Gee 98News

ਪੰਜਾਬੀ ਯੂਨੀਵਰਸਿਟੀ ਦਾ ਜੋਨ ਪੱਧਰੀ ਯੁਵਕ ਮੇਲਾ ਛੱਡ ਗਿਆ ਅਮਿੱਟ ਯਾਦਾਂ

-ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੇ ਮੁਹੰਮਦ ਸਦੀਕ ਨੇ ਕੀਤੀ ਵਿਸ਼ੇਸ਼ ਸ਼ਿਰਕਤ

ਰਾਮਪੁਰਾ, 10 ਅਕਤੂਬਰ (ਜੀ98 ਨਿਊਜ਼ ਸਰਵਿਸ) :

ਪੰਜਾਬੀ ਯੂਨੀਵਰਸਿਟੀ ਟੀਪੀਡੀ ਮਾਲਵਾ ਕਾਲਜ ਰਾਮਪੁਰਾ ਫੂਲ ਮਹਿਰਾਜ (ਬਠਿੰਡਾ) ਵਿਖੇ ਪੰਜਾਬੀ ਯੂਨੀਵਰਸਿਟੀ ਵੱਲੋਂ ਆਯੋਜਿਤ ਸ਼ਾਨਦਾਰ ਯੁਵਕ ਮੇਲਾ ਜਿਸ ਦਾ ਆਗਾਜ਼ ਵਾਈਸ ਚਾਂਸਲਰ ਪ੍ਰੋ ਡਾ. ਅਰਵਿੰਦ ਵੱਲੋਂ ਕੀਤਾ ਗਿਆ। ਇਸ ਯੁਵਕ ਮੇਲੇ ’ਚ ਪ੍ਰਸਿੱਧ ਉਸਤਾਦ ਫ਼ਨਕਾਰ ਤੇ ਐਮ.ਪੀ. ਫਰੀਦਕੋਟ ਜਨਾਬ ਮੁਹੰਮਦ ਸਦੀਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਲੁੱਡੀ ਤੇ ਝੂਮਰ ਦੇ ਮੁਕਾਬਲਿਆਂ ਦਾ ਆਨੰਦ ਮਾਣਿਆ। ਕਾਲਜ ਪਿ੍ਰੰਸੀਪਲ ਡਾ. ਬਰਿੰਦਰ ਕੌਰ ਅਤੇ ਦਰਸਕਾਂ ਦੀ ਉਚੇਚੀ ਫਰਮਾਇਸ਼ ’ਤੇ ਉਨਾਂ ਸਮੁੱਚੇ ਮਾਹੌਲ ਨੂੰ ਪ੍ਰੇਰਨਾਮਈ ਬਣਾਉਣ ਲਈ ਆਪਣਾ ਯਾਦਗਾਰੀ ਗੀਤ ਸਾਂਝਾ ਕੀਤਾ। ਉਨ੍ਹਾਂ ਨੇ ਕਾਲਜ ਦੀ ਬਿਹਤਰੀ ਲਈ 5 ਲੱਖ ਰੁਪਏ ਯੋਗਦਾਨ ਵਜੋਂ ਦੇਣ ਦਾ ਐਲਾਨ ਵੀ ਕੀਤਾ। ਯੁਵਕ ਮੇਲੇ ਦੇ 8 ਅਕਤੂਬਰ ਦੇ ਸਮਾਗਮਾਂ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ਡੀਨ ਭਾਸ਼ਾਵਾਂ ਪ੍ਰੋਫੈਸਰ ਰਾਜਿੰਦਰਪਾਲ ਸਿੰਘ ਬਰਾੜ ਤੇ ਉਨਾਂ ਦੀ ਪਤਨੀ ਪ੍ਰੋਫੈਸਰ ਚਰਨਜੀਤ ਕੌਰ ਬਰਾੜ ਨੇ ਕੀਤੀ, ਜਦ ਕਿ ਡਾ. ਸੁਰਜੀਤ ਭੱਟੀ ਤੇ ਉਨ੍ਹਾਂ ਦੀ ਜੀਵਨ ਸਾਥੀ ਡਾ. ਬਲਵਿੰਦਰ ਕੌਰ ਭੱਟੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। 9 ਅਕਤੂਬਰ ਦੇ ਸਮਾਗਮਾਂ ਦੀ ਪ੍ਰਧਾਨਗੀ ਡਾ. ਲਾਭ ਸਿੰਘ ਖੀਵਾ ਸਾਬਕਾ ਪ੍ਰਿੰਸੀਪਲ ਟੀਪੀਡੀ ਮਾਲਵਾ ਕਾਲਜ ਅਤੇ ਉਨ੍ਹਾਂ ਦੀ ਪਤਨੀ ਸੱਚਪ੍ਰੀਤ ਕੌਰ ਨੇ ਕੀਤੀ । ਵਿਦਿਆਰਥੀਆਂ ਦੀ ਪੇਸ਼ਕਾਰੀ ਦੌਰਾਨ ਪ੍ਰਿੰਸੀਪਲ ਡਾ. ਵਰਿੰਦਰ ਕੌਰ ਦੇ ਵਿਸ਼ੇਸ਼ ਸੱਦੇ ਨੂੰ ਤਹਿ ਦਿਲੋਂ ਕਬੂਲਦਿਆਂ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ. ਅਮਰਜੀਤ ਸਿੰਘ ਸਿੱਧੂ ਨੇ ਵਿਦਿਆਰਥੀਆਂ ਨੂੰ ਆਪਣਾ ਅਸ਼ੀਰਵਾਦ ਦਿੱਤਾ ਅਤੇ ਸਟਾਫ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ।

