ਬਰਨਾਲਾ, 10 ਅਕਤੂਬਰ (ਨਿਰਮਲ ਸਿੰਘ ਪੰਡੋਰੀ) :
ਪੰਜਾਬੀ ਗਾਇਕਾ ਜੈਨੀ ਜੌਹਲ ਦੇ ਸਿੱਧੂ ਮੂਸੇਵਾਲਾ ਸੰਬੰਧੀ ਗਾਏ ਗੀਤ ਨੇ ਮੂਸੇਵਾਲਾ ਕਤਲ ਕਾਂਡ ਦੇ ਜਖ਼ਮ ਹੋਰ ਹਰੇ ਕਰ ਦਿੱਤੇ ਹਨ। ਜੈਨੀ ਜੌਹਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁਖ਼ਾਤਿਬ ਹੋ ਕੇ ‘ਲੈਟਰ-ਟੂ-ਸੀਐਮ’ ਗੀਤ ਲਿਖਿਆ ਅਤੇ ਖ਼ੁਦ ਹੀ ਗਾਇਆ ਜਿਸ ਤੋਂ ਬਾਅਦ ਪੰਜਾਬ ਸਰਕਾਰ ਅੰਦਰ ਤਰਥੱਲੀ ਮੱਚੀ ਹੋਈ ਹੈ । ਜੈਨੀ ਜੌਹਲ ਦਾ ਇਹ ਗੀਤ ਯੂ-ਟਿਊਬ ਤੋਂ ਹਟਾ ਦਿੱਤਾ ਗਿਆ ਹੈ ਅਤੇ ਇਹ ਵੀ ਚਰਚਾ ਹੈ ਕਿ ਉਸ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਜਾ ਸਕਦਾ ਹੈ। ਜੈਨੀ ਜੌਹਲ ਨੇ ਆਪਣੇ ਗੀਤ ਵਿੱਚ ਪੰਜਾਬ ਸਰਕਾਰ ਖ਼ਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸੀਹਤ ਦਿੱਤੀ ਹੈ ਕਿ ਉਹ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਮਲੇ ਨੂੰ ਸੰਜੀਦਗੀ ਨਾਲ ਲੈਣ ਅਤੇ ਕਤਲ ਕਾਂਡ ਦੇ ਮਾਸਟਰਮਾਈਡਾਂ ਨੂੰ ਜਲਦੀ ਫੜਨ। ਗੀਤ ਦੀ ਵੀਡੀਓ ਵਿੱਚ ਮੁੱਖ ਮੰਤਰੀ ਦੇ ਘਰ ਸ਼ਹਿਨਾਈਆਂ ਦੇ ਦਿ੍ਸ਼ਾਂ ਨੇ ਕੁਝ ਵੱਡੇ ਸਵਾਲ ਖੜੇ ਕੀਤੇ ਹਨ, ਮੁੱਖ ਮੰਤਰੀ ਦੇ ਵਿਆਹ ਦੇ ਇਹ ਦਿ੍ਸ਼ ਮੌਕੇ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਨੂੰ ਜੈਨੀ ਜੌਹਾਲ ਦੇ ਗੀਤ ਵਿੱਚ ਨਹੀਂ ਜਚੇ ਪਰ ਇਸ ਸੱਚਾਈ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਸਰਕਾਰ ਸਿੱਧੂ ਮੂਸੇਵਾਲਾ ਕਤਲ ਕਾਂਡ ਸੰਬੰਧੀ ਜਿਸ ਤਰੀਕੇ ਨਾਲ ਕੰਮ ਕਰ ਰਹੀ ਹੈ ਉਸ ਤੋਂ ਅਜਿਹਾ ਲੱਗਦਾ ਹੈ ਕਿ ਸਰਕਾਰ ਇਸ ਕਤਲ ਕਾਂਡ ਦੀ ਤਹਿ ਤੱਕ ਕਦੇ ਨਹੀਂ ਪੁੱਜੇਗੀ ਜਾਂ ਪੁੱਜਣਾ ਹੀ ਨਹੀਂ ਚਾਹੁੰਦੀ । ਦੂਜੇ ਪਾਸੇ ਜੈਨੀ ਜੌਹਲ ਉੱਪਰ ਪੁਲਿਸ ਕਾਰਵਾਈ ਦੀ ਚਰਚਾ ਤੋਂ ਬਾਅਦ ਮੂਸੇਵਾਲਾ ਦੇ ਮਾਤਾ ਪਿਤਾ ਨੇ ਸਰਕਾਰ ਨੂੰ ਸਿੱਧੇ ਤੌਰ ’ਤੇ ਆਖ ਦਿੱਤਾ ਹੈ ਕਿ ਉਹ ਜੈਨੀ ਜੌਹਲ ਦੇ ਨਾਲ ਜੇਲ ਜਾਣਗੇ। ਜੈਨੀ ਜੌਹਲ ਦੇ ਗੀਤ ਨੇ ਭਾਵੇਂ ਸਰਕਾਰੀ ਧਿਰ ਨੂੰ ਤਕਲੀਫ਼ ਦਿੱਤੀ ਹੈ ਪਰ ਸੱਚਾਈ ਇਹੀ ਹੈ ਕਿ ‘ਲੈਟਰ-ਟੂ-ਸੀਐਮ’ ਗੀਤ ਵਿਚਲੀ ਭਾਵਨਾ ਸਿੱਧੂ ਮੂਸੇਵਾਲਾ ਦੇ ਹਰ ਪ੍ਰਸ਼ੰਸਕ ਦੇ ਮਨ ਵਿੱਚ ਹੈ ਜੋ ਜੈਨੀ ਜੌਹਲ ਦੇ ਗੀਤ ਤੋਂ ਬਾਅਦ ਭਾਂਬੜ ਬਣ ਕੇ ਮੱਚ ਰਹੀ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਉਨਾਂ ਨੂੰ ਕਿਸੇ ਦੇ ਘਰ ਵੱਜ ਰਹੀਆਂ ਸ਼ਹਿਨਾਈਆਂ ਤੋਂ ਕੋਈ ਦੁੱਖ ਨਹੀ ਪ੍ਰੰਤੂ ਸਰਕਾਰ ਉਨਾਂ ਦੇ ਵੈਣ ਨਹੀਂ ਸੁਣ ਰਹੀ। ਜੈਨੀ ਜੌਹਲ ਦੇ ਗੀਤ ਨੇ ਮੂਸੇਵਾਲਾ ਦੇ ਮਾਤਾ ਪਿਤਾ ਦੇ ਵੈਣਾਂ ਨੂੰ ਤਿੱਖੇ ਸ਼ਬਦਾਂ ’ਚ ਪਰੋ ਕੇ ਸਰਕਾਰ ਦੇ ਕੰਨਾਂ ਤੱਕ ਪੁੱਜਦਾ ਕੀਤਾ ਹੈ ਅਤੇ ਇਨ੍ਹਾਂ ਸ਼ਬਦਾ ਦੀ ਤਿੱਖੀ ਸੁਰ ਨੇ ਸਰਕਾਰੀ ਕੰਨਾਂ ਦੇ ਪਰਦੇ ਉੱਪਰ ਕਰਾਰੀ ਠੋਕਰ ਮਾਰੀ ਹੈ।










