Skip to main content

Gee 98News

ਸਬ-ਡਵੀਜ਼ਨ ਮਹਿਲ ਕਲਾਂ : ਐਸਡੀਐਮ ਦੀ ਨਿਯੁਕਤੀ ਨੂੰ ਲੱਗ ਗਈਆਂ ਬਰੇਕਾਂ.. ..!

ਬਰਨਾਲਾ, 03 ਅਕਤੂਬਰ (ਨਿਰਮਲ ਸਿੰਘ ਪੰਡੋਰੀ) :

ਬਰਨਾਲਾ ਜ਼ਿਲ੍ਹੇ ’ਚ ਪੈਂਦੇ ਮਹਿਲ ਕਲਾਂ ਨੂੰ ਸਬ-ਡਵੀਜ਼ਨ ਬਣਾਉਣ ਸੰਬੰਧੀ ਢਿੱਲੀ ਸਰਕਾਰੀ ਪ੍ਰਕਿਰਿਆ ਤੋਂ ਲੋਕਾਂ ਵਿੱਚ ਨਿਰਾਸ਼ਤਾ ਪਾਈ ਜਾ ਰਹੀ ਹੈ। ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਹਿਲ ਕਲਾਂ ਨੂੰ ਸਬ-ਡਵੀਜ਼ਨ ਬਣਾਉਣ ਦਾ ਐਲਾਨ ਕੀਤਾ ਸੀ। ਕਾਂਗਰਸੀ ਪਰਿਵਾਰ ਨਾਲ ਸੰਬੰਧਿਤ ਕਾਰੋਬਾਰੀ ਨੌਜਵਾਨ ਸੁਸ਼ੀਲ ਕੁਮਾਰ ਬਾਂਸਲ ਦੀ ਚੰਨੀ ਪਰਿਵਾਰ ਨਾਲ ਨੇੜਤਾ ਦੀ ਬਦੌਲਤ ਮਹਿਲ ਕਲਾਂ ਨੂੰ ਸਬ-ਡਵੀਜ਼ਨ ਬਣਾਉਣ ਦੀ ਪ੍ਰਕਿਰਿਆ ਨੂੰ ਸੂਬੇ ’ਚ ਸੱਤਾ ਤਬਦੀਲੀ ਤੋਂ ਬਾਅਦ ਬਰੇਕਾਂ ਲੱਗਣ ਵਾਲੀ ਸਥਿਤੀ ਬਣੀ ਹੋਈ ਹੈ। ਸਬ-ਡਵੀਜ਼ਨ ਸੰਬੰਧੀ ਸਰਕਾਰੀ ਪੱਧਰ ’ਤੇ ਹੋਣ ਵਾਲਾ ਕੰਮਕਾਰ ਰੁਕ-ਰੁਕ ਕੇ ਅੱਗੇ ਵਧ ਰਿਹਾ ਹੈ। ਜਿਸ ਦੀ ਮਿਸਾਲ ਹੈ ਕਿ ਨਵੀਂ ‘ਆਪ’ ਸਰਕਾਰ ਦੇ 6 ਮਹੀਨੇ ਬੀਤਣ ਦੇ ਬਾਵਜੂਦ ਵੀ ਸਿਰਫ਼ ਇਕੱਲੇ ਤਹਿਸੀਲਦਾਰ ਨੇ ਹੀ ਮਹਿਲ ਕਲਾਂ ਵਿਖੇ ਜੁਆਇਨ ਕੀਤਾ ਹੈ, ਇਸ ਤੋਂ ਅੱਗੇ ਐਸਡੀਐਮ ਦੀ ਜੁਆਇਨਿੰਗ ਅਤੇ ਸੰਬੰਧਿਤ ਸਾਰੇ ਸਟਾਫ਼ ਦੀ ਤਾਇਨਾਤੀ ਸੰਬੰਧੀ ਪ੍ਰਕਿਰਿਆ ਅੱਗੇ ਨਹੀਂ ਵਧ ਰਹੀ। ਹਲਕਾ ਮਹਿਲ ਕਲਾਂ ਨਾਲ ਸੰਬੰਧਿਤ ਪੰਚਾਇਤਾਂ ਅਤੇ ਜਥੇਬੰਦੀਆਂ ਨੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਨਿੱਜੀ ਤੌਰ ’ਤੇ ਮਿਲ ਕੇ ਵੀ ਸਬ-ਡਵੀਜ਼ਨ ਦੇ ਕਾਰਜ ਨੂੰ ਜਲਦੀ ਨੇਪਰੇ ਚਾੜਨ ਲਈ ਲਿਖਤੀ ਦਰਖ਼ਾਸਤਾਂ ਵੀ ਦਿੱਤੀਆਂ ਪ੍ਰੰਤੂ ਅਜੇ ਤੱਕ ਐਸਡੀਐਮ ਦੀ ਨਿਯੁਕਤੀ ਸੰਬੰਧੀ ਕੋਈ ਕਾਰਵਾਈ ਨਹੀਂ ਹੋ ਰਹੀ। ਸੂਤਰਾਂ ਅਨੁਸਾਰ ਪ੍ਰਸਾਸ਼ਨ ਐਸਡੀਐਮ ਦਫ਼ਤਰ ਲਈ ਜਗਾ ਦੀ ਤਲਾਸ਼ ਵਿੱਚ ਹੈ ਪ੍ਰੰਤੂ ਸਿਰਫ਼ ਤਲਾਸ਼ ਤੋਂ ਬਿਨ੍ਹਾਂ ਕਦਮ ਅੱਗੇ ਨਹੀਂ ਵਧ ਰਹੇ ਕਿਉਂਕਿ ਸ਼ੁਰੂਆਤੀ ਤੌਰ ’ਤੇ ਕੰਮ ਚਲਾਉਣ ਲਈ ਕੁਝ ਇਮਾਰਤਾਂ ਐਸਡੀਐਮ ਦਫ਼ਤਰ ਲਈ ਉਪਲਬੱਧ ਹਨ ਜਿਨ੍ਹਾਂ ਬਾਰੇ ਜਥੇਬੰਦੀਆਂ ਦੇ ਆਗੂ ਡਿਪਟੀ ਕਮਿਸ਼ਨਰ ਨੂੰ ਜਾਣੂ ਵੀ ਕਰਵਾ ਚੁੱਕੇ ਹਨ। ਲੋਕਾਂ ਵੱਲੋਂ ਹਲਕਾ ਵਿਧਾਇਕ ਨੂੰ ਵੀ ਮਿਲ ਕੇ ਮਾਮਲਾ ਧਿਆਨ ਵਿੱਚ ਲਿਆਂਦਾ ਗਿਆ ਪੰ੍ਰਤੂ ਫਿਰ ਵੀ ਸਬ-ਡਵੀਜ਼ਨ ਦੀ ਗੱਡੀ ਬਿਨਾਂ ਕਿਸੇ ਕਾਰਨ ਤੋਂ ਰੁਕੀ ਹੋਈ ਹੈ ਅਤੇ ਲੋਕਾਂ ਨੂੰ ਸਬ-ਡਵੀਜ਼ਨ ਨਾਲ ਸੰਬੰਧਿਤ ਕੰਮਾਂਕਾਰਾਂ ਲਈ ਜ਼ਿਲ੍ਹਾ ਹੈੱਡ ਕੁਆਰਟਰ ਦੇ ਚੱਕਰ ਕੱਟਣੇ ਪੈ ਰਹੇ ਹਨ। ਡਿਪਟੀ ਕਮਿਸ਼ਨਰ ਦਫ਼ਤਰ ਤੋਂ ਜਾਣਕਾਰੀ ਮਿਲੀ ਹੈ ਕਿ ਸਬ-ਡਵੀਜ਼ਨ ਮਹਿਲ ਕਲਾਂ ਨੂੰ ਪੂਰਨ ਤੌਰ ’ਤੇ ਅਮਲੀਜਾਮਾ ਪਹਿਨਾਉਣ ਸੰਬੰਧੀ ਸਰਕਾਰ ਨੂੰ ਪੱਤਰ ਲਿਖਿਆ ਗਿਆ ਹੈ ਪਰ ਇਸ ਪੱਤਰ ਵੱਲ ਸਰਕਾਰ ਦੀ ਸਵੱਲੀ ਨਜ਼ਰ ਨਹੀਂ ਹੋਈ । ਕਾਂਗਰਸੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਸਬ ਡਵੀਜ਼ਨ ਦਾ ਦਰਜਾ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸੁਸ਼ੀਲ ਕੁਮਾਰ ਬਾਂਸਲ ਨੇ ਕਿਹਾ ਕਿ ਸਬ-ਡਵੀਜ਼ਨ ਸੰਬੰਧੀ ਅੱਧੇ ਤੋਂ ਵੱਧ ਕੰਮ ਕਾਂਗਰਸ ਸਰਕਾਰ ਮੌਕੇ ਹੀ ਪੂਰਾ ਹੋ ਚੁੱਕਾ ਸੀ ਹੁਣ ਤਾਂ ਸਿਰਫ ਐਸਡੀਐਮ ਦੀ ਨਿਯੁਕਤੀ ਦਾ ਕੰਮ ਹੀ ਬਾਕੀ ਹੈ ਜੇਕਰ ਸਰਕਾਰ ਚਾਹੇ ਤਾਂ ਐਸਡੀਐਮ ਦੀ ਨਿਯੁਕਤੀ ਤੁਰੰਤ ਹੋ ਸਕਦੀ ਹੈ ਅਤੇ ਮਹਿਲ ਕਲਾਂ ਵਿਖੇ ਸਬ-ਡਵੀਜ਼ਨ ਪੱਧਰ ਦੇ ਕੰਮ ਕਾਰ ਸ਼ੁਰੂ ਹੋ ਸਕਦੇ ਹਨ। ਬਹਰਹਾਲ ! ਸਬ ਡਵੀਜ਼ਨ ਮਹਿਲ ਕਲਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਪ੍ਰਕਿਰਿਆ ਊਠ ਦੇ ਬੁੱਲ ਵਾਂਗ ਲਟਕੀ ਹੋਈ ਹੈ ਅਤੇ ਲੋਕ ਊਠ ਦਾ ਇਹ ਬੁੱਲ ਡਿੱਗਣ ਦੀ ਉਡੀਕ ਕਰ ਰਹੇ ਹਨ।

error: Content is protected !!