Skip to main content

Gee 98News

ਜ਼ਿਲ੍ਹਾ ਪ੍ਰਸ਼ਾਸਨ ਦੀ ਮੁਹਿੰਮ : ਬਦਲੇਗੀ ਝੁੱਗੀਆਂ-ਝੌਂਪੜੀਆਂ ਵਾਲੇ ਬੱਚਿਆਂ ਦੀ ਤਕਦੀਰ

-ਪੜ੍ਹਾਈ ਤੋਂ ਸੱਖਣੇ 61 ਬੱਚਿਆਂ ਨੂੰ ਜੁਮਲਾ ਮਾਲਕਨ ਸਕੂਲ ’ਚ ਕੀਤਾ ਦਾਖਲ

ਬਰਨਾਲਾ, 8 ਸਤੰਬਰ (ਨਿਰਮਲ ਸਿੰਘ ਪੰਡੋਰੀ) :

ਬਰਨਾਲਾ ਦੇ ਅਨਾਜ ਮੰਡੀ ਖੇਤਰ ’ਚ ਝੁੱਗੀਆਂ-ਝੌਂਪੜੀਆਂ ਵਿੱਚ ਰਹਿੰਦੇ ਬੱਚਿਆਂ ਦੀ ‘ਵਿੱਦਿਆ ਦੇ ਚਾਨਣ’ ਨਾਲ ਤਕਦੀਰ ਚਮਕਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਦੀ ਅਗਵਾਈ ਹੇਠ ਵਿਸ਼ੇਸ਼ ਮੁਹਿੰਮ ਵਿੱਢੀ ਹੈ, ਜਿਸ ਬਦੌਲਤ ਹੁਣ ਇਹ ਬੱਚੇ ਝੁੱਗੀਆਂ-ਝੌਂਪੜੀਆਂ ਤੋਂ ਸਰਕਾਰੀ ਸਕੂਲ ਤੱਕ ਪੁੱਜੇ ਹਨ। ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ’ਚ ਆਇਆ ਕਿ ਅਨਾਜ ਮੰਡੀ ਖ਼ੇਤਰ ’ਚ ਝੁੱਗੀਆਂ-ਝੌਂਪੜੀਆਂ ਵਿਚ ਰਹਿ ਰਹੇ ਗਰੀਬ ਪਰਿਵਾਰਾਂ ਦੇ ਵੱਡੀ ਗਿਣਤੀ ਬੱਚੇ ਸਕੂਲੀ ਪੜਾਈ ਤੋਂ ਸੱਖਣੇ ਹਨ। ਇਸ ਮਗਰੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਨੂੰ ਇਸ ਖ਼ੇਤਰ ਦਾ ਘਰ-ਘਰ ਸਰਵੇਖਣ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ। ਸਰਵੇਖਣ ਮਗਰੋਂ ਤੱਥ ਸਾਹਮਣੇ ਆਏ ਕਿ ਕੁੱਲ 169 ਬੱਚੇ ਹਨ, ਜਿਨ੍ਹਾਂ ’ਚੋਂ 69 ਬੱਚੇ ਕਿਸੇ ਵੀ ਸਕੂਲ ’ਚ ਨਹੀਂ ਜਾ ਰਹੇ। ਇਨ੍ਹਾਂ ’ਚੋਂ 61 ਬੱਚਿਆਂ ਦੇ ਮਾਪਿਆਂ ਦੀ ਸਹਿਮਤੀ ਨਾਲ ਇਨ੍ਹਾਂ ਨੂੰ ਸਰਕਾਰੀ ਹਾਈ ਸਕੂਲ ਜੁਮਲਾ ਮਾਲਕਨ ’ਚ ਦਾਖਲ ਕੀਤਾ ਗਿਆ ਹੈ। ਇਨਾਂ ਵਿਚ 17 ਲੜਕੇ ਅਤੇ 55 ਲੜਕੀਆਂ ਸ਼ਾਮਲ ਹਨ। ਏਡੀਸੀ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਦਾ ਮਾਨਸਿਕ ਪੱਧਰ ਅਤੇ ਸਿੱਖਿਆ ਦਾ ਪੱਧਰ ਜਾਣਨ ਲਈ ਦੋ ਮਹੀਨੇ ਬਿ੍ਰਜ ਕੋਰਸ ਕਰਵਾਇਆ ਜਾਵੇਗਾ, ਜਿਸ ਮਗਰੋਂ ਇਨ੍ਹਾਂ ਨੂੰ ਉਸ ਆਧਾਰ ’ਤੇ ਸਬੰਧਤ ਜਮਾਤਾਂ ਵਿਚ ਦਾਖ਼ਲ ਕੀਤਾ ਜਾਵੇਗਾ। ਏਡੀਸੀ ਨੇ ਦੱਸਿਆ ਕਿ ਇਨਾਂ 61 ਬੱਚਿਆਂ ਨੂੰ ਜੁਮਲਾ ਮਾਲਕਨ ਸਕੂਲ ’ਚ ਦਾਖਲ ਕੀਤਾ ਗਿਆ ਹੈ ਤੇ ਵਰਦੀਆਂ ਲਈ ਮੇਚਾ ਲਿਆ ਗਿਆ ਹੈ। ਮੁਫ਼ਤ ਵਰਦੀਆਂ ਤੋਂ ਬਿਨਾਂ ਇਨ੍ਹਾਂ ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ ਅਤੇ ਮਿਡ-ਡੇਅ-ਮੀਲ ਸਕੀਮ ਅਧੀਨ ਦੁਪਹਿਰ ਦਾ ਖਾਣਾ ਵੀ ਦਿੱਤਾ ਜਾਇਆ ਕਰੇਗਾ। ਇਸ ਤੋਂ ਬਿਨਾਂ ਬੱਚਿਆਂ ਨੂੰ ਘਰਾਂ ਤੋਂ ਸਕੂਲ ਲਿਜਾਣ ਦਾ ਪ੍ਰਬੰਧ ਵੀ ਪ੍ਰਸ਼ਾਸਨ ਵੱਲੋਂ ਕੀਤਾ ਜਾਵੇਗਾ ਤੇ ਬੱਚਿਆਂ ਨੂੰ ਆਵਾਜਾਈ ਦੀ ਸਹੂਲਤ ਮੁਫ਼ਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਨਾਂ ਬੱਚਿਆਂ ਲਈ ਦੋ ਅਧਿਆਪਕ ਨੂੰ ਵਿਸ਼ੇਸ਼ ਜ਼ਿੰਮੇਵਾਰੀ ਸੌਂਪੀ ਗਈ ਹੈ ਤੇ ਇਹ ਅਧਿਆਪਕ ‘ਪੜੋ ਪੰਜਾਬ’ ਤਹਿਤ ਬੱਚਿਆਂ ਦੇ ਗਿਆਨ ਦਾ ਪੱਧਰ ਘੋਖਣਗੇ ਤੇ ਪੜਾਉਣਗੇ ਅਤੇ ਉਮਰ ਦੇ ਹਿਸਾਬ ਨਾਲ ਇਨ੍ਹਾਂ ਨੂੰ ਦੋ ਮਹੀਨਿਆਂ ਬਾਅਦ ਜਮਾਤਾਂ ’ਚ ਦਾਖ਼ਲ ਕੀਤਾ ਜਾਵੇਗਾ। ਜੇਕਰ ਉਮਰ ਅਤੇ ਗਿਆਨ ਦਾ ਪੱਧਰ ਨਾ ਮੇਲ ਖਾਂਦਾ ਹੋਇਆ ਤਾਂ ਬੱਚਿਆਂ ਨੂੰ ਉਸ ਪੱਧਰ ’ਤੇ ਲਿਜਾਣ ਲਈ ਬਿ੍ਰਜ ਕੋਰਸ ਕਰਾਇਆ ਜਾਵੇਗਾ। ਇਸ ਮੌਕੇ ਐਸਡੀਐਮ ਗੋਪਾਲ ਸਿੰਘ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸੁਖਪਾਲ ਸਿੰਘ, ਡਿਪਟੀ ਡੀਈਓ (ਐਲੀਮੈਂਟਰੀ) ਵਸੁੰਦਰਾ ਕਪਿਲਾ ਤੇ ਆਰਟੀਈ ਕੰਪੋਨੈਂਟ ਇੰਚਾਰਜ ਭੁਪਿੰਦਰ ਸਿੰਘ ਤੇ ਸਕੂਲ ਸਟਾਫ਼ ਨੇ ਬੱਚਿਆਂ ਦਾ ਸਕੂਲ ’ਚ ਸਵਾਗਤ ਕੀਤਾ ਤੇ ਮਨ ਲਾ ਕੇ ਪੜਨ ਲਈ ਪ੍ਰੇਰਿਆ।

Gee98 Ads
error: Content is protected !!