ਚੰਡੀਗੜ੍ਹ,9 ਮਾਰਚ, Gee98 news service
-ਪੰਜਾਬ ਪੁਲਿਸ ਦੇ ਇੱਕ ਇੰਸਪੈਕਟਰ, ਸਬ ਇੰਸਪੈਕਟਰ ਅਤੇ ਕੁਝ ਹੋਰ ਮੁਲਾਜ਼ਮਾਂ ‘ਤੇ ਸਮੂਹਿਕ ਜਬਰਜਨਾਹ ਦੇ ਦੋਸ਼ ਲੱਗੇ ਹਨ। ਇਹ ਗੰਭੀਰ ਦੋਸ਼ ਕਿਸੇ ਆਮ ਔਰਤ ਨੇ ਨਹੀਂ ਸਗੋਂ ਇੱਕ ਮਹਿਲਾ ਵਕੀਲ ਨੇ ਲਗਾਏ ਹਨ। ਇਹ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਇੱਕ ਮਹਿਲਾ ਵਕੀਲ ਨੇ ਸੀ.ਆਈ.ਏ. ਸਟਾਫ ਦੇ ਇੰਸਪੈਕਟਰ ਸਮੇਤ ਹੋਰ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਸਮੂਹਿਕ ਜਬਰਜਨਾਹ ਦੇ ਦੋਸ਼ ਲਾਏ ਹਨ। ਆਪਣੇ ਇਹਨਾਂ ਦੋਸ਼ਾਂ ਸਬੰਧੀ ਮਹਿਲਾ ਵਕੀਲ ਨੇ ਸ਼ੋਸਲ ਮੀਡੀਆ ‘ਤੇ ਵਾਇਰਲ ਕੀਤੀ ਇਕ ਵੀਡੀਓ ਕਲਿੱਪ ‘ਚ ਦੋਸ਼ ਲਾਇਆ ਕਿ ਇਹ ਮਾਮਲਾ ਬੀਤੇ 23 ਫਰਵਰੀ ਦਾ ਹੈ ਜਦੋਂ ਕਿ ਸੀ.ਆਈ.ਏ. ਸਟਾਫ-3 ਦੇ ਇੰਸਪੈਕਟਰ, ਸਬ ਇੰਸਪੈਕਟਰ ਤੇ ਹੋਰ ਪੁਲਿਸ ਮੁਲਾਜ਼ਮਾਂ ਨੇ ਰਾਤ ਭਰ ਉਸ ਨਾਲ ਸਮੂਹਿਕ ਜਬਰਜਨਾਹ ਕੀਤਾ, ਜਿਸ ਸਬੰਧੀ ਉਸਨੇ ਪੁਲਿਸ ਅਧਿਕਾਰੀਆ ਨੂੰ ਵੀ ਸ਼ਿਕਾਇਤ ਦਿੱਤੀ ਜਦੋਂ ਕਿ ਕੋਈ ਕਾਰਵਾਈ ਨਹੀਂ ਹੋਈ। ਉਸ ਨੇ ਦਸਿਆ ਕਿ ਉਸਦਾ ਭਰਾ ਦਿਵਿਆਂਗ ਹੈ ਅਤੇ ਪਿਤਾ ਦੀ ਮੌਤ ਹੋ ਚੁੱਕੀ ਹੈ। ਉਸਨੇ ਕਿਹਾ ਕਿ ਪੁਲਿਸ ਉਸਦੀ ਕੋਈ ਸੁਣਵਾਈ ਨਹੀਂ ਕਰ ਰਹੀ ਹੈ। ਵੀਡੀਓ ਕਲਿੱਪ ਵਿੱਚ ਮਹਿਲਾ ਵਕੀਲ ਇਹ ਕਹਿ ਰਹੀ ਹੈ ਕਿ ਜੇਕਰ ਉਸਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਗੁਰੂ ਘਰ ਜਾ ਕੇ ਅਰਦਾਸ ਕਰੇਗੀ ਤੇ ਮੁਲਜ਼ਮਾਂ ਨੂੰ ਸਜ਼ਾ ਦਿਵਾ ਕੇ ਰਹੇਗੀ | ਦੂਜੇ ਪਾਸੇ ਇਨ੍ਹਾਂ ਦੋਸ਼ਾਂ ਸੰਬੰਧੀ ਔਰਤਾਂ ਵਿਰੁੱਧ ਜੁਰਮ ਸੰਬੰਧੀ ਮਾਮਲਿਆਂ ਦੀ ਏ.ਸੀ.ਪੀ. ਤਿ੍ਪਤਾ ਸੂਦ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਪਰੰਤੂ ਇਸ ਦੀ ਜਾਂਚ ਉੱਚ ਪੁਲਿਸ ਅਧਿਕਾਰੀ ਕਰ ਰਹੇ ਹਨ।