Gee 98News

ਮਾਤਾ ਦੇ ਜਾਗਰਣ ਵਿੱਚ ਮਹਿਲ ਕਲਾਂ ਦੇ ਲੋਕਾਂ ਨੇ ਦਿੱਤਾ ਭਾਈਚਾਰਕ ਸਾਂਝ ਦਾ ਸਬੂਤ

-ਬੱਸ ਸਟੈਂਡ ਦੇ ਦੁਕਾਨਦਾਰਾਂ ਨੇ ਕਰਵਾਇਆ ਜਾਗਰਣ

ਮਹਿਲ ਕਲਾਂ, 28 ਸਤੰਬਰ (ਨਿਰਮਲ ਸਿੰਘ ਪੰਡੋਰੀ) :

ਅੱਸੂ ਮਹੀਨੇ ਦੇ ਪਵਿੱਤਰ ਨਵਰਾਤਿਆਂ ਮੌਕੇ ਸਥਾਨਕ ਬੱਸ ਸਟੈਂਡ ਦੇ ਸਮੁੱਚੇ ਦੁਕਾਨਦਾਰਾਂ ਵੱਲੋਂ ਵਿਸ਼ਾਲ ਜਾਗਰਣ ਕਰਵਾਇਆ ਗਿਆ। ਇਸ ਮੌਕੇ ਵਿਸ਼ਵ ਪ੍ਰਸਿੱਧ ਭਜਨ ਗਾਇਕ ਨੀਟੂ ਚੰਚਲ (ਕੈਥਲ ਵਾਲੇ) ਨੇ ਮਹਾਂਮਾਈ ਦੀਆਂ ਭੇਟਾਵਾਂ ਗਾਂ ਕੇ ਭਗਤਾਂ ਨੂੰ ਨਿਹਾਲ ਕੀਤਾ। ਮਾਤਾ ਦੀ ਜੋਤ ਪਰਚੰਡ ਕਰਨ ਦੀ ਸੇਵਾ ਰਾਜਿੰਦਰ ਕੁਮਾਰ ਜਿੰਦਲ ਨੇ ਨਿਭਾਈ। ਇਸ ਧਾਰਮਿਕ ਸਮਾਗਮ ਦੀ ਇੱਕ ਜ਼ਿਕਰਯੋਗ ਵਿਲੱਖਣਤਾ ਇਹ ਰਹੀ ਕਿ ਇਸ ਜਾਗਰਣ ਦੇ ਪ੍ਰਬੰਧਾਂ ਵਿੱਚ ਜਿੱਥੇ ਸਾਰੇ ਧਰਮਾਂ ਦੇ ਲੋਕਾਂ ਨੇ ਪੂਰੀ ਏਕਤਾ ਨਾਲ ਯੋਗਦਾਨ ਪਾਇਆ, ਉੱਥੇ ਹੀ ਸਾਰੇ ਧਰਮਾਂ ਦੇ ਲੋਕਾਂ ਨੇ ਦੇਰ ਰਾਤ ਤੱਕ ਜਾਗਰਣ ਵਿੱਚ ਹਾਜ਼ਰੀ ਵੀ ਭਰੀ, ਕਿਸੇ ਧਾਰਮਿਕ ਸਮਾਗਮ ਵਿੱਚ ਅਜਿਹਾ ਏਕਤਾ ਤੇ ਭਾਈਚਾਰਕ ਸਾਂਝ ਦਾ ਸਬੂਤ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਇਸ ਜਾਗਰਣ ਦੌਰਾਨ ਇੱਕ ਹੋਰ ਸ਼ਲਾਘਾਯੋਗ ਉੱਦਮ ਦੀ ਮਿਸਾਲ ਦਿੰਦੇ ਹੋਏ ਗਾਇਕ ਨੀਟੂ ਚੰਚਲ ਨੇ ਗਊਆਂ ਦੀ ਸਾਂਭ ਸੰਭਾਲ ਵੱਲ ਪ੍ਰੇਰਿਤ ਕਰਦੀ ਹੋਈ ਇੱਕ ਭੇਟਾ ਗਾਇਨ ਕੀਤੀ ਅਤੇ ਸੰਗਤਾਂ ਵਿੱਚ ਜਾ ਕੇ ਝੋਲੀ ਫੈਲਾ ਕੇ ਗਊਆਂ ਲਈ ਸਹਾਇਤਾ ਰਾਸ਼ੀ ਇਕੱਠੀ ਕੀਤੀ ਅਤੇ ਭੇਟਾ ਦੀ ਸਮਾਪਤੀ ’ਤੇ ਨੀਟੂ ਚੰਚਲ ਨੇ ਇਹ ਸਾਰੀ ਇਕੱਠੀ ਹੋਈ ਦਾਨ ਰਾਸ਼ੀ ਮਹਿਲ ਕਲਾਂ ਵਿਖੇ ਬਣੀ ਸਰਵਧਰਮ ਗਊਸ਼ਾਲਾ ਦੀ ਪ੍ਰਬੰਧਕ ਕਮੇਟੀ ਨੂੰ ਦੇ ਦਿੱਤੀ । ਨੀਟੂ ਚੰਚਲ ਦੇ ਇਸ ਉੱਦਮ ਦੀ ਜਾਗਰਣ ਵਿੱਚ ਸ਼ਾਮਲ ਸੰਗਤਾਂ ਨੇ ਸ਼ਲਾਘਾ ਕੀਤੀ। ਇਸ ਮੌਕੇ ਕਿਰਨ ਮਹੰਤ ਹਠੂਰ ਵਾਲੇ, ਬਾਬਾ ਜੰਗ ਸਿੰਘ ਦੀਵਾਨਾ, ਗਮਦੂਰ ਸਿੰਘ ਡੀਐਸਪੀ ਮਹਿਲ ਕਲਾਂ, ਕਮਲਜੀਤ ਸਿੰਘ ਗਿੱਲ ਐਸਐਚਓ ਮਹਿਲ ਕਲਾਂ ਨੇ ਵੀ ਮਾਤਾ ਦੇ ਦਰਬਾਰ ਦੀ ਹਾਜ਼ਰੀ ਭਰੀ। ਜਾਗਰਣ ਦੀ ਪ੍ਰਬੰਧਕ ਕਮੇਟੀ ਵਿੱਚ ਜਸਵੰਤ ਸਿੰਘ ਲਾਲੀ, ਲੱਕੀ ਅਗਰਵਾਲ, ਪੰਕਜ ਕੁਮਾਰ, ਮਨਦੀਪ ਕੁਮਾਰ ਚੀਕੂ ਅਤੇ ਰਾਹੁਲ ਕੌਂਸਲ ਨੇ ਜਾਗਰਣ ਦੇ ਸਮੁੱਚੇ ਪ੍ਰਬੰਧਾਂ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਮੌਕੇ ਮਾਤਾ ਦਾ ਭੰਡਾਰਾ ਅਤੁੱਟ ਵਰਤਿਆ।

Gee98 Ads
error: Content is protected !!