Gee 98News

ਅਹਿਮ ਖ਼ਬਰ…ਹੁਣ FIR ਦਰਜ ਹੋਣ ਤੋਂ ਬਿਨਾਂ ਕਿਸੇ ਮਾਮਲੇ ਦੀ ਜਾਂਚ ਨਹੀਂ ਹੋਵੇਗੀ-ਹਾਈਕੋਰਟ

ਚੰਡੀਗੜ੍ਹ ,14. ਜੂਨ , Gee98 News service
-ਹੁਣ ਪੰਜਾਬ ਪੁਲਿਸ ਕਿਸੇ ਵੀ ਅਜਿਹੇ ਮਾਮਲੇ ਦੀ ਜਾਂਚ ਨਹੀਂ ਕਰੇਗੀ ਜਿਸ ਸਬੰਧੀ ਐਫਆਈਆਰ ਦਰਜ ਨਾ ਹੋਈ ਹੋਵੇ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਹੈ ਕਿ ਬਿਨਾਂ ਐਫਆਈਆਰ ਦੇ ਪੁਲਿਸ ਜਾਂਚ ਕਰਨਾ ਕਾਨੂੰਨੀ ਤੌਰ ‘ਤੇ ਸਵੀਕਾਰਯੋਗ ਨਹੀਂ ਹੈ ਤੇ ਇਹ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ। ਹਾਈਕੋਰਟ ਦੇ ਇਹ ਹੁਕਮ ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਵੀ ਲਾਗੂ ਹੋਣਗੇ। ਹਾਈਕੋਰਟ ਦੇ ਫੈਸਲੇ ਤੋਂ ਬਾਅਦ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀ ਪੁਲਿਸ ਨੇ ਅਜਿਹੇ ਸਾਰੇ ਮਾਮਲਿਆਂ ‘ਚ ਬਿਨਾਂ ਐਫਆਈਆਰ ਸ਼ੁਰੂ ਕੀਤੀਆਂ ਗਈਆਂ ਜਾਂਚਾਂ ਨੂੰ ਤੁਰੰਤ ਬੰਦ ਕਰਨ ਦਾ ਫੈਸਲਾ ਕੀਤਾ ਹੈ। ਹਾਈਕੋਰਟ ‘ਚ ਚੱਲ ਰਹੀ ਸੁਣਵਾਈ ਦੌਰਾਨ ਖੁਲਾਸਾ ਹੋਇਆ ਕਿ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕਈ ਥਾਣਿਆਂ ‘ਚ ਅਜਿਹੀਆਂ ਸ਼ਿਕਾਇਤਾਂ ‘ਤੇ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਹੈ ਜਿਨ੍ਹਾਂ ਵਿਚ ਐਫਆਈਆਰ ਤੱਕ ਦਰਜ ਨਹੀਂ ਕੀਤੀ ਗਈ ਹੁੰਦੀ। ਅਦਾਲਤ ਨੇ ਇਸਨੂੰ ਸੁਪਰੀਮ ਕੋਰਟ ਵੱਲੋਂ ਲਲਿਤਾ ਕੁਮਾਰੀ ਬਨਾਮ ਉੱਤਰ ਪ੍ਰਦੇਸ਼ ਰਾਜ ਮਾਮਲੇ ‘ਚ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦਾ ਸਪੱਸ਼ਟ ਉਲੰਘਣਾ ਮੰਨਿਆ।
                                                     ਜਸਟਿਸ ਐਨਐਸ ਸ਼ੇਖਾਵਤ ਦੀ ਬੈਂਚ ਨੇ ਸਾਫ਼ ਸ਼ਬਦਾਂ ‘ਚ ਕਿਹਾ ਕਿ ਬਿਨਾਂ ਐਫਆਈਆਰ ਦੀ ਕੀਤੀ ਗਈ ਜਾਂਚ ਕਾਨੂੰਨ ਦੀ ਨਜ਼ਰ ‘ਚ ਨਾ ਸਿਰਫ਼ ਅਵੈਧ ਹੋਵੇਗੀ, ਸਗੋਂ ਇਸ ਨਾਲ ਜੁੜੇ ਅਧਿਕਾਰੀ ਮੁਆਵਜ਼ਾ ਦੇਣ ਲਈ ਮਜ਼ਬੂਰ ਹੋਣਗੇ। ਅਦਾਲਤ ਨੇ ਇਹ ਵੀ ਕਿਹਾ ਕਿ ਜੇ ਅਜਿਹੇ ਮਾਮਲੇ ਜਾਰੀ ਰਹੇ ਤਾਂ ਸੰਬੰਧਿਤ ਅਧਿਕਾਰੀਆਂ ‘ਤੇ ਉਲੰਘਣਾ ਦੀ ਕਾਰਵਾਈ ਕੀਤੀ ਜਾਵੇਗੀ। ਹਾਈਕੋਰਟ ‘ਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਡੀਜੀਪੀ ਨੇ ਹਲਫਨਾਮੇ ਦਾਖ਼ਲ ਕਰਦਿਆਂ ਸਾਫ਼ ਕੀਤਾ ਹੈ ਕਿ ਹੁਣ ਬਿਨਾਂ ਐਫਆਈਆਰ ਕਿਸੇ ਵੀ ਕਿਸਮ ਦੀ ਪੁਲਿਸ ਜਾਂਚ ਨਹੀਂ ਕੀਤੀ ਜਾਵੇਗੀ ਅਤੇ ਪਹਿਲਾਂ ਚੱਲ ਰਹੀਆਂ ਅਜਿਹੀਆਂ ਸਾਰੀਆਂ ਜਾਂਚਾਂ ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ।

error: Content is protected !!