ਚੰਡੀਗੜ੍ਹ,20 ਮਈ, Gee98 News service
-ਪੰਜਾਬ ਸਰਕਾਰ ਵੱਲੋਂ ਸੂਬੇ ਦੇ ਮਹੱਤਵਪੂਰਨ ਅਦਾਰਿਆਂ ਦੀਆਂ ਚੇਅਰਮੈਨੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਇੱਕ ਵਾਰ ਫੇਰ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨੇ ‘ਤੇ ਲਿਆ ਹੈ। ਦਰਅਸਲ ਪੰਜਾਬ ਦੇ ਦੋ ਬਹੁਤ ਹੀ ਮਹੱਤਵਪੂਰਨ ਅਦਾਰਿਆਂ ਦੀ ਚੇਅਰਮੈਨੀ ਯੂਪੀ ਅਤੇ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਦਿੱਤੀ ਗਈ ਹੈ। ਆਪ ਦੇ ਸੀਨੀਅਰ ਆਗੂ ਸੰਦੀਪ ਪਾਠਕ ਦੇ ਸਾਬਕਾ ਪੀਏ ਦੀਪਕ ਚੌਹਾਨ ਨੂੰ ਪੰਜਾਬ ਉਦਯੋਗਿਕ ਵਿਕਾਸ ਬੋਰਡ ਦਾ ਚੇਅਰਮੈਨ ਅਤੇ ਦਿੱਲੀ ਦੀ ਆਪ ਸਕੱਤਰ ਰੀਨਾ ਗੁਪਤਾ ਨੂੰ ਪੰਜਾਬ ਪ੍ਰਦੂਸ਼ਣ ਬੋਰਡ ਦਾ ਚੇਅਰਮੈਨ ਬਣਾਇਆ ਗਿਆ ਹੈ। ਭਗਵੰਤ ਮਾਨ ਦੀ ਇਸ ਨੀਤੀ ‘ਤੇ ਸਵਾਲ ਉੱਠਣੇ ਸੁਭਾਵਿਕ ਹੀ ਹਨ ਕਿਉਂਕਿ ਇਹ ਦੋਵੇਂ ਅਦਾਰੇ ਪੰਜਾਬ ਦੇ ਮਹੱਤਵਪੂਰਨ ਅਦਾਰਿਆਂ ਵਿੱਚੋਂ ਹਨ ਜਿਨਾਂ ਦੀ ਕਮਾਂਡ ਰਿਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਮੌਕੇ ਹਮੇਸ਼ਾ ਪੰਜਾਬੀ ਦੇ ਹੱਥ ਵਿੱਚ ਹੀ ਰਹੀ ਹੈ। ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੇ ਮਹੱਤਵਪੂਰਨ ਅਦਾਰਿਆਂ ਦੀ ਕਮਾਂਡ ਗ਼ੈਰ ਪੰਜਾਬੀ ਦੇ ਹੱਥ ਵਿੱਚ ਦਿੱਤੀ ਗਈ ਹੋਵੇ। ਵਿਰੋਧੀ ਪਾਰਟੀਆਂ ਦੇ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਇਸ ਤੋਂ ਵੱਡਾ ਹੋਰ ਸਬੂਤ ਕੋਈ ਹੋ ਨਹੀਂ ਸਕਦਾ ਕਿ ਭਗਵੰਤ ਮਾਨ ਨੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਗੇ ਸਿਆਸੀ ਤੌਰ ‘ਤੇ ਪੂਰੀ ਤਰ੍ਹਾਂ ਸਰੈਂਡਰ ਕਰ ਦਿੱਤਾ ਹੈ। ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੀਨੀਅਰ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਸਮੇਤ ਹੋਰ ਵਿਰੋਧੀ ਆਗੂਆਂ ਨੇ ਭਗਵੰਤ ਮਾਨ ‘ਤੇ ਪੰਜਾਬ ਦਾ ਸਰਮਾਇਆ ਲੁਟਾਉਣ ਦੇ ਦੋਸ਼ ਲਗਾਏ ਹਨ। ਵਿਰੋਧੀ ਆਗੂਆਂ ਦਾ ਕਹਿਣਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸਾਰੇ ਉਹ ਕੰਮ ਕੀਤੇ ਜਾਣਗੇ ਜਿਹੜੇ ਪੰਜਾਬ ਦੇ ਇਤਿਹਾਸ ਵਿੱਚ ਅੱਜ ਤੱਕ ਨਹੀਂ ਹੋਏ ਅਤੇ ਹੁਣ ਜਿਹੜੇ ਕੰਮ ਹੋ ਰਹੇ ਹਨ ਇਹ ਉਹੀ ਕੰਮ ਹਨ ਜਿਹਦੇ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਮੌਕੇ ਨਹੀਂ ਹੋਏ ਪ੍ਰੰਤੂ ਇਹ ਸਾਰੇ ਉਹ ਫੈਸਲੇ ਹਨ ਜਿਨਾਂ ਤਹਿਤ ਗ਼ੈਰ ਪੰਜਾਬੀਆਂ ਪੰਜਾਬ ਦੇ ਖਜ਼ਾਨੇ ਵਿੱਚੋਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਵਿਰੋਧੀ ਪਾਰਟੀ ਦੇ ਆਗੂਆਂ ਵੱਲੋਂ ਭਗਵੰਤ ਮਾਨ ਨੂੰ ਰਿਮੋਟ ਕੰਟਰੋਲ ਮੁੱਖ ਮੰਤਰੀ ਵੀ ਕਿਹਾ ਜਾਣ ਲੱਗ ਪਿਆ ਹੈ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਮੌਕੇ ਪੰਜਾਬ ਦੇ ਖਜ਼ਾਨੇ ਨੂੰ ਲੁੱਟਣ ਦਾ ਢੰਡੋਰਾ ਪਿੱਟਣ ਵਾਲੇ ਆਪ ਆਗੂਆਂ ਵਿੱਚੋਂ ਕੋਈ ਵੀ ਆਪ ਆਗੂ ਇਹਨਾਂ ਫੈਸਲਿਆਂ ‘ਤੇ ਜ਼ੁਬਾਨ ਤੱਕ ਵੀ ਨਹੀਂ ਖੋਲ ਰਿਹਾ ਜਿਸ ਤੋਂ ਸਪੱਸ਼ਟ ਹੈ ਕਿ ਸਿਰਫ ਭਗਵੰਤ ਮਾਨ ਹੀ ਨਹੀਂ ਸਗੋਂ ਆਮ ਆਦਮੀ ਪਾਰਟੀ ਦੇ ਸਾਰੇ ਮੰਤਰੀਆਂ, ਵਿਧਾਇਕਾਂ ਤੇ ਆਗੂਆਂ ਨੇ ਆਪਣੀ ਸਿਆਸੀ ਜ਼ਮੀਰ ਨੂੰ ਕੌਮੀ ਹਾਈਕਮਾਂਡ ਅੱਗੇ ਵੇਚ ਦਿੱਤਾ ਹੈ। ਸਵਾਲ ਇਹ ਵੀ ਉੱਠ ਰਹੇ ਹਨ ਕਿ ਆਮ ਆਦਮੀ ਪਾਰਟੀ ਕੋਲ ਕੋਈ ਪੰਜਾਬੀ ਆਗੂ ਅਜਿਹਾ ਨਹੀਂ ਹੈ ਜੋ ਪੰਜਾਬ ਦੇ ਮਹੱਤਵਪੂਰਨ ਅਦਾਰਿਆਂ ਦੀ ਅਗਵਾਈ ਕਰ ਸਕੇ।