-ਕੋਰੋਨਾ ਸੰਬੰਧੀ ਕੀਤੀ ਤਿਆਰੀ ਮੀਟਿੰਗ
ਚੰਡੀਗੜ੍ਹ -ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੋਵਿਡ ਮਹਾਮਾਰੀ ਦੀ ਤਾਜ਼ਾ ਲਹਿਰ ਦੇ ਮੱਦੇਨਜ਼ਰ ਸੰਭਾਵਿਤ ਖ਼ਤਰੇ ਨਾਲ ਨਜਿੱਠਣ ਲਈ ਸੂਬਾ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ। ਪੰਜਾਬ ਸਿਵਲ ਸਕੱਤਰੇਤ ਵਿਖੇ ਆਪਣੇ ਦਫ਼ਤਰ ਵਿਚ ਮੁੱਖ ਮੰਤਰੀ ਨੇ ਕੋਵਿਡ ਸਬੰਧੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੱਦੀ ਮੀਟਿੰਗ ਦੌਰਾਨ ਸੂਬਾ ਸਰਕਾਰ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਨੇ ਕੋਵਿਡ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਾਰੀਆਂ ਵਿਦਿਅਕ ਸੰਸਥਾਵਾਂ, ਸਰਕਾਰੀ ਤੇ ਪ੍ਰਾਈਵੇਟ ਦਫ਼ਤਰਾਂ ਅਤੇ ਅੰਦਰੂਨੀ ਤੇ ਬਾਹਰੀ ਇਕੱਠਾਂ, ਮਾਲਜ਼, ਜਨਤਕ ਥਾਵਾਂ ਆਦਿ ਵਿਚ ਮਾਸਕ ਪਾਉਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ-19 ਤਹਿਤ ਸਾਵਧਾਨੀਆਂ ਵਜੋਂ ਸਮਾਜਿਕ ਦੂਰੀ, ਜਨਤਕ ਥਾਵਾਂ ਉਤੇ ਨਾ ਥੁੱਕਣ ਅਤੇ ਹੋਰ ਸਾਵਧਾਨੀਆਂ ਦੀ ਵਰਤੋਂ ਦੀ ਪੂਰੀ ਪਾਲਣਾ ਕੀਤੀ ਜਾਵੇ। ਉਨ੍ਹਾਂ ਸਿਹਤ ਵਿਭਾਗ ਨੂੰ ਇਹ ਯਕੀਨੀ ਬਣਾਉਣ ਲਈ ਆਖਿਆ ਕਿ ਜੇਕਰ ਕਿਸੇ ਵਿਅਕਤੀ ਵਿਚ ਕਰੋਨਾ ਦੇ ਲੱਛਣ ਸਾਹਮਣੇ ਆਉਂਦੇ ਹਨ ਤਾਂ ਕੋਵਿਡ ਟੈਸਟ ਕਰਵਾਉਣ ਦੇ ਨਾਲ-ਨਾਲ ਇਸ ਨਾਲ ਸਬੰਧਤ ਸਾਵਧਾਨੀਆਂ ਵੀ ਵਰਤੀਆਂ ਜਾਣ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਵੀ ਆਪੋ-ਆਪਣੇ ਜ਼ਿਲ੍ਹਿਆਂ ਵਿਚ ਪ੍ਰਬੰਧਾਂ ਦਾ ਲਗਾਤਾਰ ਜਾਇਜ਼ਾ ਲੈਣ ਲਈ ਆਖਿਆ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਕੋਵਿਡ ਦੀ ਕਿਸੇ ਵੀ ਤਰ੍ਹਾਂ ਦੀ ਸੰਭਾਵੀ ਸਥਿਤੀ ਨਾਲ ਨਿਪਟਣ ਲਈ ਪੰਜਾਬ ਸਰਕਾਰ ਸੂਬਾ ਪੱਧਰੀ ਕੰਟਰੋਲ ਰੂਮ ਸਥਾਪਤ ਕਰੇਗੀ। ਕੋਵਿਡ ਟੈਸਟ ਕਰ ਰਹੇ ਸਾਰੇ ਹਸਪਤਾਲਾਂ, ਲੈਬਾਰਟਰੀਆਂ, ਕੁਲੈਕਸ਼ਨ ਸੈਂਟਰਾਂ ਨੂੰ ਪੰਜਾਬ ਸਰਕਾਰ ਦੇ ਕੋਵਾ ਪੋਰਟਲ ਉਤੇ ਕੋਵਿਡ ਟੈਸਟਾਂ ਦੀਆਂ ਪਾਜ਼ੇਟਿਵ ਤੇ ਨੈਗੇਟਿਵ ਰਿਪੋਰਟਾਂ ਅਪਲੋਡ ਕੀਤੀਆਂ ਜਾਣ ਅਤੇ ਇਸ ਤੋਂ ਇਲਾਵਾ ਸਬੰਧਤ ਜ਼ਿਲ੍ਹਾ ਤੇ ਸੂਬਾ ਪੱਧਰ ਦੇ ਕੋਵਿਡ-19 ਸੈੱਲ ਨੂੰ ਟੈਸਟਾਂ ਬਾਰੇ ਮੁਕੰਮਲ ਜਾਣਕਾਰੀ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਦੀ ਕੋਵਿਡ-19 ਦੀ ਦੂਜੀ ਖੁਰਾਕ ਅਤੇ ਇਹਤਿਆਤੀ ਖੁਰਾਕ ਲਗਵਾਉਣ ਤੋਂ ਰਹਿੰਦੀ ਹੈ, ਉਨ੍ਹਾਂ ਨੂੰ ਛੇਤੀ ਤੋਂ ਛੇਤੀ ਇਹ ਖੁਰਾਕ ਲੈ ਲੈਣੀ ਚਾਹੀਦੀ ਹੈ। ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਆਖਿਆ ਕਿ ਇਸ ਸਬੰਧ ਵਿਚ ਸਰਕਾਰ ਦੇ ਫੈਸਲੇ ਨੂੰ ਸਖ਼ਤੀ ਨਾਲ ਲਾਗੂ ਕਰਨਾ ਚਾਹੀਦਾ ਹੈ ਅਤੇ ਇਸ ਦਾ ਅਮਲ ਕਰਵਾਇਆ ਜਾਵੇ।ਮੁੱਖ ਮੰਤਰੀ ਨੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਕੀਤੇ ਜਾ ਰਹੇ ਕੰਮਾਂ ਉਤੇ ਤਸੱਲੀ ਪ੍ਰਗਟ ਕੀਤੀ।ਉਨ੍ਹਾਂ ਇਸ ਗੱਲ ਉਤੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਹੁਣ ਤੱਕ 98 ਫੀਸਦੀ ਤੋਂ ਵੱਧ ਆਬਾਦੀ ਨੂੰ ਕੋਵਿਡ-19 ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ ਅਤੇ 86 ਫੀਸਦੀ ਆਬਾਦੀ ਦੇ ਦੂਜੀ ਖੁਰਾਕ ਵੀ ਲੱਗ ਚੁੱਕੀ ਹੈ ਪਰ ਉਨ੍ਹਾਂ ਫਿਰ ਵੀ ਲੋਕਾਂ ਨੂੰ ਕਿਹਾ ਕਿ ਸਾਨੂੰ ਨਵੀਂ ਲਹਿਰ ਦੇ ਫੈਲਾਅ ਨੂੰ ਰੋਕਣ ਲਈ ਪੂਰੀ ਤਰ੍ਹਾਂ ਚੌਕਸ ਰਹਿਣਾ ਚਾਹੀਦਾ ਹੈ।