Gee 98News

ਬਰਨਾਲਾ ਜ਼ਿਲ੍ਹੇ ਨਾਲ ਸਬੰਧਿਤ “ਸਿੱਖਸ ਫਾਰ ਜਸਟਿਸ” ਦਾ ਸੰਚਾਲਕ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ

ਚੰਡੀਗੜ੍ਹ,19 ਜੂਨ, Gee98 News service
-ਬਰਨਾਲਾ ਜ਼ਿਲ੍ਹੇ ਦੇ ਪਿੰਡ ਹਮੀਦੀ ਨਾਲ ਸਬੰਧਿਤ ਇੱਕ ਨੌਜਵਾਨ ਰੇਸ਼ਮ ਸਿੰਘ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ‌ਪੁਲਿਸ ਦਾ ਦਾਅਵਾ ਹੈ ਕਿ ਰੇਸ਼ਮ ਸਿੰਘ ਪਾਬੰਦੀਸ਼ੁਦਾ ਜਥੇਬੰਦੀ “ਸਿੱਖ ਫਾਰ ਜਸਟਿਸ” ਦੇ ਨਾਲ ਜੁੜਿਆ ਹੋਇਆ ਹੈ ਅਤੇ ਇਸ ਦੀਆਂ ਗਤੀਵਿਧੀਆਂ ਕਾਨੂੰਨ ਦੇ ਉਲਟ ਸਨ। ਪੰਜਾਬ ਪੁਲਿਸ ਦੇ ਡੀਜੀਪੀ ਸ੍ਰੀ ਗੌਰਵ ਯਾਦਵ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ “ਐਕਸ” ‘ਤੇ ਸਾਂਝੀ ਕਰਦੇ ਹੋਏ ਕਿਹਾ ਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਮੋਹਾਲੀ ਵੱਲੋਂ ਰੇਸ਼ਮ ਸਿੰਘ ਨੂੰ ਖੁਫ਼ੀਆ ਜਾਣਕਾਰੀ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀਜੀਪੀ ਸ੍ਰੀ ਯਾਦਵ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਪੁਲਿਸ ਰੇਸ਼ਮ ਸਿੰਘ ਦੀ ਤਲਾਸ਼ ਵਿੱਚ ਸੀ। ਡੀਜੀਪੀ ਦਾ ਇਹ ਵੀ ਕਹਿਣਾ ਹੈ ਕਿ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਜੂਨ 2025 ਦੇ ਪਹਿਲੇ ਹਫਤੇ ਰੇਸ਼ਮ ਸਿੰਘ ਨੇ ਜਲੰਧਰ ਜ਼ਿਲ੍ਹੇ ਦੇ ਫਿਲੌਰ ਇਲਾਕੇ ਵਿੱਚ ਪਿੰਡ ਨੰਗਲ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ ਆਰ ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਸੀ ਅਤੇ ਇਸ ਘਟਨਾ ਤੋਂ ਬਾਅਦ ਰੇਸ਼ਮ ਸਿੰਘ ਫਰਾਰ ਚਲਿਆ ਆ ਰਿਹਾ ਸੀ। ਉਹਨਾਂ ਦੱਸਿਆ ਕਿ ਮਈ 2025 ਵਿੱਚ ਭਾਰਤ ਪਾਕਿਸਤਾਨ ਤਣਾਅ ਦੌਰਾਨ ਰੇਸ਼ਮ ਸਿੰਘ ਨੇ ਜਨਤਕ ਅਸਾਂਤੀ ਭੜਕਾਉਣ ਅਤੇ ਦੇਸ਼ ਵਿਰੋਧੀ ਭਾਵਨਾਵਾਂ ਨੂੰ ਉਤਸ਼ਾਹਿਤ ਕਰਨ ਲਈ ‘ਪਾਕਿਸਤਾਨ ਜ਼ਿੰਦਾਬਾਦ’ ਅਤੇ ‘ਖਾਲਿਸਤਾਨ ਜ਼ਿੰਦਾਬਾਦ’ ਵਰਗੇ ਨਾਅਰੇ ਵੀ ਲਿਖੇ ਸਨ। ‌ਰੇਸ਼ਮ ਸਿੰਘ ‘ਤੇ ਪਹਿਲਾਂ ਵੀ UAPA ਤਹਿਤ ਕਰਨਾਲ (ਹਰਿਆਣਾ) ਅਤੇ ਸੰਗਰੂਰ ਵਿਖੇ ਮੁਕੱਦਮੇ ਦਰਜ ਹਨ। ਡੀਜੀਪੀ ਸ੍ਰੀ ਯਾਦਵ ਨੇ ਦਾਅਵਾ ਕੀਤਾ ਕਿ ਰੇਸ਼ਮ ਸਿੰਘ ਨੇ ਇਹ ਕਾਰਵਾਈਆਂ ਅਮਰੀਕਾ ਬੈਠੇ ਪੰਜਾਬ ਪੁਲਿਸ ਨੂੰ ਲੋੜੀਂਦੇ ਸੁਰਿੰਦਰ ਸਿੰਘ ਠੀਕਰੀਵਾਲ ਅਤੇ ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਕਹਿਣ ‘ਤੇ ਕਰਦਾ ਸੀ। ਪੁਲਿਸ ਦਾ ਦਾਅਵਾ ਹੈ ਕਿ ਰੇਸ਼ਮ ਸਿੰਘ ਦੇ ਬੈਂਕ ਖਾਤਿਆਂ ਦੀ ਪੜ੍ਹਤਾਲ ਤੋਂ ਪਤਾ ਲੱਗਿਆ ਹੈ ਕਿ ਰੇਸ਼ਮ ਸਿੰਘ ਨੂੰ ਵਿਦੇਸ਼ਾਂ ਤੋਂ ਫੰਡਿੰਗ ਵੀ ਹੋਈ ਹੈ।

error: Content is protected !!