Gee 98News

ਸਾਡਾ ਚਲਦਾ ਏਂ ਧੱਕਾ ਅਸੀਂ ਤਾਂ ਕਰਦੇ….SDM ਨੇ ਦੱਬ ਲਈ BDPO ਦੀ ਕੋਠੀ…ਤਹਿਸੀਲਦਾਰ ਦਾ ਨਰੇਗਾ ਭਵਨ ‘ਤੇ ਕਬਜ਼ਾ……!

ਬਰਨਾਲਾ ,9 ਜੂਨ, Gee98 News service
-ਵਿਧਾਨ ਸਭਾ ਹਲਕਾ ਸ਼ੇਰਪੁਰ ਨੂੰ ਤੋੜ ਕੇ ਨਵੇਂ ਬਣਾਏ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਬਲਾਕ ਮਹਿਲ ਕਲਾਂ ਨੇ ਭਾਵੇਂ ਥੋੜ੍ਹੇ ਸਮੇਂ ਵਿੱਚ ਸਬ ਡਵੀਜ਼ਨ ਦਾ ਦਰਜਾ ਪ੍ਰਾਪਤ ਕਰ ਲਿਆ ਪ੍ਰੰਤੂ ਇੱਥੇ ਤਾਇਨਾਤ ਹੋਣ ਵਾਲੇ ਅਫ਼ਸਰਾਂ ਦੇ ਦਫ਼ਤਰਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਲੱਗਭੱਗ ਸਾਰੇ ਚੋਟੀ ਦੇ ਅਫ਼ਸਰ ਧੱਕੇਸ਼ਾਹੀ ਨਾਲ ਕਿਸੇ ਨਾ ਕਿਸੇ ਦੂਜੇ ਵਿਭਾਗ ਦੇ ਦਫ਼ਤਰ ‘ਤੇ ਕਬਜ਼ਾ ਕਰਕੇ ਹੀ ਡੰਗ ਟਪਾ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਸਬ ਡਵੀਜ਼ਨ ਦੇ ਸਭ ਤੋਂ ਵੱਡੇ ਅਫ਼ਸਰ ਐਸਡੀਐਮ ਕੋਲ ਵੀ ਆਪਣਾ ਕੋਈ ਦਫ਼ਤਰ ਨਹੀਂ ਹੈ। ‌ ਮਹਿਲ ਕਲਾਂ ਨੂੰ ਸਬ ਡਵੀਜ਼ਨ ਦਾ ਦਰਜਾ ਪ੍ਰਾਪਤ ਹੋਣ ਤੋਂ ਬਾਅਦ ਐਸਡੀਐਮ ਸਾਹਿਬ ਨੇ ਸਥਾਨਿਕ ਮਾਰਕੀਟ ਕਮੇਟੀ ਦਫ਼ਤਰ ਦੇ ਇੱਕ ਕਮਰੇ ‘ਤੇ ਕਬਜ਼ਾ ਕੀਤਾ ਅਤੇ ਔਖਾ-ਸੌਖਾ ਕੰਮ ਚਲਾਇਆ। ਮਾਰਕੀਟ ਕਮੇਟੀ ਦੇ ਦਫ਼ਤਰ ਐਸਡੀਐਮ ਦਾ ਕੰਮ ਇਸ ਕਰਕੇ ਚੱਲ ਗਿਆ ਕਿਉਂਕਿ ਦੂਜੇ ਪਾਸੇ ਮਾਰਕੀਟ ਕਮੇਟੀਆਂ ਭੰਗ ਹੋਣ ਕਾਰਨ ਚੇਅਰਮੈਨ ਦੀ ਨਿਯੁਕਤੀ ਨਹੀਂ ਹੋਈ ਸੀ ਪ੍ਰੰਤੂ ਜਦੋਂ ਮੌਜੂਦਾ ਸਰਕਾਰ ਨੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਦੀ ਨਿਯੁਕਤੀ ਕੀਤੀ ਤਾਂ ਐਸਡੀਐਮ ਤੇ ਚੇਅਰਮੈਨ ਦੇ ਵਿਚਕਾਰ ਦਫ਼ਤਰ ਦਾ ਸਮਾਂ ਅੱਧੋ ਅੱਧ ਵੰਡਿਆ ਗਿਆ ਭਾਵ ਕਿ ਦੋਵਾਂ ਦਾ ਇੱਕੋ ਹੀ ਕਮਰਾ ਸੀ ਜਿਸ ਵਿੱਚ ਚੇਅਰਮੈਨ ਦੀ ਐਂਟਰੀ ਤੋਂ ਪਹਿਲਾਂ ਐਸਡੀਐਮ ਬੈਠਾ ਰਹਿੰਦਾ ਪਰੰਤੂ ਜਦੋਂ ਚੇਅਰਮੈਨ ਦੇ ਆਉਣ ਦਾ ਸਮਾਂ ਹੁੰਦਾ ਤਾਂ ਐਸਡੀਐਮ ਫੀਲਡ ਵਿੱਚ ਚਲਿਆ ਜਾਂਦਾ ਸੀ। 

                                     ਸਰਕਾਰ ਦੇ ਸਾਢੇ ਤਿੰਨ ਸਾਲ ਬੀਤਣ ਤੋਂ ਬਾਅਦ ਮਿਲੀ ਚੇਅਰਮੈਨ ਦੀ ਠੁੱਕ ਨਾ ਬਣਦੀ ਦੇਖ ਕੇ ਚੇਅਰਮੈਨ ਸਾਹਿਬ ਨੇ ਐਸਡੀਐਮ ਸਾਹਿਬ ਦਾ ਦਫ਼ਤਰ ਹੀ ਬਦਲਾ ਦਿੱਤਾ ਜਿਸ ਤੋਂ ਬਾਅਦ ਐਸਡੀਐਮ ਨੇ ਬੀਡੀਪੀਓ ਮਹਿਲ ਕਲਾਂ ਦੀ ਰਿਹਾਇਸ਼ੀ ਕੋਠੀ ‘ਤੇ ਕਬਜ਼ਾ ਕਰ ਲਿਆ। ਐਸਡੀਐਮ ਵੱਲੋਂ ਬੀਡੀਪੀਓ ਮਹਿਲ ਕਲਾਂ ਦੀ ਰਿਹਾਇਸ਼ੀ ਕੋਠੀ ‘ਤੇ ਕਬਜ਼ਾ ਜੱਗੋ ਤੇਰਵੀਂ ਵਾਲੀ ਗੱਲ ਹੋ ਨਿਬੜੀ ਕਿਉਂਕਿ ਮਹਿਲਕਲਾਂ ਤਾਇਨਾਤ ਬੀਡੀਪੀਓ ਜਲਾਲਾਬਾਦ ਖੇਤਰ ਤੋਂ ਹੈ ਜਿੱਥੋਂ ਰੋਜਾਨਾ ਅੱਪ ਡਾਊਨ ਨਹੀਂ ਕੀਤਾ ਜਾ ਸਕਦਾ, ਜੇ ਕੀਤਾ ਵੀ ਜਾ ਸਕਦਾ ਤਾਂ ਬਹੁਤ ਮਹਿੰਗਾ ਪੈਂਦਾ ਹੈ। ‌ਬਲਾਕ ਮਹਿਲ ਕਲਾਂ ਵਿੱਚ ਬੀਡੀਪੀਓ ਦੀ ਰਿਹਾਇਸ਼ੀ ਕੋਠੀ ਦੀ ਕਈ ਵਾਰੀ ਕੀਤੀ ਰੈਨੋਵੇਸ਼ਨ ‘ਤੇ ਲੱਖਾਂ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਇਸ ਕਰਕੇ ਉਸ ਦੀ ਹਾਲਤ ਰਾਤ ਠਹਿਰਣ ਜੋਗੀ ਚੰਗੀ ਹੈ ਪ੍ਰੰਤੂ ਹੁਣ ਜਦੋਂ ਕਿ ਐਸਡੀਐਮ ਨੇ ਬੀਡੀਪੀਓ ਦੀ ਕੋਠੀ ‘ਤੇ ਕਬਜ਼ਾ ਕਰ ਲਿਆ ਤਾਂ ਬੀਡੀਪੀਓ ਲੁੱਟੇ ਲੁੱਟੇ ਜਿਹੇ ਮਹਿਸੂਸ ਕਰਦੇ ਨੇ ਜਿਨਾਂ ਨੂੰ ਜਾਂ ਤਾਂ ਰੋਜ਼ਾਨਾ ਆਪਣੇ ਘਰ ਵਾਪਸ ਮੁੜਨਾ ਪੈਂਦਾ ਹੈ ਜਾਂ ਫਿਰ ਉਹ ਪ੍ਰਾਈਵੇਟ ਤੌਰ ‘ਤੇ ਕਿਰਾਏ ਦੀ ਕੋਠੀ ਵਿੱਚ ਰਹਿਣਗੇ। ‌
                                                                      ਦੂਜੇ ਪਾਸੇ ਮਹਿਲ ਕਲਾਂ ਦੇ ਤਹਿਸੀਲਦਾਰ/ਸਬ ਤਹਿਸੀਲਦਾਰ ਕੋਲ ਵੀ ਆਪਣਾ ਕੋਈ ਦਫ਼ਤਰ ਨਹੀਂ ਹੈ। ਤਹਿਸੀਲ ਦਾ ਸਾਰਾ ਕੰਮਕਾਜ ਨਰੇਗਾ ਭਵਨ ਵਿੱਚ ਹੀ ਚੱਲ ਰਿਹਾ ਹੈ, ਜਦ ਕਿ ਨਰੇਗਾ ਮਹਿਕਮੇ ਵਾਲੇ ਵਿਚਾਰੇ ਬਲਾਕ ਕੰਪਲੈਕਸ ਦੇ ਇੱਕ ਰਸੋਈ ਕੁ ਜਿੱਡੇ ਕਮਰੇ ਵਿੱਚ ਦਿਨ ਕਟੀ ਕਰ ਰਹੇ ਹਨ। ਦੱਸ ਦੇਈਏ ਕਿ ਨਰੇਗਾ ਭਵਨ ਲੱਖਾਂ ਰੁਪਏ ਖਰਚ ਕਰਕੇ ਬਣਾਇਆ ਗਿਆ ਸੀ ਜਿੱਥੇ ਨਰੇਗਾ ਵਿਭਾਗ ਦੇ ਕਰਮਚਾਰੀਆਂ ਅਤੇ ਨਰੇਗਾ ਮਜ਼ਦੂਰਾਂ ਨੂੰ ਇੱਕ ਦਿਨ ਵੀ ਬੈਠਣਾ ਨਸੀਬ ਨਹੀਂ ਹੋਇਆ। ਬਲਾਕ ਮਹਿਲ ਕਲਾਂ ਦਾ ਸੀਡੀਪੀਓ ਦਫ਼ਤਰ ਅਤੇ ਫੂਡ ਸਪਲਾਈ ਦਫ਼ਤਰ ਵੀ ਕਈ ਸਾਲਾਂ ਤੋਂ ਕਿਰਾਏ ਦੀ ਕੋਠੀ ਵਿੱਚ ਹੀ ਚੱਲ ਰਿਹਾ ਹੈ। ਐਸਡੀਐਮ ਵੱਲੋਂ ਬੀਡੀਪੀਓ ਦੀ ਰਿਹਾਇਸ਼ੀ ਕੋਠੀ ‘ਤੇ ਕਬਜ਼ਾ ਕਰਨ ਦੀ ਵਾਹਵਾ ਚਰਚਾ ਹੋ ਰਹੀ ਹੈ ਪ੍ਰੰਤੂ ਵੱਡੇ ਅਫ਼ਸਰ ਨੂੰ ਛੋਟਾ ਅਫ਼ਸਰ ਕਹੇ ਤਾਂ ਕੀ ਕਹੇ, ਵੱਡਿਆਂ ਦਾ ਧੱਕਾ ਤਾਂ ਮੁੱਢ ਕਦੀਮੋਂ ਹੀ ਚੱਲਦਾ ਆਇਆ ਹੈ।‌
ਫੋਟੋ ਕੈਪਸ਼ਨ-ਬੀਡੀਪੀਓ ਦੀ ਰਿਹਾਇਸ਼ੀ ਕੋਠੀ ‘ਚ ਚੱਲ ਰਿਹਾ ਐਸਡੀਐਮ ਦਾ ਦਫ਼ਤਰ

error: Content is protected !!