Gee98 Ads

ਸਮੁੱਚੇ ਕਾਰਜਕ੍ਰਮ ਦੀ ਅਗਵਾਈ ਕਰਨ ਲਈ ਯੂਨੀਵਰਸਿਟੀ ਤੋਂ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਗਗਨ ਥਾਪਾ ਤੇ ਉਨ੍ਹਾਂ ਦੇ ਸਹਿਯੋਗੀ ਡਾ ਡੈਨੀ ਸ਼ਰਮਾ, ਡਾ. ਹਰਿੰਦਰ ਹੁੰਦਲ ਤੇ ਵਿਜੈ ਯਮਲਾ ਆਦਿ ਸਮੁੱਚੀ ਟੀਮ ਪੂਰੀ ਮੁਸ਼ਤੈਦੀ ਸਹਿਤ ਕਾਰਜਸ਼ੀਲ ਰਹੀ ਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਕਦਮ ਦਰ ਕਦਮ ਸੇਧ ਦਿੰਦੀ ਨਜ਼ਰ ਆਈ। 8 ਤੇ 9 ਅਕਤੂਬਰ ਨੂੰ ਹੋਏ ਵੱਖ ਵੱਖ ਮੁਕਾਬਲਿਆਂ ਵਿੱਚੋਂ ਮੇਜਬਾਨ ਕਾਲਜ ਦੀ ਟੀਮ ਅਤੇ ਐਸ.ਡੀ ਕਾਲਜ ਬਰਨਾਲਾ ਦੀ ਟੀਮ ਨੇ ਆਪਣੀ ਚੜਤ ਨੂੰ ਬਰਕਰਾਰ ਰੱਖਦਿਆਂ ਭੰਡ ਮੁਕਾਬਲੇ ਵਿੱਚ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ। ਨੁੱਕੜ ਨਾਟਕ ਵਿੱਚ ਯੂਨੀਵਰਸਿਟੀ ਕਾਲਜ ਢਿੱਲਵਾਂ ਦੀ ਟੀਮ ਨੇ ਪਹਿਲਾ ਤੇ ਟੀਪੀਡੀ ਮਾਲਵਾ ਕਾਲਜ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ । ਜਦ ਕਿ ਰੰਗੋਲੀ ਤੇ ਲਘੂ ਫ਼ਿਲਮਾਂ ਵਿਚੋਂ ਐੱਸ.ਡੀ ਕਾਲਜ ਦੀ ਟੀਮ ਪਹਿਲੇ ਅਤੇ ਟੀਪੀਡੀ ਮਾਲਵਾ ਕਾਲਜ ਦੀ ਟੀਮ ਦੂਸਰੇ ਸਥਾਨ ਤੇ ਰਹੀ। ਫੋਟੋਗ੍ਰਾਫੀ ਮੁਕਾਬਲੇ ਵਿੱਚ ਵੀ ਮੇਜ਼ਬਾਨ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਯੁਵਕ ਮੇਲੇ ’ਚ ਵੱਖ-ਵੱਖ ਮੁਕਾਬਲਿਆਂ ’ਚ ਐਸਡੀ ਕਾਲਜ ਬਰਨਾਲਾ ਦੇ ਵਿਦਿਆਰਥੀਆਂ ਦੀ ਪੇਸ਼ਕਾਰੀ ਸ਼ਲਾਘਾਯੋਗ ਰਹੀ, ਜਿਸ ’ਤੇ ਐੱਸਡੀ ਕਾਲਜ ਦੇ ਪਿ੍ਰੰਸੀਪਲ ਡਾ. ਰਮਾ ਸ਼ਰਮਾ ਤੇ ਯੂਥ ਕੋਆਰਡੀਨੇਟਰ ਪ੍ਰੋਫੈਸਰ ਨਿਰਮਲ ਗੁਪਤਾ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਦੂਜੇ ਤੇ ਤੀਜੇ ਦਿਨ ਦੇ ਸਾਰੇ ਹੀ ਮੁਕਾਬਲੇ ਬਹੁਤ ਦਿਲਚਸਪ ਤੇ ਉਤਸ਼ਾਹ ਭਰਪੂਰ ਰਹੇ ਅਤੇ ਇਹ ਯੁਵਕ ਮੇਲਾ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋਇਆ।

error: Content is protected !!