ਚੰਡੀਗੜ੍ਹ, 27, ਮਈ, Gee98 News service
-ਵਿਜੀਲੈਂਸ ਦੀ ਟੀਮ ਨੇ ਜਦੋਂ ਇੱਕ ਪਟਵਾਰੀ ਨੂੰ ਟਰੈਪ ਲਗਾ ਕੇ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਤਾਂ ਪਟਵਾਰੀ ਸਾਬ੍ਹ 500 ਦੇ ਚਾਰ ਨੋਟ ਨਿਕਲ ਗਏ, ਤੇ ਵਿਜੀਲੈਂਸ ਦੀ ਟੀਮ ਦੇ ਅਧਿਕਾਰੀ ਦੇਖਦੇ ਹੀ ਰਹਿ ਗਏ। ਇਹ ਦਿਲਚਸਪ ਖ਼ਬਰ ਉੱਤਰਾਖੰਡ ਤੋਂ ਸਾਹਮਣੇ ਆ ਰਹੀ ਹੈ। ਉੱਤਰਾਖੰਡ ਦੀ ਤਹਿਸੀਲ ਕਲਸੀ ਵਿਖੇ ਤਾਇਨਾਤ ਪਟਵਾਰੀ ਗੁਲਸ਼ਨ ਹੈਦਰ ਦੇ ਖ਼ਿਲਾਫ਼ ਵਿਜੀਲੈਂਸ ਦੇ ਟੋਲ ਫਰੀ ਨੰਬਰ ‘ਤੇ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਜਿਸ ਵਿੱਚ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਸ ਦੇ ਭਰਾਵਾਂ ਨੇ ਡੋਮੀਸਾਈਲ ਅਤੇ ਜਾਤੀ ਸਰਟੀਫਿਕੇਟ ਲਈ ਆਨਲਾਈਨ ਅਰਜ਼ੀਆਂ ਦਿੱਤੀਆਂ ਸਨ ਪਰ ਜਾਂਚ ਦੌਰਾਨ ਇਹ ਦੋਵੇਂ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ। ਇਹ ਅਰਜ਼ੀਆਂ ਰੱਦ ਹੋਣ ਤੋਂ ਬਾਅਦ ਜਦੋਂ ਸ਼ਿਕਾਇਤ ਕਰਤਾ ਨੇ ਪਟਵਾਰੀ ਗੁਲਸ਼ਨ ਹੈਦਰ ਨਾਲ ਸੰਪਰਕ ਕੀਤਾ ਤਾਂ ਉਸਨੇ ਦੋਵੇਂ ਸਰਟੀਫਿਕੇਟਾਂ ਲਈ 2000 ਰੁਪਏ ਦੀ ਰਿਸ਼ਵਤ ਮੰਗੀ, ਜਿਸ ਤੋਂ ਬਾਅਦ ਸ਼ਿਕਾਇਤ ਕਰਤਾ ਨੇ ਵਿਜੀਲੈਂਸ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਅਤੇ ਵਿਜੀਲੈਂਸ ਨੇ ਤਹਿਸੀਲ ਦੇ ਨਿੱਜੀ ਕਮਰੇ ਵਿੱਚੋਂ ਟਰੈਪ ਲਗਾ ਕੇ ਪਟਵਾਰੀ ਨੂੰ 2000 ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਫੜ ਲਿਆ। ਜਦੋਂ ਵਿਜੀਲੈਂਸ ਦੀ ਟੀਮ ਨੇ ਪਟਵਾਰੀ ਨੂੰ ਫੜਿਆ ਤਾਂ ਸਬੂਤ ਮਿਟਾਉਣ ਦੀ ਨੀਅਤ ਨਾਲ ਪਟਵਾਰੀ 500 ਦੇ ਚਾਰ ਨੋਟ ਚੱਬ ਗਿਆ। ਵਿਜੀਲੈਸ ਦੀ ਟੀਮ ਨੇ ਬਾਅਦ ਵਿੱਚ ਪਟਵਾਰੀ ਦਾ ਅਲਟਰਾਸਾਊਂਡ ਵੀ ਕਰਵਾਇਆ ਪਰੰਤੂ ਉਸ ਦੇ ਪੇਟ ਵਿੱਚ ਨੋਟ ਨਹੀਂ ਮਿਲੇ। ਵਿਜੀਲੈਂਸ ਦੀ ਟੀਮ ਨੇ ਪਟਵਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਅਗਲੇਰੀ ਪੁੱਛਗਿੱਛ ਕੀਤੀ ਜਾ ਰਹੀ ਹੈ। ਉੱਤਰਾਖੰਡ ਵਿਜੀਲੈਂਸ ਦੇ ਡਾਇਰੈਕਟਰ ਡਾਕਟਰ ਵੀ. ਮੁਰੂਗੇਸ਼ਨ ਨੇ ਇਸ ਕਾਰਵਾਈ ਲਈ ਟਰੈਪ ਟੀਮ ਦੀ ਸ਼ਲਾਘਾ ਕਰਦੇ ਹੋਏ ਉਹਨਾਂ ਨੂੰ ਨਕਦ ਇਨਾਮ ਦੇਣ ਦਾ ਐਲਾਨ ਵੀ ਕੀਤਾ ਹੈ, ਪਰ ਇਹ ਸੋਚਣ ਦੀ ਗੱਲ ਹੈ ਕਿ ਹੁਣ ਵਿਜੀਲੈਂਸ ਦੀ ਟੀਮ ਨੋਟਾਂ ਦੀ ਬਰਾਮਦਗੀ ਕਿਵੇਂ ਦਿਖਾਵੇਗੀ ਕਿਉਂਕਿ ਨੋਟ ਤਾਂ ਪਟਵਾਰੀ ਸਾਬ੍ਹ ਦੇ ਅਲਟਰਾਸਾਉੰਡ ਵਿੱਚ ਵੀ ਨਹੀਂ ਨਿਕਲੇ।
ਫੋਟੋ ਕੈਪਸ਼ਨ-ਸੰਕੇਤਿਕ ਤਸਵੀਰ