ਬਰਨਾਲਾ 18 ਜਨਵਰੀ (ਨਿਰਮਲ ਸਿੰਘ ਪੰਡੋਰੀ)-
ਸਥਾਨਕ ਪੁਲਿਸ ਨੇ ਦੋ ਪੇਸ਼ੇਵਰ ਨਸ਼ਾ ਤਸਕਰਾਂ ਨੂੰ ਦੋ ਮਹਿੰਗੀਆਂ ਗੱਡੀਆਂ ਅਤੇ ਵੱਡੀ ਤਾਦਾਦ ਵਿੱਚ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ । ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਸੀ ਆਈ ਏ ਸਟਾਫ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੇ ਦੋ ਨਸ਼ਾ ਤਸਕਰਾਂ ਬੱਬੂ ਸਿੰਘ ਵਾਸੀ ਪਿੰਡ ਸ਼ੇਰਮਾਜਰਾ ਜ਼ਿਲ੍ਹਾ ਪਟਿਆਲਾ ਅਤੇ ਮਨਦੀਪ ਸਿੰਘ ਵਾਸੀ ਪਿੰਡ ਬਿੰਜਲਪੁਰ ਜ਼ਿਲਾ ਪਟਿਆਲਾ ਨੂੰ ਡੇਢ ਲੱਖ (150000) ਨਸ਼ੀਲੀਆਂ ਗੋਲੀਆਂ ਮਾਰਕਾ TRAMWEL SR 100 ਸਮੇਤ ਕਾਬੂ ਕੀਤਾ ਹੈ । ਉਨ੍ਹਾਂ ਦੱਸਿਆ ਕਿ ਦੋਸ਼ੀ ਬੱਬੂ ਸਿੰਘ ਤੋਂ ਇਕ ਗੱਡੀ ਸਕਾਰਪੀਓ ਨੰਬਰ PB 11 CL 6200 ਅਤੇ ਮਨਦੀਪ ਸਿੰਘ ਤੋਂ ਇਕ ਗੱਡੀ XUV PB 13BB 8666 ਵੀ ਬਰਾਮਦ ਕੀਤੀ ਹੈ, ਇਨ੍ਹਾਂ ਗੱਡੀਆਂ ਵਿਚ ਦੋਵੇਂ ਦੋਸ਼ੀ ਬਾਹਰੋਂ ਨਸ਼ਾ ਵਿਆਹ ਕੇ ਬਰਨਾਲਾ ਦੇ ਖੇਤਰ ਵਿੱਚ ਵੇਚਣ ਦਾ ਧੰਦਾ ਕਰਦੇ ਸਨ । ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਦੋਸ਼ੀ ਬੱਬੂ ਦੇ ਖਿਲਾਫ ਬਰਨਾਲਾ ਦੇ ਥਾਣਾ ਠੁੱਲੀਵਾਲ ‘ਚ ਪਹਿਲਾਂ ਵੀ ਇਕ ਮੁਕੱਦਮਾ ਦਰਜ ਹੈ ਅਤੇ ਮਨਦੀਪ ਸਿੰਘ ਦੇ ਖ਼ਿਲਾਫ਼ ਥਾਣਾ ਰੂੜੇਕੇ ਕਲਾਂ ਅਤੇ ਥਾਣਾ ਬਰਨਾਲਾ ‘ਚ ਦੋ ਮੁਕੱਦਮੇ ਦਰਜ ਹਨ। ਇਸ ਮੌਕੇ ਐਸਪੀ ਡੀ ਸ੍ਰੀ ਰਮਨੀਸ਼ ਕੁਮਾਰ ਚੌਧਰੀ ਅਤੇ ਇੰਸਪੈਕਟਰ ਬਲਜੀਤ ਸਿੰਘ ਇੰਚਾਰਜ CIA ਵੀ ਹਾਜ਼ਰ ਸਨ ।









