ਬਰਨਾਲਾ 13 ਮਈ, (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਪੁਲਿਸ ਵੱਲੋਂ ਅੱਜ ਦਿਨ ਚੜਦੇ ਹੀ ਸੁੱਖਾ ਦੁਨੇਕੇ ਗੈਂਗਸਟਰ ਗਰੁੱਪ ਦੇ ਇੱਕ ਗੈਂਗਸਟਰ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸੁੱਖਾ ਦੁਨੇਕੇ ਗਰੁੱਪ ਨਾਲ ਸੰਬੰਧਿਤ ਗੈਂਗਸਟਰ ਲਵਪ੍ਰੀਤ ਸਿੰਘ ਟੱਲੇਵਾਲ ਇਲਾਕੇ ਵਿੱਚ ਸਰਗਰਮ ਹੈ ਜੋ ਕਿਸੇ ਗਤੀਵਿਧੀ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਹੈ। ਇਸ ਸੂਚਨਾ ਤੋਂ ਬਾਅਦ ਟੱਲੇਵਾਲ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਏਰੀਏ ਵਿੱਚ ਨਾਕਾਬੰਦੀ ਕੀਤੀ ਜਿੱਥੇ ਇੱਕ ਨਾਕੇ ‘ਤੇ ਇੱਕ ਬਿਨਾਂ ਨੰਬਰ ਮੋਟਰਸਾਈਕਲ ਸਵਾਰ ਨੂੰ ਰੁਕਣ ਦਾ ਇਸ਼ਾਰਾ ਪੁਲਿਸ ਨੇ ਕੀਤਾ ਤਾਂ ਮੋਟਰਸਾਈਕਲ ਸਵਾਰ ਨੇ ਪੁਲਿਸ ‘ਤੇ ਫਾਇਰਿੰਗ ਕੀਤੀ ਜਿਸ ਤੋਂ ਬਾਅਦ ਪੁਲਿਸ ਦੀ ਜਵਾਬੀ ਫਾਇਰਿੰਗ ਵਿੱਚ ਇੱਕ ਗੋਲੀ ਮੋਟਰਸਾਈਕਲ ਸਵਾਰ ਦੇ ਪੈਰ ਵਿੱਚ ਲੱਗੀ, ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਜ਼ਖ਼ਮੀ ਗੈਂਗਸਟਰ ਨੂੰ ਕਾਬੂ ਕੀਤਾ। ਐਸਐਸਪੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗੈਂਗਸਟਰ ਦੀ ਪਹਿਚਾਣ ਲਵਪ੍ਰੀਤ ਸਿੰਘ ਵਜੋਂ ਹੋਈ ਹੈ ਜੋ ਸੁੱਖਾ ਦੁਨੇਕੇ ਗਰੁੱਪ ਨਾਲ ਸੰਬੰਧਿਤ ਹੈ, ਇਹ 2023 ਵਿੱਚ ਅਰਮੀਨੀਆ ਚਲਿਆ ਗਿਆ ਸੀ ਗਿਆ ਸੀ ਉਸ ਤੋਂ ਬਾਅਦ ਦੁਬਈ ਚਲਾ ਗਿਆ ਤੇ ਦੁਬਈ ਤੋਂ ਬਾਅਦ 2024 ਵਿੱਚ ਵਾਪਸ ਇੰਡੀਆ ਆ ਕੇ ਅਪਰਾਧਿਕ ਗਤੀਵਿਧੀਆਂ ਵਿੱਚ ਸਰਗਰਮ ਸੀ। ਗੈਂਗਸਟਰ ਲਵਪ੍ਰੀਤ ਸਿੰਘ ਦੇ ਖ਼ਿਲਾਫ਼ ਮੋਗਾ ਅਤੇ ਬਰਨਾਲਾ ਜ਼ਿਲ੍ਹੇ ਵਿੱਚ ਇਰਾਦਾ ਕਤਲ ਕੇਸ, ਆਰਮਜ਼ ਐਕਟ ਅਤੇ ਫਿਰੌਤੀ ਦੇ ਕਈ ਮਾਮਲੇ ਪਹਿਲਾਂ ਵੀ ਦਰਜ ਹਨ। ਪੁਲਿਸ ਪਾਰਟੀ ਨੇ ਗੈਂਗਸਟਰ ਲਵਪ੍ਰੀਤ ਸਿੰਘ ਨੂੰ ਸੰਖੇਪ ਪੁਲਿਸ ਮੁਕਾਬਲੇ ਤੋਂ ਬਾਅਦ ਉਸ ਕੋਲੋਂ ਇੱਕ .30 ਬੋਰ ਦਾ ਪਿਸਤੌਲ ਹੈ ਅਤੇ ਕੁਝ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਐਸਐਸਪੀ ਨੇ ਦੱਸਿਆ ਕਿ ਜ਼ਖਮੀ ਗੈਂਗਸਟਰ ਲਵਪ੍ਰੀਤ ਸਿੰਘ ਨੂੰ ਫ਼ਿਲਹਾਲ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਉਸ ਤੋਂ ਪੁੱਛਗਿਛ ਦੇ ਅਧਾਰ ‘ਤੇ ਇਸ ਮਾਮਲੇ ‘ਚ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ।