ਚੰਡੀਗੜ੍ਹ ,15 ਫਰਵਰੀ , Gee98 news service-
-ਪਿਛਲੇ ਕੁਝ ਦਿਨਾਂ ਤੋਂ ਰਾਜਨੀਤੀ ਵਿੱਚ ਸਿੱਧੀ ਦਖ਼ਲਅੰਦਾਜ਼ੀ ਸੰਬੰਧੀ ਚਰਚਾ ਦਾ ਕੇਂਦਰ ਬਣੇ ਰਾਧਾ ਸੁਆਮੀ ਸਤਿਸੰਗ ਬਿਆਸ ਡੇਰੇ ਵੱਲੋਂ ਇੱਕ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ। ਡੇਰਾ ਬਿਆਸ ਵੱਲੋਂ ਲਏ ਇਸ ਫੈਸਲੇ ਤੋਂ ਇਹ ਸੰਕੇਤ ਮਿਲਦਾ ਹੈ ਕਿ ਡੇਰੇ ਦੀਆਂ ਪਿਛਲੀਆਂ ਰਵਾਇਤਾਂ ਤੋਂ ਹਟ ਕੇ ਮੌਜੂਦਾ ਮੁਖੀ ਵੱਲੋਂ ਰਾਜਨੀਤੀ ਦੇ ਵਧੇਰੇ ਨੇੜੇ ਵਿਚਰਨ ਦੀ ਚਰਚਾ ਨੂੰ ਡੇਰਾ ਪ੍ਰਬੰਧਕਾਂ ਨੇ ਵੀ ਮਹਿਸੂਸ ਕੀਤਾ ਹੈ। ਡੇਰੇ ਵੱਲੋਂ ਲਏ ਨਵੇਂ ਫੈਸਲੇ ਅਨੁਸਾਰ ਹੁਣ ਡੇਰਾ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਵੀ.ਆਈ.ਪੀ. ਹਸਤੀਆਂ ਦੀਆਂ ਤਸਵੀਰਾਂ ਸਰਵਜਨਕ ਤੌਰ ‘ਤੇ ਜਾਰੀ ਨਹੀਂ ਕੀਤੀਆਂ ਜਾਣਗੀਆਂ, ਭਾਵ ਕੋਈ ਵੀ ਵੀਆਈਪੀ ਵਿਅਕਤੀ ਜਦ ਡੇਰੇ ਆਵੇਗਾ ਤਾਂ ਉਸਦੀਆਂ ਡੇਰਾਮੁਖੀ ਨਾਲ ਤਸਵੀਰਾਂ ਨੂੰ ਸੋਸ਼ਲ ਮੀਡੀਆ ਜਾਂ ਹੋਰ ਕਿਸੇ ਪਲੇਟਫਾਰਮ ‘ਤੇ ਜਨਤਕ ਨਹੀਂ ਕੀਤਾ ਜਾਵੇਗਾ। ਸੰਸਥਾ ਨਾਲ ਜੁੜੇ ਸਰੋਤਾਂ ਅਨੁਸਾਰ ਇਹ ਕਦਮ ਡੇਰੇ ਦੀ ਆਧਿਆਤਮਿਕ ਪਰੰਪਰਾ ਅਤੇ ਸਾਦਗੀ ਨੂੰ ਬਣਾਈ ਰੱਖਣ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਪਿਛਲੇ ਸਮੇਂ ਦੌਰਾਨ ਕਈ ਰਾਜਨੀਤਿਕ ਅਤੇ ਸਮਾਜਿਕ ਖੇਤਰ ਦੀਆਂ ਹਸਤੀਆਂ ਡੇਰਾ ਬਿਆਸ ਵਿਖੇ ਦਰਸ਼ਨ ਲਈ ਪਹੁੰਚਦੀਆਂ ਰਹੀਆਂ ਹਨ, ਜਿਨਾਂ ਦੀਆਂ ਡੇਰਾ ਮੁਖੀ ਨਾਲ ਤਸਵੀਰਾਂ ਸੋਸ਼ਲ ਮੀਡੀਆ ਜਾਂ ਹੋਰ ਪਲੇਟਫਾਰਮ ‘ਤੇ ਸਾਂਝੀਆਂ ਕੀਤੀਆਂ ਜਾਂਦੀਆਂ ਸਨ ਪਰੰਤੂ ਹੁਣ ਅਜਿਹਾ ਨਹੀਂ ਹੋਵੇਗਾ। ਡੇਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਡੇਰੇ ਦੀ ਮਰਿਆਦਾ ਅਤੇ ਨਿਯਮਾਂ ਦੀ ਪਾਲਣਾ ਕਰਨ ਅਤੇ ਸਤਿਸੰਗ ਦੌਰਾਨ ਫੋਟੋਗ੍ਰਾਫੀ ਤੋਂ ਪਰਹੇਜ਼ ਕਰਨ। ਇਸ ਫੈਸਲੇ ਨੂੰ ਲੈ ਕੇ ਸੰਗਤ ਵਿੱਚ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ, ਪਰ ਜ਼ਿਆਦਾਤਰ ਸੰਗਤ ਇਸ ਨੂੰ ਆਧਿਆਤਮਿਕ ਅਨੁਸ਼ਾਸਨ ਨੂੰ ਮਜ਼ਬੂਤ ਕਰਨ ਵਾਲਾ ਕਦਮ ਮੰਨ ਰਹੇ ਹਨ।










