ਕੇਂਦਰ ਵੱਲੋਂ ਡੈਮ ਦੀ ਸੁਰੱਖਿਆ CISF ਦੇ ਹਵਾਲੇ
ਚੰਡੀਗੜ੍ਹ ,22 ਮਈ, Gee98 News service
-ਭਾਖੜਾ ਬਿਆਸ ਮੈਨੇਜਮੈਂਟ ਬੋਰਡ BBMB ਵੱਲੋਂ ਨੰਗਲ ਡੈਮ ਤੋਂ ਛੱਡੇ ਜਾਂਦੇ ਪੰਜਾਬ ਤੇ ਹਰਿਆਣਾ ਦੇ ਪਾਣੀ ਦੇ ਵਿਵਾਦ ਦੌਰਾਨ ਕੇਂਦਰ ਨੇ ਇੱਕ ਵੱਡਾ ਫੈਸਲਾ ਕਰਦੇ ਹੋਏ ਨੰਗਲ ਡੈਮ ਦੀ ਸੁਰੱਖਿਆ ਦਾ ਕੰਮ ਸਿੱਧੇ ਤੌਰ ‘ਤੇ ਆਪਣੇ ਹੱਥਾਂ ਵਿੱਚ ਲੈ ਲਿਆ ਹੈ। ਕੇਂਦਰ ਨੇ ਨੰਗਲ ਡੈਮ ਦੀ ਸੁਰੱਖਿਆ ਲਈ CISF ਦੇ 296 ਜਵਾਨ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ। ਕੇਂਦਰ ਦੇ ਇਸ ਫੈਸਲੇ ਤੋਂ ਬਾਅਦ ਨੰਗਲ ਡੈਮ ਦੀ ਸੁਰੱਖਿਆ ਦਾ ਕੰਮ ਪੂਰੀ ਤਰ੍ਹਾਂ ਪੰਜਾਬ ਦੇ ਹੱਥੋਂ ਨਿਕਲ ਕੇ ਕੇਂਦਰ ਦੇ ਹੱਥ ਵਿੱਚ ਚਲਾ ਗਿਆ ਹੈ। ਕੇਂਦਰ ਦੇ ਇਸ ਫੈਸਲੇ ਦਾ ਇੱਕ ਪੱਖ ਇਹ ਵੀ ਹੈ ਕਿ CISF ਦੇ ਜਵਾਨਾਂ ਦਾ ਸਾਰਾ ਖਰਚਾ BBMB ਵੱਲੋਂ ਕੀਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ CISF ਦੇ ਇਹਨਾਂ 296 ਜਵਾਨਾਂ ਦਾ ਕੁੱਲ ਖਰਚਾ 8 ਕਰੋੜ 58 ਲੱਖ 69 ਹਜ਼ਾਰ 800 ਬਣਦਾ ਹੈ ਭਾਵ ਕਿ BBMB, CISF ਦੇ ਇੱਕ ਜਵਾਨ ‘ਤੇ ਲੱਗਭੱਗ 3 ਲੱਖ ਰੁਪਏ ਖਰਚ ਕਰੇਗਾ। ਇਸ ਤੋਂ ਇਲਾਵਾ ਇਹਨਾਂ ਜਵਾਨਾਂ ਦੇ ਰਹਿਣ-ਸਹਿਣ, ਆਵਾਜਾਈ ਅਤੇ ਉਹਨਾਂ ਦੇ ਹੋਰ ਕੰਮਾਂ ਦੀ ਸਾਂਭ ਸੰਭਾਲ ਦਾ ਕੰਮ ਵੀ BBMB ਕਰੇਗਾ। ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਵਿਚਕਾਰ ਪਾਣੀ ਦੀ ਵੰਡ ਦੇ ਵਿਵਾਦ ਤੋਂ ਬਾਅਦ ਪੰਜਾਬ ਨੇ ਨੰਗਲ ਡੈਮ ‘ਤੇ ਪੰਜਾਬ ਪੁਲਿਸ ਦੀ ਗਿਣਤੀ ਵਧਾ ਦਿੱਤੀ ਸੀ। ਇਸ ਦੌਰਾਨ ਉੱਥੇ ਪੰਜਾਬ ਪੁਲਿਸ ਦੇ ਅਫ਼ਸਰਾਂ ‘ਤੇ ਦੋਸ਼ ਵੀ ਲੱਗੇ ਸਨ ਕਿ ਬੋਰਡ ਦੇ ਚੇਅਰਮੈਨ ਨੂੰ ਪੰਜਾਬ ਪੁਲਿਸ ਦੇ ਤਾਇਨਾਤ ਅਧਿਕਾਰੀਆਂ ਨੇ ਡੈਮ ‘ਤੇ ਨਹੀਂ ਜਾਣ ਦਿੱਤਾ। ਇਸ ਮਾਮਲੇ ਦੀ ਹਾਈਕੋਰਟ ਵਿੱਚ ਸੁਣਵਾਈ ਦੌਰਾਨ ਵੀ ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਬੀਬੀਐਮਬੀ ਦੇ ਭਾਖੜਾ ਨੰਗਲ ਡੈਮ ਅਤੇ ਲੁਹਾਰ ਕੰਟਰੋਲ ਰੂਮ ਅਤੇ ਉਹਨਾਂ ਦੇ ਕੰਮ ਵਿੱਚ ਦਖ਼ਲ ਅੰਦਾਜ਼ੀ ਨਾ ਕਰਨ ਦੇ ਹੁਕਮ ਦਿੱਤੇ ਸਨ। ਸੁਣਵਾਈ ਦੌਰਾਨ ਹਾਈ ਕੋਰਟ ਨੇ ਭਾਖੜਾ ਡੈਮ ਦੀ ਸੁਰੱਖਿਆ ਦਾ ਮੁੱਦਾ ਬੀਬੀਐਮਬੀ ‘ਤੇ ਛੱਡ ਦਿੱਤਾ ਸੀ ਕਿ ਜੇ ਉਹ ਚਾਹੇ ਤਾਂ ਕੇਂਦਰ ਤੋਂ ਅਰਧ ਸੁਰੱਖਿਆ ਸੈਨਿਕ ਬਲਾਂ ਦੀ ਮੰਗ ਕਰ ਸਕਦੀ ਹੈ। ਹਾਈ ਕੋਰਟ ਦੇ ਇਸ ਫੈਸਲੇ ਤੋਂ ਬਾਅਦ “ਅੰਨ੍ਹਾ ਕੀ ਭਾਲੇ ਦੋ ਅੱਖਾਂ” ਦੀ ਕਹਾਵਤ ਅਨੁਸਾਰ BBMB ਨੇ ਕੇਂਦਰ ਤੋਂ ਨੰਗਲ ਡੈਮ ਦੀ ਸੁਰੱਖਿਆ ਲਈ ਅਰਧ ਸੈਨਿਕ ਬਲਾਂ ਦੀ ਮੰਗ ਕੀਤੀ ਜਿਸ ਤੋਂ ਬਾਅਦ ਕੇਂਦਰ ਨੇ ਉੱਥੇ CISF ਦੇ ਜਵਾਨ ਤਾਇਨਾਤ ਕਰਨ ਦਾ ਵੱਡਾ ਫੈਸਲਾ ਕੀਤਾ ਹੈ। ਪਾਣੀ ਦੇ ਮਾਮਲਿਆਂ ‘ਚ ਉੰਝ ਭਾਵੇਂ ਪੰਜਾਬ ਧੱਕੇ ਨਾਲ ਕੁਝ ਦਿਨਾਂ ਲਈ ਹਰਿਆਣਾ ਨੂੰ ਵਾਧੂ ਪਾਣੀ ਰੋਕਣ ‘ਚ ਕਾਮਯਾਬ ਰਿਹਾ ਪਰੰਤੂ ਜੇਕਰ ਕੁੱਲ ਮਿਲਾ ਕੇ ਇਹ ਸਾਰੇ ਮਾਮਲੇ ਦਾ ਪੋਸਟਮਾਰਟਮ ਕੀਤਾ ਜਾਵੇ ਤਾਂ ਇਹੋ ਕਿਹਾ ਜਾ ਸਕਦਾ ਹੈ ਕਿ “ਫੁੱਲਾਂ ਦੀਆਂ ਕਿਆਰੀਆਂ ਪੰਜਾਬ ਵਾਲੇ ਗੁੱਡਦੇ ਰਹਿ ਗਏ ਪ੍ਰੰਤੂ ਫੁੱਲ ਦਿੱਲੀ ਤੇ ਹਰਿਆਣੇ ਵਾਲੇ ਲੈ ਗਏ”। ਨੰਗਲ ਡੈਮ ‘ਤੇ ਮੌਜੂਦਾ ਹਾਲਾਤਾਂ ਅਤੇ ਪੰਜਾਬ, ਹਰਿਆਣਾ ਰਾਜਸਥਾਨ ਨੂੰ ਪਾਣੀਆਂ ਦੇ ਵੰਡ ਦੇ ਸੰਦਰਭ ਵਿੱਚ ਮਾਹਿਰਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਇਸ ਸਾਰੇ ਮਾਮਲੇ ‘ਚ ਪੰਜਾਬ ਦੀ ਕੂਟਨੀਤਿਕ ਹਾਰ ਹੋਈ ਹੈ।