ਬਰਨਾਲਾ,9 ਫਰਵਰੀ, Gee98 News service-
-ਇੱਕ ਪਾਸੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਗੈਂਗਸਟਰਾਂ/ਤਸਕਰਾਂ ਦੇ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ ਪ੍ਰੰਤੂ ਦੂਜੇ ਪਾਸੇ ਕੁਝ ਕਲਾਕਾਰ ਨੌਜਵਾਨਾਂ ਦੀਆਂ ਭਾਵਨਾਵਾਂ ਭੜਕਾਉਣ ਵਿੱਚ ਪੂਰਾ ਪੂਰਾ ਯੋਗਦਾਨ ਪਾ ਰਹੇ ਹਨ। ਭਾਵੇਂ ਕਿ ਮੁੱਖ ਮੰਤਰੀ ਬਣਨ ਤੋਂ ਤੁਰੰਤ ਬਾਅਦ ਭਗਵੰਤ ਮਾਨ ਨੇ ਹਥਿਆਰ, ਨਸ਼ਾ ਅਤੇ ਅਸ਼ਲੀਲਤਾ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਗੱਲ ਕਹੀ ਸੀ ਪ੍ਰੰਤੂ ਅਮਲ ਵਿੱਚ ਕੁਝ ਵੀ ਨਹੀਂ ਹੋਇਆ ਜਿਸ ਤੋਂ ਬਾਅਦ ਇਹਨਾਂ ਕਲਾਕਾਰਾਂ ਦੇ ਹੌਸਲੇ ਬੁਲੰਦ ਹਨ ਅਤੇ ਇੱਕ ਤੋਂ ਬਾਅਦ ਇੱਕ ਗੀਤ ਨਸ਼ੇ, ਹਥਿਆਰ ਅਤੇ ਅਸ਼ਲੀਲਤਾ ਨੂੰ ਪ੍ਰਮੋਟ ਕਰਦਾ ਰਿਲੀਜ਼ ਹੋ ਰਿਹਾ ਹੈ। ਤਾਜ਼ਾ ਹਾਲਾਤਾਂ ਵਿੱਚ ਮਨਕੀਰਤ ਔਲਖ ਦਾ ਇੱਕ ਗੀਤ “ਅਸਲਾ” ਵਿਵਾਦਾਂ ਦਾ ਕਾਰਨ ਬਣਿਆ ਹੋਇਆ ਹੈ ਜਿਸ ਵਿੱਚ ਹਥਿਆਰਾਂ ਦੀ ਖੁੱਲ੍ਹ ਕੇ ਨੁਮਾਇਸ਼ ਕੀਤੀ ਗਈ ਹੈ। ਇਸੇ ਗੀਤ ਸਬੰਧੀ ਭਾਜਪਾ ਪੰਜਾਬ ਟਰੇਡ ਵਿੰਗ ਦੇ ਕੋ ਕਨਵੀਨਰ ਅਰਵਿੰਦ ਸ਼ਰਮਾ ਨੇ ਪੰਜਾਬ ਦੇ ਡੀਜੀਪੀ ਸ੍ਰੀ ਗੌਰਵ ਯਾਦਵ ਨੂੰ ਇੱਕ ਪੱਤਰ ਲਿਖ ਕੇ ਇਸ ਗੀਤ ‘ਤੇ ਰੋਕ ਲਗਾਉਣ ਅਤੇ ਇਸ ਨੂੰ ਯੂਟਿਊਬ ਤੋਂ ਹਟਾਉਣ ਦੀ ਮੰਗ ਵੀ ਕੀਤੀ ਹੈ। ਆਪਣੇ ਪੱਤਰ ਵਿੱਚ ਅਰਵਿੰਦ ਸ਼ਰਮਾ ਨੇ ਦਲੀਲ ਦਿੱਤੀ ਕਿ ਪੰਜਾਬ ਪਹਿਲਾਂ ਹੀ ਨਸ਼ਾ, ਗੈਂਗਵਾਰ ਅਤੇ ਨਜਾਇਜ਼ ਹਥਿਆਰਾਂ ਦੀਆਂ ਚੁਣੌਤੀਆਂ ਨਾਲ ਜੂਝ ਰਿਹਾ ਹੈ, ਅਜਿਹੇ ਹਾਲਾਤਾਂ ,ਚ ‘ਅਸਲਾ’ ਵਰਗੇ ਗੀਤ ਨੌਜਵਾਨਾਂ ਨੂੰ ਹਿੰਸਾ ਕਰਨ ਲਈ ਉਕਸਾਉਂਦੇ ਹਨ ਅਤੇ ਅਜਿਹੇ ਗੀਤ ਕਾਨੂੰਨ ਵਿਵਸਥਾ ਲਈ ਵੀ ਖ਼ਤਰਾ ਪੈਦਾ ਕਰਦੇ ਹਨ ਸ਼ਿਕਾਇਤ ਵਿੱਚ ਮੰਗ ਕੀਤੀ ਗਈ ਹੈ ਕਿ ਮਨਕੀਰਤ ਔਲਖ ਦੇ ਨਵੇਂ ਗੀਤ ‘ਅਸਲਾ’ ਨੂੰ ਤੁਰੰਤ ਸਾਰੇ ਡਿਜ਼ੀਟਲ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਹਟਵਾਇਆ ਜਾਵੇ।
ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਮਾਨਯੋਗ ਸੁਪਰੀਮ ਕੋਰਟ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਸਪੱਸ਼ਟ ਹੁਕਮਾਂ ਦੇ ਬਾਵਜੂਦ ਵੀ ਸੂਬੇ ‘ਚ ਅਸ਼ਲੀਲਤਾ, ਨਸ਼ੇ ਅਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ ‘ਤੇ ਪਾਬੰਦੀ ਲਗਾਉਣ ‘ਚ ਦਿਲਚਸਪੀ ਨਹੀਂ ਲੈ ਰਹੀ। ਮਾਨਯੋਗ ਅਦਾਲਤਾਂ ਨੇ ਸਪੱਸ਼ਟ ਕਿਹਾ ਹੈ ਕਿ ਬੋਲਣ ਦੀ ਆਜ਼ਾਦੀ ਦੇ ਨਾਮ ‘ਤੇ ਸਰਵਜਨਿਕ ਸ਼ਾਂਤੀ ਨੂੰ ਖ਼ਤਰੇ ਵਿੱਚ ਨਹੀਂ ਪਾਇਆ ਜਾ ਸਕਦਾ। ਡੀਜੀਪੀ ਨੂੰ ਲਿਖੇ ਪੱਤਰ ‘ਚ ਭਾਜਪਾ ਆਗੂ ਅਰਵਿੰਦ ਸ਼ਰਮਾ ਨੇ ਇਹ ਵੀ ਤਰਕ ਦਿੱਤਾ ਹੈ ਕਿ ਜਦੋਂ ਪੰਜਾਬ ਪੁਲਿਸ ਖ਼ੁਦ ਲੱਗਭੱਗ 7 ਹਜ਼ਾਰ ਅਸਲਾ ਲਾਈਸੈਂਸ ਰੱਦ ਕਰਨ ਦੀ ਗੱਲ ਕਰ ਰਹੀ ਹੈ ਤਾਂ ਅਸਲੇ ਨੂੰ ਪ੍ਰਮੋਟ ਕਰਨ ਵਾਲੇ ਗੀਤ ਕਿਵੇਂ ਚੱਲ ਰਹੇ ਹਨ। ਜ਼ਿਕਰਯੋਗ ਹੈ ਕਿ ਮਨਕੀਰਤ ਔਲਖ ਸ਼ੁਰੂ ਤੋਂ ਹੀ ਵਿਵਾਦਾਂ ਵਿੱਚ ਰਿਹਾ ਹੈ,ਫਰਵਰੀ 2020 ‘ਚ ਵੀ ਮਾਨਸਾ ਪੁਲਿਸ ਨੇ ਉਸ ਦੇ ਖ਼ਿਲਾਫ਼ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਸਬੰਧੀ ਐਫਆਈਆਰ ਦਰਜ ਕੀਤੀ ਸੀ। ਉਸਦੇ ਬਹੁਤੇ ਗੀਤ ਨਸ਼ਾ, ਅਸ਼ਲੀਲਤਾ ਅਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਹੀ ਹਨ।









