ਚੰਡੀਗੜ੍ਹ,13 ਦਸੰਬਰ-ਬੁੱਧਵਾਰ ਸੰਸਦ ਦੇ ਅੰਦਰ ਅਤੇ ਬਾਹਰ ਪ੍ਰਦਰਸ਼ਨ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਸਬੰਧੀ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ।ਸੂਤਰਾਂ ਦੇ ਅਨੁਸਾਰ ਇਸ ਮਾਮਲੇ ਵਿਚ ਕੁੱਲ 6 ਲੋਕ ਸ਼ਾਮਲ ਸਨ ਜਿਨਾਂ ਵਿੱਚੋਂ ਦੋ ਲੋਕ ਸਭਾ ਦੇ ਅੰਦਰ ਅਤੇ ਦੋ ਬਾਹਰ ਫੜੇ ਗਏ ਜਦਕਿ ਦੋ ਹੋਰ ਵਿਅਕਤੀ ਫਰਾਰ ਦੱਸੇ ਜਾ ਰਹੇ ਹਨ, ਉਨ੍ਹਾਂ ਦੀ ਤਲਾਸ਼ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਦੋਸ਼ੀ ਦਿੱਲੀ ਜਾਣ ਤੋਂ ਪਹਿਲਾਂ ਗੁਰੂਗ੍ਰਾਮ ਵਿੱਚ ਰੁਕੇ ਸਨ ਅਤੇ ਬੁੱਧਵਾਰ ਸਵੇਰੇ ਹੀ ਦਿੱਲੀ ਲਈ ਗੁਰੂਗ੍ਰਾਮ ਤੋਂ ਰਵਾਨਾ ਹੋਏ ਸਨ। ਇਨ੍ਹਾਂ ਦੇ ਨਾਂ ਸਾਗਰ, ਵਿਕਰਮ, ਲਲਿਤ, ਨੀਲਮ, ਅਮੋਲ ਅਤੇ ਮਨੋਰੰਜਨ ਹਨ। ਇਨ੍ਹਾਂ ਸਾਰੇ 6 ਲੋਕਾਂ ਨੇ ਦੇਰ ਰਾਤ ਗੁਰੂਗ੍ਰਾਮ ਵਿੱਚ ਮੀਟਿੰਗ ਕੀਤੀ ਸੀ, ਇਹ ਘਰ ਵਿਕਰਮ ਦਾ ਸੀ ਜਿੱਥੇ ਸੰਸਦ ਵਿੱਚ ਦਾਖ਼ਲ ਹੋਣ ਦੀ ਸਾਜ਼ਿਸ਼ ਰਚੀ ਗਈ ਸੀ। ਫੜੇ ਗਏ ਮੁਲਜ਼ਮਾਂ ਵਿੱਚ ਤਿੰਨ ਪੁਰਸ਼ ਅਤੇ ਇੱਕ ਔਰਤ ਸ਼ਾਮਲ ਹੈ। ਗ੍ਰਿਫ਼ਤਾਰ ਕੀਤੇ ਗਏ ਚਾਰੇ ਵਿਅਕਤੀ ਵੱਖ-ਵੱਖ ਸ਼ਹਿਰਾਂ ਦੇ ਰਹਿਣ ਵਾਲੇ ਹਨ, ਇਸ ਲਈ ਇਹ ਇਕ ਦੂਜੇ ਨੂੰ ਕਿਵੇਂ ਜਾਣਦੇ ਸਨ, ਇਹ ਸਭ ਤੋਂ ਵੱਡਾ ਸਵਾਲ ਹੈ। ਜੇ ਚਾਰੇ ਇੱਕ ਦੂਜੇ ਨੂੰ ਜਾਣਦੇ ਸਨ, ਤਾਂ ਉਨ੍ਹਾਂ ਦਾ ਮਕਸਦ ਕੀ ਸੀ ? ਉਨ੍ਹਾਂ ਨੇ ਕਿੰਨਾ ਸਮਾਂ ਪਹਿਲਾਂ ਸੰਸਦ ਵਿਚ ਦਾਖਲ ਹੋਣ ਦੀ ਯੋਜਨਾ ਬਣਾਈ ਸੀ ? ਕੀ ਉਹ ਕਿਸੇ ਸੰਸਥਾ ਨਾਲ ਜੁੜੇ ਹੋਏ ਹਨ ? ਸੰਸਦ ਦੇ ਅੰਦਰ ਅਤੇ ਬਾਹਰ ਹੰਗਾਮਾ ਕਰਨ ਵਾਲੇ ਚਾਰ ਦੋਸ਼ੀਆਂ ਦੀ ਪਛਾਣ ਨੀਲਮ, ਅਮੋਲ ਸ਼ਿੰਦੇ, ਸਾਗਰ ਸ਼ਰਮਾ ਅਤੇ ਮਨੋਰੰਜਨ ਡੀ ਵਜੋ ਹੋਈ ਹੈ। ਇਨ੍ਹਾਂ ਵਿੱਚੋਂ ਨੀਲਮ ਹਰਿਆਣਾ ਦੇ ਹਿਸਾਰ ਨੇੜੇ ਇੱਕ ਪਿੰਡ ਦੀ ਰਹਿਣ ਵਾਲੀ ਹੈ ਅਤੇ ਉਸ ਦੀ ਉਮਰ 42 ਸਾਲ ਹੈ। ਅਮੋਲ ਸ਼ਿੰਦੇ ਮਹਾਰਾਸ਼ਟਰ ਦੇ ਲਾਤੂਰ ਦਾ ਰਹਿਣ ਵਾਲਾ ਹੈ ਅਤੇ ਉਸ ਦੀ ਉਮਰ 25 ਸਾਲ ਹੈ ਜਦਕਿ ਸਾਗਰ ਸ਼ਰਮਾ ਅਤੇ ਮਨੋਰੰਜਨ ਡੀ ਕਰਨਾਟਕ ਦੇ ਰਹਿਣ ਵਾਲੇ ਹਨ ਪਰ ਦੋਵੇਂ ਵੱਖ-ਵੱਖ ਸ਼ਹਿਰਾਂ ਦੇ ਰਹਿਣ ਵਾਲੇ ਹਨ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੰਸਦ ‘ਚ ਸਮੋਗ ਅਟੈਕ ਕਰਨ ਵਾਲੇ ਚਾਰੇ ਦੋਸ਼ੀ ਇਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸਨ। ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਫੜੀ ਗਈ ਮਹਿਲਾ ਨੀਲਮ ਉੱਚ ਸਿੱਖਿਆ ਪ੍ਰਾਪਤ ਹੈ ਅਤੇ ਹਿਸਾਰ ਪੀਜੀ ਵਿੱਚ ਰਹਿ ਕੇ ਹਰਿਆਣਾ ਸਿਵਲ ਸਰਵਿਸਿਜ਼ ਪ੍ਰੀਖਿਆ ਦੀ ਤਿਆਰੀ ਕਰ ਰਹੀ ਹੈ।
ਉਸਨੇ ਦਿੱਲੀ ਦੇ ਕਿਸਾਨ ਅੰਦੋਲਨ ਵਿੱਚ ਵੀ ਸਰਗਰਮ ਭੂਮਿਕਾ ਨਿਭਾਈ ਸੀ।







