾਲੀ ਲਿਫ਼ਾਫ਼ੇ ‘ਤੇ ਪਾਤਾ ਪਰਚਾ

-ਪੰਜਾਬ ਸਰਕਾਰ ਦਾ “ਯੁੱਧ ਨਸ਼ਿਆਂ ਵਿਰੁੱਧ” ਪੂਰੇ ਸ਼ਿਖਰਾਂ ‘ਤੇ ਹੈ। ਸਰਕਾਰ ਦੇ ਹੁਕਮਾਂ ‘ਤੇ ਪੰਜਾਬ ਪੁਲਿਸ ਨੇ ਸੂਬੇ ‘ਚੋਂ ਨਸ਼ਾ ਖਤਮ ਕਰਨ ਲਈ ਪੂਰਾ ਜ਼ੋਰ ਲਗਾਇਆ ਹੋਇਆ ਹੈ। ਪੰਜਾਬ ਪੁਲਿਸ ਦੇ ਮੁਖੀ ਵੱਲੋਂ ਪੁਲਿਸ ਕਮਿਸ਼ਨਰਾਂ ਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਸੂਬੇ ‘ਚੋਂ ਨਸ਼ਾ ਖਤਮ ਕਰਨ ਦੀ ਦਿੱਤੀ ਗਈ ਡੈੱਡਲਾਈਨ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਜਿਸ ਤਰੀਕੇ ਨਾਲ ਪੰਜਾਬ ਪੁਲਿਸ ਨਸ਼ਾ ਬਰਾਮਦ ਕਰਕੇ ਲੋਕਾਂ ‘ਤੇ ਪਰਚੇ ਦਰਜ ਕਰ ਰਹੀ ਉਸ ਤੋਂ ਸਪੱਸ਼ਟ ਹੋ ਰਿਹਾ ਕਿ ਪੁਲਿਸ ਨੇ ਪ੍ਰਣ ਕੀਤਾ ਹੋਇਆ ਕਿ ਨਸ਼ਾ ਤਾਂ ਦੂਰ ਵੀ ਗੱਲ ਸਗੋਂ ਨਸ਼ੇ ਵਾਲੇ ਭਾਂਡੇ ਅਤੇ ਲਿਫ਼ਾਫ਼ੇ ਵੀ ਨਹੀਂ ਰਹਿਣ ਦੇਣੇ। ਪੰਜਾਬ ਦੇ ਲੰਬੀ ਥਾਣੇ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆ ਰਿਹਾ ਹੈ ਜਿਸ ਵਿੱਚ ਪੁਲਿਸ ਨੇ ਇੱਕ ਅਮਲੀ ਕੋਲੋਂ ਭੁੱਕੀ ਵਾਲਾ ਖਾਲੀ ਲਿਫ਼ਾਫ਼ਾ ਬਰਾਮਦ ਹੋਣ ‘ਤੇ ਹੀ ਪਰਚਾ ਦਰਜ ਕਰ ਦਿੱਤਾ ਤੇ ਅਮਲੀ ਨੂੰ ਜੇਲ੍ਹ ਬੰਦ ਕਰ ਦਿੱਤਾ। ਇਸ ਸਬੰਧੀ ਇੱਕ ਪੋਸਟ ਵੀ ਸੋਸ਼ਲ ਮੀਡੀਆ ‘ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿੱਚ ਲੰਬੀ ਥਾਣੇ ਦੀ ਕ੍ਰਾਈਮ ਰਿਪੋਰਟ ਸਾਫ਼ ਪੜੀ ਜਾ ਸਕਦੀ ਹੈ ਜਿਸਦੀ ਇਬਾਰਤ ਹੈ ਕਿ ਪੁਲਿਸ ਨੇ ਇੱਕ ਵਿਅਕਤੀ ਨੂੰ ਭੁੱਕੀ ਖਾਂਦੇ ਹੋਏ ਵੇਖਿਆ ਜਦ ਪੁਲਿਸ ਪਾਰਟੀ ਉਸਦੇ ਕੋਲ ਪਹੁੰਚੀ ਤਾਂ ਉਹ ਲਿਫ਼ਾਫ਼ੇ ਵਿੱਚ ਭੁੱਕੀ ਖਾ ਚੁੱਕਿਆ ਸੀ ਅਤੇ ਪੁਲਿਸ ਨੇ ਮੌਕੇ ‘ਤੇ ਭੁੱਕੀ ਵਾਲਾ ਖਾਲੀ ਲਿਫ਼ਾਫ਼ਾ ਬਰਾਮਦ ਕੀਤਾ ਤੇ ਅਮਲੀ ‘ਤੇ ਪਰਚਾ ਦਰਜ ਕਰਕੇ ਉਸ ਨੇ ਜੇਲ੍ਹ ਬੰਦ ਕਰ ਦਿੱਤਾ। ਲੰਬੀ ਥਾਣੇ ਦੀ ਪੁਲਿਸ ਨੇ ਇਸ ਅਮਲੀ ਨਾਲ ਉਹ ਗੀਤ ਵਾਲੀ ਕੀਤੀ ਕਿ ਚੁੰਘੀ ਤਾਂ ਵਿਚਾਰੇ ਨੇ ਬੱਕਰੀ ਸੀ ਤੇ ਬਣਾ ਦਿੱਤਾ ਡਾਕਾ…। ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਪੋਸਟ ਨਾਲ ਪੰਜਾਬ ਪੁਲਿਸ ਦੀ ਹੇਠਲੇ ਪੱਧਰ ‘ਤੇ ਨਸ਼ਿਆਂ ਦੇ ਖ਼ਿਲਾਫ਼ ਕਾਰਗੁਜ਼ਾਰੀ ਦੀ ਪੋਲ੍ਹ ਵੀ ਖੁੱਲ੍ਹ ਰਹੀ ਹੈ ਕਿ ਪੁਲਿਸ ਨਸ਼ੇ ਨਾਲ ਸੰਬੰਧਿਤ ਪਰਚਿਆਂ ਦੀ ਗਿਣਤੀ ਵਧਾਉਣ ਵੱਲ ਜ਼ਿਆਦਾ ਧਿਆਨ ਦੇ ਰਹੀ ਹੈ ਜਿਸ ਤਹਿਤ ਮਾਤੜਾਂ ਨੂੰ ਫੜ ਕੇ ਪਰਚੇ ਦਰਜ ਕੀਤੇ ਜਾ ਰਹੇ ਹਨ। ਥਾਣਾ ਲੰਬੀ ਵਿਖੇ ਦਰਜ ਅਮਲੀ ‘ਤੇ ਦਰਜ ਕੀਤੇ ਉਕਤ ਮਾਮਲੇ ਸੰਬੰਧੀ ਪੰਜਾਬ ਪੁਲਿਸ ਦੇ ਕਿਸੇ ਉੱਚ ਅਧਿਕਾਰੀ ਦੀ ਸਫ਼ਾਈ ਆਉਣੀ ਅਜੇ ਬਾਕੀ ਹੈ।

error: Content is protected !!